For the best experience, open
https://m.punjabitribuneonline.com
on your mobile browser.
Advertisement

ਆਸਟਰੇਲੀਆ: ਰੂਸੀ ਮੂਲ ਦਾ ਜੋੜਾ ਜਾਸੂਸੀ ਦੇ ਦੋਸ਼ ਹੇਠ ਗ੍ਰਿਫ਼ਤਾਰ

07:12 AM Jul 15, 2024 IST
ਆਸਟਰੇਲੀਆ  ਰੂਸੀ ਮੂਲ ਦਾ ਜੋੜਾ ਜਾਸੂਸੀ ਦੇ ਦੋਸ਼ ਹੇਠ ਗ੍ਰਿਫ਼ਤਾਰ
Advertisement

ਗੁਰਚਰਨ ਸਿੰਘ ਕਾਹਲੋਂ
ਸਿਡਨੀ, 14 ਜੁਲਾਈ
ਪੁਲੀਸ ਨੇ ਦੋ ਰੂਸੀ ਮੂਲ ਦੇ ਆਸਟਰੇਲਿਆਈ ਨਾਗਰਿਕਾਂ ਨੂੰ ਜਾਸੂਸੀ ਦੇ ਦੋਸ਼ ਹੇਠ ਹਿਰਾਸਤ ਵਿੱਚ ਲਿਆ ਹੈ। ਉਨ੍ਹਾਂ ’ਤੇ ਆਸਟਰੇਲੀਆ ਦੀ ਰੱਖਿਆ ਸਬੰਧੀ ਸਮੱਗਰੀ ਬਾਰੇ ਜਾਣਕਾਰੀ ਮਾਸਕੋ ਵਿੱਚ ਅਧਿਕਾਰੀਆਂ ਨਾਲ ਸਾਂਝੀ ਕਰਨ ਦਾ ਦੋਸ਼ ਹੈ। ਪੁਲੀਸ ਅਨੁਸਾਰ ਲਗਪਗ 40 ਵਰ੍ਹਿਆਂ ਦੀ ਔਰਤ ਜੋ ਕਿ ਆਸਟਰੇਲੀਆ ਦੀ ਫੌਜ ਦੇ ਰੱਖਿਆ ਬਲ ਦੇ ਇੱਕ ਵਿਭਾਗ ’ਚ ਕੰਮ ਕਰਦੀ ਸੀ ਦਾ 62 ਵਰ੍ਹਿਆਂ ਦਾ ਪਤੀ ਉਸ ਪਾਸੋਂ ਸੰਵੇਦਨਸ਼ੀਲ ਜਾਣਕਾਰੀ ਹਾਸਲ ਕਰਦਾ ਸੀ। ਉਹ ਦੋਵੇਂ ਆਪਸੀ ਮਿਲੀਭੁਗਤ ਨਾਲ ਇਸ ਕਾਰੇ ਨੂੰ ਅੰਜਾਮ ਦੇ ਰਹੇ ਸਨ। ਹਾਲਾਂਕਿ ਜੋੜੇ ਦੀ ਪਛਾਣ ਜਨਤਕ ਨਹੀਂ ਕੀਤੀ ਗਈ ਹੈ।
ਆਸਟਰੇਲੀਅਨ ਫੈਡਰਲ ਪੁਲੀਸ ਅਨੁਸਾਰ ਮੁਲਜ਼ਮ ਔਰਤ ਨੇ ਆਪਣੇ ਪਤੀ ਨੂੰ ਆਪਣੇ ਅਧਿਕਾਰਤ ਖੇਤਰ ਵਿੱਚ ਆਉਂਦੇ ਕੰਮ ਦੇ ਅਕਾਊਂਟ ’ਚ ਕੰਪਿਊਟਰ ਸਿਸਟਮ ਰਾਹੀਂ ਲੌਗਇਨ ਕਰਨ ਤੇ ਸਿਸਟਮ ਦੀ ਜਾਣਕਾਰੀ ਨੂੰ ਰੂਸ ਵਿੱਚ ਨੂੰ ਪਹੁੰਚਾਉਣ ਸਬੰਧੀ ਸਿਖਲਾਈ ਦਿੱਤੀ ਹੈ। ਆਸਟਰੇਲਿਆਈ ਸੁਰੱਖਿਆ ਖੁਫੀਆ ਸੰਗਠਨ ਦੇ ਡਾਇਰੈਕਟਰ ਜਨਰਲ ਮਾਈਕ ਬਰਗੇਸ ਨੇ ਕਿਹਾ ਕਿ ਕਈ ਮੁਲਕ ਆਸਟਰੇਲੀਆ ਦੀ ਗੁਪਤ ਜਾਣਕਾਰੀ ’ਚ ਸੰਨ੍ਹ ਲਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਸੰਘੀ ਪੁਲੀਸ ਕਮਿਸ਼ਨਰ ਰੀਸ ਕੇਰਸ਼ੋ ਨੇ ਕਿਹਾ ਕਿ ਮੁਲਜ਼ਮ ਔਰਤ ਰੱਖਿਆ ਬਲ ਤੋਂ ਲੰਬੇ ਸਮੇਂ ਦੀ ਛੁੱਟੀ ’ਤੇ ਹੁੰਦੇ ਹੋਏ ਕਥਿਤ ਤੌਰ ’ਤੇ ਰੂਸ ਦਾ ਅਣ-ਐਲਾਨਿਆ ਦੌਰਾ ਕਰ ਰਹੀ ਸੀ। ਪੁਲੀਸ ਨੇ ਦੋਵਾਂ ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਜਾਂਚ ਲਈ ਰਿਮਾਂਡ ’ਤੇ ਲੈ ਲਿਆ ਹੈ।

Advertisement
Advertisement
Author Image

sukhwinder singh

View all posts

Advertisement
×