For the best experience, open
https://m.punjabitribuneonline.com
on your mobile browser.
Advertisement

ਆਸਟਰੇਲੀਆ: ਮੰਦਰ ਦੀ ਦਿੱਖ ਵਿਗਾੜਨ ’ਚ ਪ੍ਰਬੰਧਕਾਂ ਦੀ ਭੂਮਿਕਾ ’ਤੇ ਉੱਠੇ ਸਵਾਲ

06:23 AM Sep 20, 2023 IST
ਆਸਟਰੇਲੀਆ  ਮੰਦਰ ਦੀ ਦਿੱਖ ਵਿਗਾੜਨ ’ਚ ਪ੍ਰਬੰਧਕਾਂ ਦੀ ਭੂਮਿਕਾ ’ਤੇ ਉੱਠੇ ਸਵਾਲ
ਕੁਈਨਜ਼ਲੈਂਡ ਦੇ ਇੱਕ ਮੰਦਰ ਦੀ ਕੰਧ ’ਤੇ ਲਿਖੇ ਗਏ ਨਾਅਰਿਆਂ ਦੀ ਪੁਰਾਣੀ ਫੋਟੋ।
Advertisement

* ਕੁਈਨਜ਼ਲੈਂਡ ਪੁਲੀਸ ਦੀ ਜਾਂਚ ਰਿਪੋਰਟ ਵਿੱਚ ਕੀਤੇ ਗਏ ਹਨ ਅਹਿਮ ਖੁਲਾਸੇ

* ਘਟਨਾ ਲਈ ਖਾਲਿਸਤਾਨ ਪੱਖੀਆਂ ਨੂੰ ਦੋਸ਼ੀ ਠਹਿਰਾਏ ਜਾਣ ਕਾਰਨ ਸਿੱਖ ਆਗੂ ਨੇ ਮੰਗੀ ਸੀ ਜਾਂਚ ਸਬੰਧੀ ਜਾਣਕਾਰੀ

