Australia News: ਸੜਕ 'ਤੇ ਬਹਿਸਣਾ ਭਾਰਤੀ ਜੋੜੇ ਨੂੰ ਪਿਆ ਭਾਰੀ; ਪੁਲੀਸ ਸਖ਼ਤੀ ਕਾਰਨ ਵਿਅਕਤੀ ਦੀ ਜਾਨ ’ਤੇ ਬਣੀ
ਔਰਤ ਅੰਮ੍ਰਿਤਪਾਲ ਕੌਰ ਦਾ ਦਾਅਵਾ ਕਿ ਉਸ ਦਾ ਸਾਥੀ ਕੁੰਡੀ ਸ਼ਰਾਬੀ ਸੀ, ਹਿੰਸਕ ਨਹੀਂ; ਪੁਲੀਸ ’ਤੇ ਲਾਏ ਨਾਇਨਸਾਫ਼ੀ ਦੇ ਦੋਸ਼; ਪੁਲੀਸ ਨੇ ਘਰੇਲੂ ਹਿੰਸਾ ਦਾ ਮਾਮਲਾ ਸਮਝ ਕੇ ਦਿੱਤਾ ਸੀ ਦਖ਼ਲ
ਪੰਜਾਬੀ ਟ੍ਰਿਬਿਊਨ ਵੈੱਬ ਡੈਸਕ
ਚੰਡੀਗੜ੍ਹ, 3 ਜੂਨ
ਪੁਲੀਸ ਨਾਲ ਹੋਈ ਹਿੰਸਕ ਘਟਨਾ ਤੋਂ ਬਾਅਦ, ਭਾਰਤੀ ਮੂਲ ਦਾ 42 ਸਾਲਾ ਵਿਅਕਤੀ ਗੌਰਵ ਕੁੰਡੀ ਆਸਟਰੇਲੀਆ ਦੇ ਐਡੀਲੇਡ ਦੇ ਇੱਕ ਹਸਪਤਾਲ ਵਿੱਚ ਜ਼ਿੰਦਗੀ-ਮੌਤ ਦੀ ਲੜਾਈ ਲੜ ਰਿਹਾ ਹੈ। ਦੋ ਬੱਚਿਆਂ ਦੇ ਪਿਤਾ ਕੁੰਡੀ ਦੇ ਦਿਮਾਗ ਅਤੇ ਗਰਦਨ ਦੀਆਂ ਗੰਭੀਰ ਸੱਟਾਂ ਲੱਗੀਆਂ ਹਨ ਅਤੇ ਉਹ ਜਾਨ-ਬਚਾਊ ਸਹਾਇਤਾ (life support) ਪ੍ਰਬੰਧ 'ਤੇ ਹੈ।
ਕੁੰਡੀ ਅਤੇ ਉਸਦੀ ਸਾਥਣ ਅੰਮ੍ਰਿਤਪਾਲ ਕੌਰ ਵੀਰਵਾਰ ਤੜਕੇ ਐਡੀਲੇਡ ਦੇ ਪੂਰਬੀ ਉਪਨਗਰ ਵਿੱਚ ਜ਼ੋਰਦਾਰ ਬਹਿਸ ਕਰ ਰਹੇ ਸਨ। ਅੰਮ੍ਰਿਤਪਾਲ ਕੌਰ ਦਾ ਦਾਅਵਾ ਹੈ ਕਿ ਕੁੰਡੀ ਸ਼ਰਾਬੀ ਸੀ, ਪਰ ਹਿੰਸਕ ਨਹੀਂ ਸੀ।
ਹਾਲਾਂਕਿ, ਉੱਥੋਂ ਲੰਘ ਰਹੀ ਪੁਲੀਸ ਨੂੰ ਇਹ ਘਰੇਲੂ ਹਿੰਸਾ ਦਾ ਮਾਮਲਾ ਜਾਪਿਆ ਤੇ ਉਨ੍ਹਾਂ ਨੇ ਦੋਹਾਂ ਦੇ ਮਾਮਲੇ ਵਿਚ ਦਖਲ ਦਿੱਤਾ। ਜਦੋਂ ਪੁਲੀਸ ਨੇ ਕੁੰਡੀ ਨੂੰ ਗ੍ਰਿਫ਼ਤਾਰ ਕਰਨ ਦੀ ਕੋਸ਼ਿਸ਼ ਕੀਤੀ ਤਾਂ ਮਾਮਲਾ ਹੱਥੋਪਾਈ ਤੱਕ ਪਹੁੰਚ ਗਿਆ। ਅੰਮ੍ਰਿਤਪਾਲ ਨੇ ਘਟਨਾ ਦੀ ਆਪਣੇ ਫ਼ੋਨ ਵਿਚ ਵੀਡੀਓ ਵੀ ਬਣਾਈ ਹੈ।
