ਆਸਟਰੇਲੀਆ: ਦੀਵਾਲੀ ਤੇ ਬੰਦੀ ਛੋੜ ਦਿਵਸ ਉਤਸ਼ਾਹ ਨਾਲ ਮਨਾਇਆ
ਹਰਜੀਤ ਲਸਾੜਾ
ਬ੍ਰਿਸਬਨ, 2 ਨਵੰਬਰ
ਆਸਟਰੇਲੀਆ ਦੇ ਵੱਖ-ਵੱਖ ਸ਼ਹਿਰਾਂ ਵਿੱਚ ਦੀਵਾਲੀ ਅਤੇ ਬੰਦੀ ਛੋੜ ਦਿਵਸ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ। ਹਿੰਦੂ ਸਮਾਜ ਨੇ ਮੰਦਰਾਂ ਵਿੱਚ ਦੇਵੀ ਲਕਸ਼ਮੀ ਅਤੇ ਭਗਵਾਨ ਗਣੇਸ਼ ਦੀ ਪੂਜਾ ਕੀਤੀ। ਬ੍ਰਿਸਬਨ ਵਿੱਚ ਗੁਰਦੁਆਰਾ ਸਿੰਘ ਸਭਾ ਟੈਗਮ, ਬ੍ਰਿਸਬਨ ਸਿੱਖ ਟੈਂਪਲ ਲੋਗਨ ਰੋਡ ਅਤੇ ਗੁਰੂ ਨਾਨਕ ਸਿੱਖ ਟੈਂਪਲ ਇਨਾਲਾ ਵਿੱਚ ਸਿੱਖ ਸੰਗਤ ਨਤਮਸਤਕ ਹੋਈ ਅਤੇ ਵਿਸ਼ੇਸ਼ ਦੀਵਾਨ ਸਜਾਏ ਗਏ। ਇਸ ਦੌਰਾਨ ਗੁਰਬਾਣੀ ਕੀਰਤਨ ਤੇ ਸਿੱਖ ਇਤਿਹਾਸ ਸਬੰਧੀ ਕਥਾ ਵਿਚਾਰਾਂ ਕੀਤੀਆਂ ਗਈਆਂ। ਆਸਟਰੇਲੀਆ ਦੀ ਗਵਰਨਰ ਜਨਰਲ ਸਾਮੰਥਾ ਮੋਸਟੀਨ ਨੇ ਦੀਵਾਲੀ ਦੀ ਸ਼ੁਰੂਆਤ ਦਾ ਜਸ਼ਨ ਮਨਾ ਰਹੀ ਹਿੰਦੂ ਕੌਂਸਲ ਆਫ਼ ਆਸਟਰੇਲੀਆ ਦੇ ਨਾਲ ਕੈਨਬਰਾ ਦੇ ਸਰਕਾਰੀ ਹਾਊਸ ਵਿੱਚ ਸਵੇਰ ਦੀ ਚਾਹ ਦੀ ਮੇਜ਼ਬਾਨੀ ਕੀਤੀ। ਸਿਡਨੀ ਵਿੱਚ ਭਾਰਤ ਦੇ ਕੌਂਸਲੇਟ ਜਨਰਲ ਅਤੇ ਸਵਾਮੀ ਵਿਵੇਕਾਨੰਦ ਕਲਚਰਲ ਸੈਂਟਰ ਨੇ ਨਿਊ ਸਾਊਥ ਵੇਲਜ਼ ਦੀ ਆਰਟ ਗੈਲਰੀ ਨਾਲ ਦੀਵਾਲੀ ਮਨਾਈ। ਹਿੰਦੂ ਕੌਂਸਲ ਆਫ਼ ਆਸਟਰੇਲੀਆ ਦੇ ਪ੍ਰਧਾਨ ਸਾਈ ਪਰਵਾਸਤੂ ਨੇ ਨਾਈਨ ਨਿਊਜ਼ ਨੂੰ ਦੱਸਿਆ ਕਿ ਆਸਟਰੇਲੀਆ ਵਿੱਚ ਲੱਖਾਂ ਭਾਰਤੀਆਂ ਨੇ ਦੀਵਾਲੀ ਮਨਾਈ। ਫੈਡਰਲ ਲੇਬਰ ਐੱਮਪੀ ਐਂਡ੍ਰਿਊ ਚਾਰਲਟਨ ਨੇ ਇਸ ਮਹੀਨੇ ਦੇ ਸ਼ੁਰੂ ਵਿੱਚ ਦੀਵਾਲੀ ਨੂੰ ਜਨਤਕ ਛੁੱਟੀ ਵਜੋਂ ਮਾਨਤਾ ਦੇਣ ਲਈ ਰਾਜ ਅਤੇ ਖੇਤਰੀ ਸਰਕਾਰਾਂ ਦੀ ਮੰਗ ਦਾ ਸਮਰਥਨ ਕੀਤਾ ਹੈ। ਉਨ੍ਹਾਂ ਅਨੁਸਾਰ ਇਹ ਉਹ ਤਿਓਹਾਰ ਹੈ ਜਿਸ ਦੇ ਮਹੱਤਵ ਨੂੰ ਪਛਾਣਨ ਦਾ ਇੱਕ ਵਧੀਆ ਮੌਕਾ ਹੈ।