ਰੁਜ਼ਗਾਰ ਦੀ ਮੰਗ ਲਈ ਆਊਸਟੀ ਪਰਿਵਾਰਾਂ ਵੱਲੋਂ ਪ੍ਰਦਰਸ਼ਨ
ਪੱਤਰ ਪ੍ਰੇਰਕ
ਪਠਾਨਕੋਟ, 9 ਜਨਵਰੀ
ਸ਼ਾਹਪੁਰਕੰਡੀ ਬੈਰਾਜ ਆਊਸਟੀ ਸੰਘਰਸ਼ ਕਮੇਟੀ ਦੇ ਆਗੂਆਂ ਮਹਿੰਦਰ ਸਿੰਘ ਤੇ ਡਾ. ਪ੍ਰਕਾਸ਼ ਚੰਦ ਦੀ ਅਗਵਾਈ ’ਚ ਲੋਕਾਂ ਨੇ ਆਪਣੇ ਰੁਜ਼ਗਾਰ ਦੀ ਮੰਗ ਲਈ ਡੈਮ ਪ੍ਰਸ਼ਾਸਨ ਦੇ ਚੀਫ ਇੰਜਨੀਅਰ ਦਫਤਰ ਮੂਹਰੇ ਸ਼ਾਹਪੁਰਕੰਡੀ ਵਿੱਚ ਪ੍ਰਦਰਸ਼ਨ ਕੀਤਾ। ਇਸ ਮੌਕੇ ਥੀਨ ਡੈਮ ਵਰਕਰਜ਼ ਯੂਨੀਅਨ ਸੀਟੀਯੂ ਦੇ ਪ੍ਰਧਾਨ ਜਸਵੰਤ ਸਿੰਘ ਸੰਧੂ ਵੀ ਸ਼ਾਮਲ ਹੋਏ।
ਪ੍ਰਦਰਸ਼ਨ ਵਿੱਚ ਆਏ ਹੋਏ ਪਰਿਵਾਰਾਂ ਨੇ ਦੱਸਿਆ ਕਿ ਸ਼ਾਹਪੁਰਕੰਡੀ ਡੈਮ (ਬੈਰਾਜ ਪ੍ਰੋਜੈਕਟ) ਦੀ ਬਣ ਰਹੀ ਝੀਲ ਲਈ ਪਿੰਡ ਸ਼ਾਹਪੁਰਕੰਡੀ, ਤਰੇਹਟੀ, ਅਡੇਲੀ, ਮੱਟੀ ਕੋਟ, ਅਦਿਆਲ, ਡੂੰਘ ਅਤੇ ਹੋਰ ਪਿੰਡਾਂ ਤੋਂ ਲੋਕਾਂ ਦੇ ਘਰਾਂ ਅਤੇ ਜ਼ਮੀਨ ਨੂੰ ਐਕੁਆਇਰ ਕੀਤਾ ਗਿਆ ਸੀ ਪਰ ਡੈਮ ਪ੍ਰਸ਼ਾਸਨ ਨੇ ਜ਼ਮੀਨ ਐਕੁਆਇਰ ਕਰਨ ਲਈ ਬਣਾਈ ਗਈ ਨੀਤੀ ਦੇ ਨਿਯਮਾਂ ਦਾ ਪਾਲਣ ਨਹੀਂ ਕੀਤਾ। ਇਸ ਕਰਕੇ ਕਿਸੇ ਵੀ ਪ੍ਰਭਾਵਿਤ ਪਰਿਵਾਰ ਦੇ ਮੈਂਬਰ ਨੂੰ ਰੁਜ਼ਗਾਰ ਨਹੀਂ ਦਿੱਤਾ ਗਿਆ ਹੈ। ਉਨ੍ਹਾਂ ਮੰਗ ਕੀਤੀ ਕਿ ਪ੍ਰਭਾਵਿਤ ਹੋਏ ਪਰਿਵਾਰਾਂ ਵਿੱਚੋਂ ਉਨ੍ਹਾਂ ਦੇ ਪ੍ਰਤੀ ਪਰਿਵਾਰ ਇਕ ਜੀਅ ਨੂੰ ਸਰਕਾਰੀ ਰੁਜ਼ਗਾਰ ਦਿੱਤਾ ਜਾਵੇ ਅਤੇ ਪੁਨਰਵਾਸ ਮੁਆਵਜ਼ਾ ਦਿੱਤਾ ਜਾਵੇ। ਇਸ ਮੌਕੇ ਪ੍ਰਵੀਨ ਸਿੰਘ ਥੜ੍ਹਾ ਉਪਰਲਾ, ਮੀਨਾ ਠਾਕੁਰ, ਆਦਰਸ਼, ਵਿਨੋਦ ਕੁਮਾਰੀ, ਸੁਨੀਤਾ ਦੇਵੀ, ਗੇਜਾ ਸਿੰਘ, ਸਾਬਕਾ ਸਰਪੰਚ ਰਮੇਸ਼ ਚੰਦ, ਰਾਕੇਸ਼ ਮਹਾਜਨ, ਜਤਿੰਦਰ ਸਿੰਘ, ਰਮੇਸ਼ ਸਿੰਘ ਆਦਿ ਵੀ ਹਾਜ਼ਰ ਸਨ।