ਗੁਰਚਰਨ ਸਿੰਘ ਕਾਹਲੋਂ
ਸਿਡਨੀ, 19 ਸਤੰਬਰ
ਆਸਟਰੇਲੀਆ ਦੀ ਕੁਈਨਜ਼ਲੈਂਡ ਸਟੇਟ ਪੁਲੀਸ ਨੇ ਬ੍ਰਿਸਬੇਨ ਦੇ ਇੱਕ ਮੰਦਰ ਦੀ ਕੰਧ ਦੀ ਦਿੱਖ ਵਿਗਾੜੇ ਜਾਣ ਦੇ ਮਾਮਲੇ ਦੀ ਕੀਤੀ ਗਈ ਜਾਂਚ ਦੀ ਰਿਪੋਰਟ ਰਿਲੀਜ਼ ਕੀਤੀ ਹੈ ਜਿਸ ਵਿੱਚ ਮੰਦਰ ਦੇ ਪ੍ਰਬੰਧਕਾਂ ਦੀ ਭੂਮਿਕਾ ’ਤੇ ਸੁਆਲ ਉਠਾਏ ਗਏ ਹਨ। ਪੁਲੀਸ ਅਧਿਕਾਰੀ ਨੇ ਦੱਸਿਆ ਕਿ ਪਹਿਲਾਂ ਮੰਦਰ ਦੇ ਪ੍ਰਬੰਧਕਾਂ ਨੇ ਹੀ ਇਸ ਦੀ ਸ਼ਿਕਾਇਤ ਕੀਤੀ ਸੀ ਅਤੇ ਹੁਣ ਮੰਦਰ ਦੇ ਪ੍ਰਬੰਧਕ ਜਾਂਚ ਵਿੱਚ ਸਹਿਯੋਗ ਨਹੀਂ ਕਰ ਰਹੇ, ਜਿਸ ਕਾਰਨ ਉਨ੍ਹਾਂ ਨੂੰ ਜਾਂਚ ਦੀ ਕਾਰਵਾਈ ਬੰਦ ਕਰਨੀ ਪਈ। ਵੇਰਵਿਆਂ ਅਨੁਸਾਰ ਕੁਈਨਜ਼ਲੈਂਡ ਪੁਲੀਸ ਨੇ ਬ੍ਰਿਸਬੇਨ ਮੰਦਰ ਦੀ ਬਾਹਰੀ ਕੰਧ ਦੀ ਦਿੱਖ ਵਿਗਾੜਨ ਸਬੰਧੀ ਕੀਤੀ ਗਈ ਜਾਂਚ ਦੇ ਦਸਤਾਵੇਜ਼ ਜਾਰੀ ਕੀਤੇ ਹਨ ਜਿਨ੍ਹਾਂ ਵਿੱਚ ਕਿਹਾ ਗਿਆ ਹੈ ਕਿ ਸ਼ਿਕਾਇਤਕਰਤਾਵਾਂ ਤੋਂ ਕੋਈ ਹੋਰ ਜਾਣਕਾਰੀ ਨਾ ਮਿਲਣ ਤੋਂ ਬਾਅਦ ਉਹ ਇਸ ਮਾਮਲੇ ਨੂੰ ਬੰਦ ਕਰਨ ਲਈ ਤਿਆਰ ਹਨ।
ਜ਼ਿਕਰਯੋਗ ਹੈ ਕਿ 3 ਮਾਰਚ ਦੀ ਰਾਤ ਨੂੰ ਮੰਦਰ ਦੀ ਕੰਧ ’ਤੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਇਤਰਾਜ਼ਯੋਗ ਗ੍ਰੈਫਿਟੀ ਬਣਾਈ ਗਈ ਸੀ। ਇਸ ਦਾ ਦੋਸ਼ ਖਾਲਿਸਤਾਨ ਪੱਖੀ ਕਾਰਕੁਨਾਂ ’ਤੇ ਲਾਇਆ ਗਿਆ ਸੀ ਪਰ ਪੁਲੀਸ ਨੂੰ ਜਾਂਚ ਵਿੱਚ ਅਜਿਹਾ ਕੁਝ ਨਹੀਂ ਮਿਲਿਆ। ਪੁਲੀਸ ਅਨੁਸਾਰ ਘਟਨਾ ਵੇਲੇ ਮੰਦਰ ਦੇ ਮੁੱਖ ਸੀਸੀਟੀਵੀ ਕੈਮਰੇ ਬੰਦ ਕਰ ਦਿੱਤੇ ਗਏ ਸਨ। ਉਨ੍ਹਾਂ ਸ਼ੱਕ ਪ੍ਰਗਟਾਇਆ ਕਿ ਇਹ ਕੈਮਰੇ ਘਟਨਾ ਤੋਂ ਕੁਝ ਸਮਾਂ ਪਹਿਲਾਂ ਜਾਣਬੁੱਝ ਕੇ ਬੰਦ ਕੀਤੇ ਗਏ ਸਨ। ਜਾਂਚ ਦੌਰਾਨ ਮੰਦਰ ਨਾਲ ਜੁੜੇ ਇੱਕ ਅਜਿਹੇ ਸ਼ੱਕੀ ਵਿਅਕਤੀ ਦਾ ਵੀ ਪਤਾ ਲੱਗਾ ਜੋ ਘਟਨਾ ਤੋਂ ਬਾਅਦ 4 ਮਾਰਚ ਨੂੰ ਸਿੱਖਾਂ ਦੀ ਰੈਲੀ ਵਿੱਚ ਸ਼ਾਮਲ ਹੋ ਗਿਆ ਸੀ।
ਆਸਟਰੇਲੀਆ ਦੀ ਪੁਲੀਸ ਨੇ ਸਿੱਖ ਕਾਰਕੁਨ ਅਤੇ ਲੇਖਕ ਭਬੀਸ਼ਨ ਸਿੰਘ ਗੁਰਾਇਆ ਵੱਲੋਂ ਮੰਗੀ ਗਈ ਸੂਚਨਾ ਦੇ ਆਧਾਰ ’ਤੇ ਜਾਂਚ ਦਸਤਾਵੇਜ਼ ਜਾਰੀ ਕੀਤੇ ਹਨ। ਗੁਰਾਇਆ ਨੇ ਦੋਸ਼ ਲਾਇਆ ਸੀ ਕਿ ਸਿੱਖਾਂ ’ਤੇ ਬਿਨਾਂ ਕਿਸੇ ਜਾਂਚ ਤੋਂ ਹੀ ਭੰਨਤੋੜ ਦੇ ਦੋਸ਼ ਲਾਏ ਗਏ ਅਤੇ ਸਿੱਖ ਭਾਈਚਾਰੇ ਨੂੰ ਬਦਨਾਮ ਕੀਤਾ ਗਿਆ ਹੈ। ਇਸ ਨਾਲ ਸਿੱਖ ਭਾਈਚਾਰੇ ਦੀ ਸਾਖ਼ ਨੂੰ ਕੌਮਾਂਤਰੀ ਪੱਧਰ ’ਤੇ ਢਾਹ ਲੱਗੀ ਹੈ। ਇਹ ਵੀ ਦੱਸਣਯੋਗ ਹੈ ਕਿ ਆਸਟਰੇਲੀਅਨ ਸੌਲੀਸਿਟਰ ਦੇ ਦਫ਼ਤਰ ਦੀ ਰਿਪੋਰਟ ਵਿੱਚ ‘ਸਿੱਖਸ ਫਾਰ ਜਸਟਿਸ’ ਬਾਰੇ ਸੀਨੀਅਰ ਜਾਸੂਸ ਨਿਕੋਲ ਡੋਇਲ ਵੱਲੋਂ ਸੁਰੱਖਿਆ ਖੁਫੀਆ ਅਧਿਕਾਰੀਆਂ ਨੂੰ ਦਿੱਤੇ ਗਏ ਇੱਕ ਹਵਾਲੇ ਦਾ ਵੀ ਜ਼ਿਕਰ ਕੀਤਾ ਗਿਆ ਹੈ। ਰਿਪੋਰਟ ਵਿੱਚ ਇੱਕ ਔਰਤ ਦਾ ਵੀ ਜ਼ਿਕਰ ਹੈ।

