ਆਸਟਰੇਲੀਆ ਨੇ ਬੰਗਲਾਦੇਸ਼ ਨੂੰ ਅੱਠ ਵਿਕਟਾਂ ਨਾਲ ਹਰਾਇਆ
ਪੁਣੇ, 11 ਨਵੰਬਰ
ਮਿਸ਼ੇਲ ਮਾਰਸ਼ ਦੇ ਲਾਜਵਾਬ ਸੈਂਕੜੇ ਅਤੇ ਡੇਵਿਡ ਵਾਰਨਰ ਤੇ ਸਟੀਵ ਸਮਿੱਥ ਦੇ ਨੀਮ ਸੈਂਕੜਿਆਂ ਦੀ ਬਦੌਲਤ ਆਸਟਰੇਲੀਆ ਨੇ ਅੱਜ ਇੱਥੇ ਇੱਕ ਰੋਜ਼ਾ ਕ੍ਰਿਕਟ ਵਿਸ਼ਵ ਕੱਪ ਵਿੱਚ ਬੰਗਲਾਦੇਸ਼ ਨੂੰ ਅੱਠ ਵਿਕਟਾਂ ਨਾਲ ਹਰਾ ਦਿੱਤਾ। ਬੰਗਲਾਦੇਸ਼ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਅੱਠ ਵਿਕਟਾਂ ’ਤੇ 306 ਦੌੜਾਂ ਬਣਾਈਆਂ। ਆਸਟਰੇਲੀਆ ਨੇ 44.4 ਓਵਰਾਂ ਵਿੱਚ ਦੋ ਵਿਕਟਾਂ ਗੁਆ ਕੇ ਟੀਚਾ ਹਾਸਲ ਕਰ ਲਿਆ। ਮਾਰਸ਼ ਨੇ 132 ਗੇਂਦਾਂ ਵਿੱਚ 177 ਦੌੜਾਂ ਬਣਾਈਆਂ, ਜਦੋਂਕਿ ਵਾਰਨਰ (53 ਦੌੜਾਂ) ਅਤੇ ਸਮਿਥ (ਨਾਬਾਦ 63 ਦੌੜਾਂ) ਨੇ ਨੀਮ ਸੈਂਕੜੇ ਜੜੇ। ਬੰਗਲਾਦੇਸ਼ ਲਈ ਤਸਕੀਨ ਅਹਿਮਦ ਅਤੇ ਮੁਸਤਫਜਿ਼ੁਰ ਰਹਿਮਾਨ ਨੇ ਇੱਕ-ਇੱਕ ਵਿਕਟ ਹਾਸਲ ਕੀਤੀ। ਇਸ ਤੋਂ ਪਹਿਲਾਂ ਬੰਗਲਾਦੇਸ਼ ਲਈ ਤੌਹੀਦ ਹਰਿਦੌਏ ਨੇ 74 ਦੌੜਾਂ ਬਣਾਈਆਂ ਜਦਕਿ ਕਪਤਾਨ ਨਜ਼ਮੁਲ ਹੁਸੈਨ ਸ਼ੰਟੋ ਨੇ 45 ਦੌੜਾਂ ਦਾ ਯੋਗਦਾਨ ਪਾਇਆ। ਆਸਟਰੇਲੀਆ ਲਈ ਸਪਿੰਨਰ ਐਡਮ ਜ਼ੰਪਾ ਅਤੇ ਤੇਜ਼ ਗੇਂਦਬਾਜ਼ ਸੀਨ ਐਬੌਟ ਨੇ ਦੋ-ਦੋ ਵਿਕਟਾਂ ਝਟਕਾਈਆਂ। ਬੰਗਲਾਦੇਸ਼ ਨੇ ਆਪਣੀ ਮੁਹਿੰਮ ਇੱਕ ਹੋਰ ਹਾਰ ਨਾਲ ਖ਼ਤਮ ਕੀਤੀ ਹੈ। ਹੁਣ ਉਹ ਉਮੀਦ ਕਰੇਗੀ ਕਿ ਭਾਰਤ ਐਤਵਾਰ ਨੂੰ ਨੈਦਰਲੈਂਡਜ਼ ਨੂੰ ਹਰਾ ਦੇਵੇ ਤਾਂ ਕਿ ਉਹ ਪਾਕਿਸਤਾਨ ਵਿੱਚ ਹੋਣ ਵਾਲੀ ਚੈਂਪੀਅਨਜ਼ ਟਰਾਫ਼ੀ-2025 ਲਈ ਕੁਆਲੀਫਾਈ ਕਰਨ ਲਈ ਅੱਠਵੇਂ ਸਥਾਨ ’ਤੇ ਬਰਕਰਾਰ ਰਹੇ। -ਪੀਟੀਆਈ