ਆਸਟਰੇਲੀਆ: ਆਂਧਰਾ ਪ੍ਰਦੇਸ਼ ਦੇ ਦੋ ਵਿਦਿਆਰਥੀਆਂ ਦੀ ਮੌਤ
ਗੁਰਚਰਨ ਸਿੰਘ ਕਾਹਲੋਂ
ਸਿਡਨੀ, 20 ਜੁਲਾਈ
ਝਰਨੇ ਵਿੱਚ ਨਹਾਉਣ ਗਏ ਆਂਧਰਾ ਪ੍ਰਦੇਸ਼ ਦੇ ਦੋ ਵਿਦਿਆਰਥੀਆਂ ਚੈਤਨਿਆ ਮੁਪਾਰਾਜੂ (28) ਅਤੇ ਸੂਰਿਆ ਤੇਜਾ ਬੋਬਾ (29) ਦੀ ਡੁੱਬਣ ਕਾਰਨ ਮੌਤ ਹੋ ਗਈ। ਦੋਹਾਂ ਨੂੰ ਬਚਾਉਣ ਦੀ ਕੋਸ਼ਿਸ਼ ਕਰਨ ਵਾਲਾ ਹਸਪਤਾਲ ’ਚ ਜ਼ੇਰੇ ਇਲਾਜ ਹੈ। ਕੁਈਨਜ਼ਲੈਂਡ ’ਚ ਮਿੱਲਾ ਮਿੱਲਾ ਫਾਲ (ਪਾਣੀ ਦਾ ਚਸ਼ਮਾ) ਦੇ ਪੂਲ ’ਚ ਨੌਜਵਾਨ ਤੈਰਾਕੀ ਕਰਦੇ ਸਮੇਂ ਪਾਣੀ ’ਚ ਡੁੱਬ ਗਏ। ਇਸ ਸਾਲ ਭਾਰਤੀਆਂ ਦੇ ਡੁੱਬਣ ਦੀ ਇਹ ਪੰਜਵੀਂ ਘਟਨਾ ਹੈ। ਦੋਵੇਂ ਨੌਜਵਾਨ ‘ਜੇਮਸ ਕੁੱਕ ਯੂਨੀਵਰਸਿਟੀ’ ਦੇ ਵਿਦਿਆਰਥੀ ਸਨ। ਦੋਹਾਂ ਦੀ ਅਚਾਨਕ ਮੌਤ ਕਾਰਨ ਪਰਿਵਾਰ, ਭਾਰਤੀ ਭਾਈਚਾਰਾ0 ਅਤੇ ਸਾਥੀ ਵਿਦਿਆਰਥੀ ਡੂੰਘੇ ਸਦਮੇ ’ਚ ਹਨ। ਭਾਈਚਾਰੇ ਨੇ ਪਰਿਵਾਰ ਦੀ ਆਰਥਿਕ ਮਦਦ ਲਈ ਇੱਕ ਲੱਖ ਡਾਲਰ ਤੋਂ ਵੱਧ ਦਾਨ ਰਾਸ਼ੀ ਇਕੱਤਰ ਕੀਤੀ ਹੈ। ਸਾਲ 2022 ਵਿੱਚ ਯੂਨੀਵਰਸਿਟੀ ਆਫ਼ ਨਿਊ ਸਾਊਥ ਵੇਲਜ਼ ਦੇ ਬੀਚ ਸੇਫਟੀ ਰਿਸਰਚ ਗਰੁੱਪ ਦੁਆਰਾ ਕੀਤੇ ਗਏ ਅਧਿਐਨ ਵਿੱਚ ਸਾਹਮਣੇ ਆਇਆ ਹੈ ਕਿ ਆਸਟਰੇਲੀਅਨ ਬੀਚਾਂ ’ਤੇ ਸਭ ਤੋਂ ਵੱਧ ਭਾਰਤੀਆਂ ਦੀਆਂ ਮੌਤਾਂ ਹੁੰਦੀਆਂ ਹਨ। ਸਰਕਾਰ ਵੱਲੋਂ ਵਿਦੇਸ਼ੀ ਪਾੜਿ੍ਹਆਂ ਨੂੰ ਵੀਜ਼ਾ ਦੇਣ ਤੋਂ ਪਹਿਲਾਂ ਤੈਰਾਕੀ ਦਾ ਗਿਆਨ ਹੋਣ ਦਾ ਸਬੂਤ ਮੰਗਿਆ ਜਾਂਦਾ ਹੈ।