Advertisement

3 ਮਾਰਚ ਦੀ ਸ਼ਾਮ ਨੂੰ ਮੰਦਰ ਦੇ ਕੈਮਰੇ ਹੋ ਗਏ ਸਨ ਆਫਲਾਈਨ

ਪੁਲੀਸ ਦੀ ਜਾਂਚ ਰਿਪੋਰਟ ਅਨੁਸਾਰ ਘਟਨਾ ਤੋਂ ਪਹਿਲਾਂ ਮੰਦਰ ਦੇ ਸਾਰੇ ਕੈਮਰੇ 3 ਮਾਰਚ ਨੂੰ ਸ਼ਾਮ 6.30 ਵਜੇ ਦੇ ਕਰੀਬ ਆਫਲਾਈਨ ਹੋ ਗਏ ਸਨ। ਅਜਿਹਾ ਤਕਨੀਕੀ ਨੁਕਸ ਕਾਰਨ ਹੋ ਸਕਦਾ ਹੈ ਜਾਂ ਘਟਨਾ ਨੂੰ ਅੰਜਾਮ ਦੇਣ ਲਈ ਅਜਿਹਾ ਕੀਤਾ ਗਿਆ ਹੋਵੇਗਾ। ਜਾਂਚ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਕਿਸੇ ‘ਖਾਸ ਮਕਸਦ’ ਲਈ ਕੈਮਰੇ ਬੰਦ ਕੀਤੇ ਗਏ ਸਨ। ਮੰਦਰ ਪ੍ਰਬੰਧਕਾਂ ਅਨੁਸਾਰ ਜਦੋਂ ਇਕ ਸ਼ਰਧਾਲੂ 4 ਮਾਰਚ ਸਵੇਰੇ 8 ਵਜੇ ਮੱਥਾ ਟੇਕਣ ਆਇਆ ਤਾਂ ਉਸ ਨੇ ਘਟਨਾ ਬਾਰੇ ਜਾਣਕਾਰੀ ਦਿੱਤੀ। ਪੁਲੀਸ ਦੀ ਜਾਂਚ ਅਨੁਸਾਰ ਘਟਨਾ ਦੀ ਵੀਡੀਓ ਰਾਤ ਕਰੀਬ 10 ਵਜੇ ਸੋਸ਼ਲ ਮੀਡੀਆ ’ਤੇ ਪਾਈ ਗਈ। ਪੁਲੀਸ ਅਨੁਸਾਰ ਘਟਨਾ 3 ਮਾਰਚ ਨੂੰ ਰਾਤ ਕਰੀਬ 10 ਵਜੇ ਤੋਂ ਪਹਿਲਾਂ ਵਾਪਰੀ। ਅਗਲੇ ਦਿਨ ਸਵੇਰੇ ‘ਖਾਲਿਸਤਾਨ’ ਪੱਖੀ ਰੈਲੀ ਸੀ, ਜਿਸ ਵਿੱਚ ਰੁਕਾਵਟ ਪਾਉਣ ਅਤੇ ਹਿੰਦੂ-ਸਿੱਖ ਭਾਈਚਾਰੇ ਨੂੰ ਭੜਕਾਉਣ ਲਈ ਇਹ ਘਟਨਾ ਇਕ ਸਾਜ਼ਿਸ਼ ਵਜੋਂ ਪ੍ਰਤੀਤ ਹੁੰਦੀ ਹੈ।

Advertisement

Advertisement
Author Image

joginder kumar

View all posts

Advertisement