ਆਸਟਰੇਲੀਆ: ਨਵਾਂਸ਼ਹਿਰ ਦੇ ਪਿੰਡ ਸਜਾਵਲਪੁਰ ਦੀ 12 ਸਾਲਾ ਲੇਖਿਕਾ ਐਸ਼ਲੀਨ ਖੇਲਾ ਨੂੰ ਰਾਜ ਪੁਰਸਕਾਰ
ਟ੍ਰਿਬਿਊਨ ਨਿਊਜ਼ ਸਰਵਿਸ
ਸਿਡਨੀ, 7 ਮਾਰਚ
ਸਿਡਨੀ ਦੀ ਜੰਮਪਲ ਅਤੇ ਪੰਜਾਬ ਦੇ ਜ਼ਿਲ੍ਹਾ ਨਵਾਂਸ਼ਹਿਰ ਦੀ ਤਹਿਸੀਲ ਬਲਾਚੌਰ ਦੇ ਪਿੰਡ ਸਜਾਵਲਪੁਰ ਨਾਲ ਸਬੰਧਤ ਆਸਟਰੇਲੀਆ ਦੀ ਸਭ ਤੋਂ ਛੋਟੀ ਉਮਰ ਦੀ ਲੇਖਿਕਾ ਐਸ਼ਲੀਨ ਖੇਲਾ ਨੂੰ ਨਿਊ ਸਾਊਥ ਵੇਲਜ਼ ਸੂਬੇ ਦੀ ਸਰਕਾਰ ਵੱਲੋਂ ਕੌਮਾਂਤਰੀ ਕਨਵੈਨਸ਼ਨ ਸੈਂਟਰ ਸਿਡਨੀ ਵਿੱਚ ਵਿਸ਼ਵ ਮਹਿਲਾ ਦਿਵਸ ਸਬੰਧੀ ਕਰਵਾਏ ਰਾਜ ਪੱਧਰੀ ਸਰਕਾਰੀ ਸਮਾਗਮ ਦੌਰਾਨ ਨਿਊ ਸਾਊਥ ਵੇਲਜ਼ ਵਿਮੈਨ ਆਫ ਦਿ ਯੀਅਰ (ਉਮਰ 7-15 ਸਾਲ ਵਰਗ) ’ਚ ਰਾਜ ਪੁਰਸਕਾਰ ਦੇ ਕੇ ਨਿਵਾਜਿਆ ਗਿਆ। ਇਹ ਪੁਰਸਕਾਰ ਸੂਬੇ ਦੀ ਮਹਿਲਾਵਾਂ ਦੇ ਮਾਮਲਿਆਂ ਬਾਰੇ ਮੰਤਰੀ ਜੋਡੀ ਹੈਰੀਸਨ ਵੱਲੋਂ ਦਿੱਤਾ ਗਿਆ। ਪੁਰਸਕਾਰ ਐਸ਼ਲੀਨ ਨੂੰ ਉਸ ਵੱਲੋਂ ਛੋਟੀ ਉਮਰੇ ਹੁਣ ਤਾਈਂ ਲਿਖੀਆਂ ਦੋ ਪੁਸਤਕਾਂ ਦੀ ਵਿਕਰੀ ਤੋਂ ਹੋਈ ਸਾਰੀ ਕਮਾਈ ਆਸਟਰੇਲੀਆ ਸਣੇ ਵਿਸ਼ਵ ਭਰ ਦੇ ਲੋੜਵੰਦ ਤੇ ਅਣਗੌਲੇ ਬੱਚਿਆਂ ਦੀ ਸਿਹਤ ਤੇ ਭਲਾਈ ਲਈ ਦਾਨ ਕੀਤੇ ਜਾਣ ਕਰ ਕੇ ਦਿੱਤਾ ਗਿਆ ਹੈ। ਸਮਾਗਮ ਤੋਂ ਤੁਰੰਤ ਬਾਅਦ ਨਿਊ ਸਾਊਥ ਵੇਲਜ਼ ਸੂਬੇ ਦੀ ਰਾਜਪਾਲ ਮਾਰਗਰੇਟ ਬੀਜ਼ਲੇਅ ਦੇ ਵਿਸ਼ੇਸ਼ ਸੱਦੇ ’ਤੇ ਐਸ਼ਲੀਨ ਰਾਜਪਾਲ ਦੀ ਸਰਕਾਰੀ ਰਿਹਾਇਸ਼ ਵਿਖੇ ਪੁੱਜੀ। ਐਸ਼ਲੀਨ ਨਾਲ ਵਿਸ਼ੇਸ਼ ਮੁਲਾਕਾਤ ਦੌਰਾਨ ਰਾਜਪਾਲ ਨੇ ਕਿਹਾ ਕਿ ਖੇਲਾ ਕਈ ਹੋਰ ਕੁੜੀਆਂ ਤੇ ਔਰਤਾਂ ਲਈ ਰੋਲ ਮਾਡਲ ਬਣੀ ਹੈ। ਜ਼ਿਕਰਯੋਗ ਹੈ ਕਿ ਐਸ਼ਲੀਨ ਖੇਲਾ ਨੇ 2019 ਵਿੱਚ ਆਪਣੀ ਪੰਜਾਬ ਫੇਰੀ ਦੌਰਾਨ ਸੜਕ ਕਿਨਾਰੇ ਝੁੱਗੀਆਂ ਵਿੱਚ ਰਹਿੰਦੇ ਪਰਵਾਸੀ ਮਜ਼ਦੂਰਾਂ ਦੇ ਬੱਚਿਆਂ ਨੂੰ ਮਿਲਣ ਤੋਂ ਬਾਅਦ ਉਨ੍ਹਾਂ ਦੀ ਮਦਦ ਕਰਨ ਲਈ ਅੱਠ ਸਾਲ ਦੀ ਉਮਰ ਵਿੱਚ ਲਿਖਣਾ ਸ਼ੁਰੂ ਕਰ ਦਿੱਤਾ ਸੀ ਅਤੇ ਅੱਜ ਉਹ ਆਪਣੀਆਂ ਕਿਤਾਬਾਂ ਰਾਹੀਂ ਗਰੀਬ ਬੱਚਿਆਂ ਦੀ ਮਦਦ ਕਰਨ ਵਾਲੀ ਲੇਖਿਕਾ ਵਜੋਂ ਜਾਣੀ ਜਾਂਦੀ ਹੈ।