ਆਸਟਰੇਲੀਆ: ਪੁਲੀਸ ਵੱਲੋਂ ਬੇਅਦਬੀ ਕੇਸ ਵਿੱਚ ਇੱਕ ਗ੍ਰਿਫ਼ਤਾਰ
ਤੇਜਸ਼ਦੀਪ ਸਿੰਘ ਅਜਨੌਦਾ
ਮੈਲਬਰਨ, 7 ਸਤੰਬਰ
ਆਸਟਰੇਲੀਆ ਦੇ ਪਰਥ ਸ਼ਹਿਰ ਸਥਿਤ ਗੁਰੂ-ਘਰ ਅੱਗੇ ਬੇਅਦਬੀ ਦੇ ਮਾਮਲੇ ਵਿੱਚ ਪੁਲੀਸ ਨੇ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਸ਼ਹਿਰ ਦੇ ਕੈਨਿੰਗਵੇਲ ਇਲਾਕੇ ਦੇ ਗੁਰੂ-ਘਰ ਬਾਹਰ ਗੁਟਕਾ ਸਾਹਿਬ ਦੇ ਅੰਗ ਪਾੜੇ ਜਾਣ ਸਬੰਧੀ ਵੀਡੀਓ ਵਾਇਰਲ ਹੋਣ ਮਗਰੋਂ ਮੁਲਕ ਦੇ ਸਿੱਖ ਭਾਈਚਾਰੇ ਵਿੱਚ ਰੋਸ ਹੈ ਅਤੇ ਉਨ੍ਹਾਂ ਵੱਖ-ਵੱਖ ਸ਼ਹਿਰਾਂ ਵਿੱਚ ਮੀਟਿੰਗਾਂ ਕਰਕੇ ਅਗਲੇ ਕਦਮ ਚੁੱਕਣ ਸਬੰਧੀ ਪ੍ਰੋਗਰਾਮ ਉਲੀਕੇ ਸਨ। ਇਸ ਘਟਨਾ ਦੀ ਜਾਂਚ ਕਰ ਰਹੀ ਸੂਬਾ ਪੁਲੀਸ ਦੀ ਉੱਚ ਪੱਧਰੀ ਟੀਮ ਨੇ ਬਿਆਨ ਵਿੱਚ ਕਿਹਾ ਕਿ ਬੇਅਦਬੀ ਦੀ ਘਟਨਾ ਦੇ ਮਾਮਲੇ ਵਿੱਚ 20 ਸਾਲਾ ਮੁਲਜ਼ਮ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਅਤੇ ਮਾਮਲੇ ਦੀ ਡੂੰਘਾਈ ਨਾਲ ਜਾਂਚ ਚੱਲ ਰਹੀ ਹੈ। ਹਾਲਾਂਕਿ ਪੁਲੀਸ ਨੇ ਮੁਲਜ਼ਮ ਦੀ ਪਛਾਣ ਜਨਤਕ ਕਰਨ ਤੋਂ ਇਨਕਾਰ ਕਰ ਦਿੱਤਾ। ਪੁਲੀਸ ਨੇ ਮੁਲਜ਼ਮ ਖ਼ਿਲਾਫ਼ ‘ਨਸਲੀ ਤੌਰ ’ਤੇ ਪ੍ਰੇਸ਼ਾਨ ਕਰਨ ਦੇ ਇਰਾਦੇ’ ਦੇ ਅਪਰਾਧ ਤਹਿਤ ਕੇਸ ਦਰਜ ਕੀਤਾ ਹੈ। ਮੁੱਢਲੀ ਜਾਂਚ ਦੌਰਾਨ ਬੇਅਦਬੀ ਮਾਮਲੇ ਵਿੱਚ ਗ੍ਰਿਫ਼ਤਾਰ ਮੁਲਜ਼ਮ ਦੀ ਸ਼ਮੂਲੀਅਤ ਸਾਹਮਣੇ ਨਹੀਂ ਆਈ ਹੈ। ਪਰਥ ਪੁਲੀਸ ਨੇ ਸਿੱਖਾਂ ਵੱਲੋਂ ਮਿਲੇ ਸਹਿਯੋਗ ਦਾ ਧੰਨਵਾਦ ਕੀਤਾ ਹੈ। ਸਿੱਖ ਐਸੋਸੀਏਸ਼ਨ ਆਫ ਵੈਸਟਰਨ ਆਸਟਰੇਲੀਆ ਨੇ ਜਾਂਚ ਵਿੱਚ ਸਹਿਯੋਗੀ ਏਜੰਸੀਆਂ ਦਾ ਧੰਨਵਾਦ ਕੀਤਾ।