ਆਸਟਰੇਲੀਆ: ਪਾਦਰੀ ’ਤੇ ਹਮਲੇ ਦੇ ਮਾਮਲੇ ’ਚ ਸੱਤ ਨਾਬਾਲਗ ਗ੍ਰਿਫ਼ਤਾਰ
ਸਿਡਨੀ, 24 ਅਪਰੈਲ
ਆਸਟਰੇਲੀਆ ਪੁਲੀਸ ਨੇ ਅੱਜ ਸਿਡਨੀ ’ਚ ਕਈ ਥਾਈਂ ਛਾਪੇ ਮਾਰ ਕੇ ਹਿੰਸਕ ਕੱਟੜਵਾਦੀ ਵਿਚਾਰਧਾਰਾ ਨੂੰ ਮੰਨਣ ਦੇ ਦੋਸ਼ ਹੇਠ ਸੱਤ ਨਾਬਾਲਗਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਪੁਲੀਸ ਨੇ ਲੋਕਾਂ ਨੂੰ ਸੰਭਾਵੀ ਹਮਲੇ ਤੋਂ ਬਚਾਉਣ ਲਈ ਇਹ ਕਾਰਵਾਈ ਕੀਤੀ ਹੈ। ਪੁਲੀਸ ਨੇ ਦੱਸਿਆ ਕਿ ਗ੍ਰਿਫ਼ਤਾਰ ਕੀਤੇ 15 ਤੋਂ 17 ਸਾਲ ਦੀ ਉਮਰ ਦੇ ਸੱਤ ਨੌਜਵਾਨ ਉਸ ਨੈੱਟਵਰਕ ਦਾ ਹਿੱਸਾ ਸਨ ਜਿਨ੍ਹਾਂ ਵਿੱਚ 15 ਅਪਰੈਲ ਨੂੰ ਸਿਡਨੀ ਦੇ ਇੱਕ ਗਿਰਜਾਘਰ ’ਚ ਪਾਦਰੀ ’ਤੇ ਚਾਕੂ ਨਾਲ ਹਮਲਾ ਕਰਨ ਦਾ ਮੁਲਜ਼ਮ 16 ਸਾਲਾਂ ਦਾ ਇੱਕ ਲੜਕਾ ਵੀ ਸ਼ਾਮਲ ਹੈ। ਸਾਂਝੀ ਅਤਿਵਾਦ ਰੋਕੂ ਟੀਮ ਨੇ ਅੱਜ ਦੇਰ ਰਾਤ ਤੱਕ ਪੰਜ ਹੋਰ ਨਾਬਾਲਗਾਂ ਤੋਂ ਪੁੱਛ ਪੜਤਾਲ ਕੀਤੀ। ਨਿਊ ਸਾਊਥ ਵੇਲਜ਼ ਪੁਲੀਸ ਦੇ ਡਿਪਟੀ ਕਮਿਸ਼ਨਰ ਡੇਵਿਡ ਹਡਸਨ ਨੇ ਕਿਹਾ ਕਿ 400 ਤੋਂ ਵੱਧ ਪੁਲੀਸ ਅਧਿਕਾਰੀਆਂ ਨੇ 13 ਤਲਾਸ਼ੀ ਵਾਰੰਟਾਂ ’ਤੇ ਦੱਖਣ-ਪੱਛਮੀ ਸਿਡਨੀ ’ਚ ਕਾਰਵਾਈ ਕੀਤੀ ਕਿਉਂਕਿ ਸ਼ੱਕੀਆਂ ਤੋਂ ਵੱਡਾ ਖ਼ਤਰਾ ਮੰਨਿਆ ਗਿਆ ਸੀ। ਹਡਸਨ ਨੇ ਕਿਹਾ, ‘‘ਅਸੀਂ ਗ੍ਰਿਫ਼ਤਾਰ ਵਿਅਕਤੀਆਂ ’ਤੇ ਇਹ ਦੋਸ਼ ਲਾਵਾਂਗੇ ਕਿ ਉਹ ਹਿੰਸਕ ਕੱਟੜਵਾਦੀ ਵਿਚਾਰਧਾਰਾ ਤੋਂ ਪ੍ਰੇਰਿਤ ਸਨ।’’ ਆਸਟਰੇਲੀਅਨ ਫੈਡਰਲ ਪੁਲੀਸ ਦੀ ਡਿਪਟੀ ਕਮਿਸ਼ਨਰ ਕ੍ਰਿਸੀ ਬੈਰੈੱਟ ਨੇ ਕਿਹਾ ਕਿ ਜਾਂਚਕਰਤਾਵਾਂ ਨੂੰ ਕਿਸੇ ਵਿਸ਼ੇਸ਼ ਨਿਸ਼ਾਨੇ ਜਾਂ ਇਰਾਦਤਨ ‘ਹਿੰਸਕ ਕਾਰਵਾਈ’ ਦਾ ਕੋਈ ਸਬੂਤ ਨਹੀਂ ਮਿਲਿਆ। ਉਨ੍ਹਾਂ ਆਖਿਆ ਕਿ ਇਹ ਅਪਰੇਸ਼ਨ ਵੀਰਵਾਰ ਨੂੰ ਮਨਾਏ ਜਾਣ ਵਾਲੇ ‘ਐਨਜ਼ਾਕ ਡੇਅ’ ਨਾਲ ਸਬੰਧਤ ਨਹੀਂ ਸੀ। ‘ਐਨਜ਼ਾਕ ਡੇਅ’ ਮੌਕੇ ਸਰਕਾਰੀ ਛੁੱਟੀ ਹੁੰਦੀ ਹੈ ਤੇ ਇਸ ਦਿਨ ਆਸਟਰੇਲਿਆਈ ਲੋਕ ਜੰਗ ’ਚ ਮਾਰੇ ਗਏ ਲੋਕਾਂ ਨੂੰ ਯਾਦ ਕਰਦੇ ਹਨ। ਆਸਟਰੇਲਿਆਈ ਸੰਘੀ ਅਦਾਲਤ ਦੇ ਜੱਜ ਨੇ ਪਾਦਰੀ ਐੱਮ.ਐੱਮ. ਇਮੈਨੂਅਲ ਨੂੰ ਚਾਕੂ ਮਾਰੇ ਜਾਣ ਦੀ ਘਟਨਾ ਵੀਡੀਓ ਸੋਸ਼ਲ ਮੀਡੀਆ ਪਲੈਟਫਾਰਮ ‘ਐਕਸ’ ਉੱਤੇ ਦਿਖਾਏ ਜਾਣ ’ਤੇ ਪਾਬੰਦੀ ਦੇ ਹੁਕਮ ਵਧਾ ਦਿੱਤੇ ਹਨ। -ਏਪੀ