Australia defeat India ਮਹਿਲਾ ਕ੍ਰਿਕਟ: ਆਸਟਰੇਲੀਆ ਨੇ ਇਕ ਰੋਜ਼ਾ ਲੜੀ ’ਤੇ ਕੀਤਾ ਕਬਜ਼ਾ
02:29 PM Dec 08, 2024 IST
ਬ੍ਰਿਸਬਨ, 8 ਦਸੰਬਰ
ਜੌਰਜੀਆ ਵੌਲ ਅਤੇ ਐਲਿਸ ਪੈਰੀ ਦੇ ਸੈਂਕੜਿਆਂ ਦੀ ਮਦਦ ਨਾਲ ਆਸਟਰੇਲੀਆ ਨੇ ਅੱਜ ਇੱਥੇ ਦੂਜੇ ਮਹਿਲਾ ਇਕ ਰੋਜ਼ਾ ਮੈਚ ਵਿੱਚ ਭਾਰਤ ਨੂੰ 122 ਦੌੜਾਂ ਨਾਲ ਹਰਾ ਕੇ ਤਿੰਨ ਮੈਚਾਂ ਦੀ ਲੜੀ ’ਚ 2-0 ਨਾਲ ਜੇਤੂ ਲੀਡ ਹਾਸਲ ਕੀਤੀ। ਆਪਣਾ ਦੂਜਾ ਇਕ ਰੋਜ਼ਾ ਮੈਚ ਖੇਡ ਰਹੀ ਬੱਲੇਬਾਜ਼ ਵੌਲ ਮਹਿਜ਼ 87 ਗੇਂਦਾਂ ਵਿੱਚ 101 ਦੌੜਾਂ ਦੀ ਪਾਰੀ ਨਾਲ ਕਰੀਅਰ ਦਾ ਪਹਿਲਾ ਸੈਂਕੜਾ ਮਾਰਨ ਵਿੱਚ ਸਫ਼ਲ ਰਹੀ ਜਦਕਿ ਪੈਰੀ ਨੇ 75 ਗੇਂਦਾਂ ’ਚ 105 ਦੌੜਾਂ ਬਣਾ ਕੇ ਭਾਰਤੀ ਗੇਂਦਬਾਜ਼ਾਂ ’ਤੇ ਦਬਾਅ ਬਣਾਇਆ।
ਆਸਟਰੇਲੀਆ ਨੇ ਪਹਿਲਾਂ ਬੱਲੇਬਾਜ਼ੀ ਦਾ ਫੈਸਲਾ ਕਰ ਕੇ ਅੱਠ ਵਿਕਟਾਂ ’ਤੇ 371 ਦੌੜਾਂ ਬਣਾਈਆਂ ਜੋ ਕਿ ਭਾਰਤ ਖ਼ਿਲਾਫ਼ ਉਸ ਦਾ ਸਭ ਤੋਂ ਵੱਡਾ ਸਕੋਰ ਹੈ। ਟੀਮ ਨੇ ਇਸ ਤੋਂ ਬਾਅਦ ਭਾਰਤ ਦੀ ਪਾਰੀ ਨੂੰ 45.5 ਓਵਰਾਂ ’ਚ 249 ਦੌੜਾਂ ’ਤੇ ਸਮੇਟ ਕੇ ਆਸਾਨ ਜਿੱਤ ਦਰਜ ਕੀਤੀ। ਮੈਚ ਤੋਂ ਬਾਅਦ ਭਾਰਤੀ ਕਪਤਾਨ ਹਰਮਨਪ੍ਰੀਤ ਕੌਰ ਨੇ ਕਿਹਾ, ‘‘ਅਸੀਂ ਵਿੱਚ-ਵਿਚਾਲੇ ਕੁਝ ਸਾਂਝੇਦਾਰੀਆਂ ਬਣਾਉਣ ਵਿੱਚ ਸਫ਼ਲ ਰਹੇ। ਇਸ ਮੈਚ ਵਿੱਚ ਸਾਡੀ ਮਾਨਸਿਕਤਾ ਸਕਾਰਾਤਮਕ ਸੀ, ਪਰ ਅਸੀਂ ਪਿੱਛੇ ਰਹਿ ਗਏ।’’
ਮੈਚ ਦੌਰਾਨ ਫੌਬੇ ਲਿਚਫੀਲਡ (60) ਅਤੇ ਵੌਲ ਦੀ ਜੋੜੀ ਨੇ 130 ਦੌੜਾਂ ਦੀ ਸਾਂਝੇਦਾਰੀ ਨਾਲ ਆਸਟਰੇਲੀਆ ਨੂੰ ਸ਼ਾਨਦਾਰ ਸ਼ੁਰੂਆਤ ਦਿਵਾਈ। ਵੌਲ ਨੇ ਇਸ ਤੋਂ ਬਾਅਦ ਦੂਜੇ ਵਿਕਟ ਲਈ ਪੈਰੀ ਨਾਲ ਮਿਲ ਕੇ 92 ਦੌੜਾਂ ਦੀ ਸਾਂਝੇਦਾਰੀ ਕੀਤੀ। ਵੌਲ ਦੇ ਆਉਣ ਹੋਣ ਤੋਂ ਬਾਅਦ ਪੈਰੀ ਨੇ ਹਮਲਾਵਰ ਬੱਲੇਬਾਜ਼ੀ ਜਾਰੀ ਰੱਖੀ ਅਤੇ ਬੈਥ ਮੂਨੀ (56) ਨਾਲ ਮਿਲ ਕੇ 98 ਦੌੜਾਂ ਦੀ ਸਾਂਝੇਦਾਰੀ ਕਰ ਕੇ ਭਾਰਤੀ ਗੇਂਦਬਾਜ਼ਾਂ ਨੂੰ ਵਾਪਸੀ ਦਾ ਮੌਕਾ ਨਹੀਂ ਦਿੱਤਾ। -ਪੀਟੀਆਈ
Advertisement
Advertisement