ਵੀਡੀਓ ਵਿੱਚ, ਕੁੰਡੀ ਨੂੰ ਉੱਚੀ-ਉੱਚੀ ਚੀਕਦਿਆਂ ਇਹ ਕਹਿੰਦੇ ਸੁਣਿਆ ਜਾ ਸਕਦਾ ਹੈ, "ਮੈਂ ਕੁਝ ਗਲਤ ਨਹੀਂ ਕੀਤਾ।" ਇਸ ਮੌਕੇ ਨਾਲ ਹੀ ਅੰਮ੍ਰਿਤਪਾਲ ਕੌਰ ਵੀ ਪੁਲੀਸ ਅਧਿਕਾਰੀਆਂ ਨੂੰ ਰੁਕਣ ਲਈ ਬੇਨਤੀ ਕਰਦੀ ਅਤੇ ਇਹ ਕਹਿੰਦੀ ਸੁਣਾਈ ਦੇ ਰਹੀ ਹੈ ਕਿ ਉਹ (ਪੁਲੀਸ ਮੁਲਾਜ਼ਮ) ‘ਬੇਇਨਸਾਫ਼ੀ’ ਕਰ ਰਹੇ ਹਨ।
ਗ੍ਰਿਫਤਾਰੀ ਦੌਰਾਨ ਪੁਲੀਸ ਮੁਲਾਜ਼ਮਾਂ ਨੇ ਕੁੰਡੀ ਨੂੰ ਜ਼ਮੀਨ 'ਤੇ ਸੁੱਟ ਦਿੱਤਾ ਗਿਆ। ਅੰਮ੍ਰਿਤਪਾਲ ਦਾ ਕਹਿਣਾ ਹੈ ਕਿ ਇੱਕ ਪੁਲੀਸ ਅਧਿਕਾਰੀ ਨੇ ਕੁੰਡੀ ਦਾ ਸਿਰ ਪੁਲੀਸ ਕਾਰ ਅਤੇ ਜ਼ਮੀਨ ਵਿੱਚ ਧੱਕ ਦਿੱਤਾ ਅਤੇ ਫਿਰ ਉਸਦੀ ਗਰਦਨ ਵਿੱਚ ਆਪਣਾ ਗੋਡਾ ਦਬਾ ਦਿੱਤਾ।
ਉਸਨੇ ਕਿਹਾ ਕਿ ਉਹ ਇਸ ਦੌਰਾਨ ਕਾਫ਼ੀ ਘਬਰਾ ਗਈ ਸੀ ਤੇ ਇਸ ਘਬਰਾਹਟ ਵਿਚ ਉਸ ਨੇ ਰਿਕਾਰਡਿੰਗ ਬੰਦ ਕਰ ਦਿੱਤੀ। ਉਸ ਪਿੱਛੋਂ ਕੁਝ ਪਲਾਂ ਬਾਅਦ, ਕੁੰਡੀ ਬੇਹੋਸ਼ ਹੋ ਗਿਆ।
ਰਾਇਲ ਐਡੀਲੇਡ ਹਸਪਤਾਲ ਦੇ ਡਾਕਟਰਾਂ ਦਾ ਕਹਿਣਾ ਹੈ ਕਿ ਕੁੰਡੀ ਦੇ ਦਿਮਾਗ ਨੂੰ ਗੰਭੀਰ ਨੁਕਸਾਨ ਹੋਇਆ ਹੈ ਅਤੇ ਉਸਦੀ ਗਰਦਨ ਦੀਆਂ ਨਸਾਂ ਨੂੰ ਸੱਟਾਂ ਲੱਗੀਆਂ ਹਨ।
ਦੱਖਣੀ ਆਸਟਰੇਲੀਆ ਸੂਬੇ ਦੀ ਪੁਲੀਸ ਹੁਣ ਮਾਮਲੇ ਜਾਂਚ ਕਰ ਰਹੀ ਹੈ। ਉਹ ਪੁਲੀਸ ਬਾਡੀ ਕੈਮਰਿਆਂ ਦੀ ਵੀਡੀਓ ਦੀ ਪੜਤਾਲ ਕਰ ਕੇ ਘਟਨਾ ਦਾ ਪਤਾ ਲਾਉਣ ਦੀ ਕੋਸ਼ਿਸ਼ ਕਰ ਰਹੇ ਹਨ।