For the best experience, open
https://m.punjabitribuneonline.com
on your mobile browser.
Advertisement

ਸੇਵੀਆਂ ਵਾਲੀ ਮਾਮੀ

07:31 AM Nov 16, 2023 IST
ਸੇਵੀਆਂ ਵਾਲੀ ਮਾਮੀ
Advertisement

ਗੁਰਬਿੰਦਰ ਸਿੰਘ ਮਾਣਕ
ਵਿਆਹ ਤੋਂ ਬਾਅਦ ਅਸੀਂ ਦੋਵੇਂ, ਜਦੋਂ ਵੀ ਘਰਵਾਲੀ ਦੇ ਨਾਨਕੇ ਘਰ ਜਾਂਦੇ ਤਾਂ ਉਹ ਸਾਰਾ ਪਰਿਵਾਰ ਬਹੁਤ ਆਦਰ-ਮਾਣ ਤੇ ਆਓ-ਭਗਤ ਕਰਦਾ। ਉਮਰਦਰਾਜ਼ ਹੋਏ ਨਾਨੀ-ਨਾਨੇ ਨੂੰ ਤਾਂ ਜਿਵੇਂ ਚਾਅ ਹੀ ਚੜ੍ਹ ਜਾਂਦਾ। ਸਾਡਾ ਦੋਵਾਂ ਦਾ ਮੂੰਹ ਪਲੋਸਦੇ, ਉਹ ਅਸੀਸਾਂ ਦੀ ਝੜੀ ਲਾ ਦਿੰਦੇ। ਨਾਨੀ ਵਾਰ ਵਾਰ ਸਭ ਨੂੰ ਆਵਾਜ਼ਾਂ ਮਾਰਦੀ, ‘‘ਪ੍ਰਾਹੁਣੇ ਲਈ ਬਿਸਤਰਾ ਵਿਛਾਓ ਭਾਈ।’ ਮਾਮੀ-ਮਾਮਾ ਵੀ ਸਾਡੀ ਟਹਿਲ-ਸੇਵਾ ਵਿਚ ਭੱਜੇ ਫਿਰਦੇ। ਪੁਰਾਣੇ ਵੇਲਿਆਂ ਦੀਆਂ ਗੱਲਾਂ ਕਰਦਾ ਨਾਨਾ ਲੜੀ ਨਾ ਟੁੱਟਣ ਦਿੰਦਾ। ਬੁਢਾਪੇ ਦੀ ਅਵਸਥਾ ਹੋਣ ਦੇ ਬਾਵਜੂਦ ਨਾਨਾ ਗੜ੍ਹਕਵੀਂ ਆਵਾਜ਼ ਵਿਚ ਗੱਲਾਂ ਕਰਦਾ। ਦੇਸ਼ ਵੰਡ ਵੇਲੇ ਪਏ ਰੌਲਿਆਂ ਦੀਆਂ ਗੱਲਾਂ ਕਰਦਾ ਉਹ ਘਟਨਾਵਾਂ ਨੂੰ ਇਕੋ-ਸਾਹੇ ਬਿਆਨ ਕਰੀ ਜਾਂਦਾ।
ਉਹਦੀ ਯਾਦਾਸ਼ਤ ’ਤੇ ਹੈਰਾਨੀ ਤੇ ਖੁਸ਼ੀ ਹੁੰਦੀ। ਨਾਨੀ ਕਦੇ ਕਦੇ ਟੋਕ ਵੀ ਦਿੰਦੀ, ‘‘ਬਸ ਕਰੋ ਹੁਣ...ਪ੍ਰਾਹੁਣੇ ਨੂੰ ’ਰਾਮ ਵੀ ਕਰਨ ਲੈਣ ਦਿਓ।’ ਮਾਮੀ,ਚਾਹ-ਦੁੱਧ ਲਿਆਉਂਦੀ ਤਾਂ ਨਾਨੀ ਝੱਟ ਬੋਲ ਪੈਂਦੀ, ‘‘ਪੁੱਤ, ਪ੍ਰਾਹੁਣੇ ਲਈ ਗੜਵੀ ਵਿਚ ਦੁੱਧ ਲਿਆਓ...ਨਾਲੇ ਵੱਡੇ ਗਿਲਾਸ ਵੀ ਲਿਆ... ਖਾਣ ਲਈ ਵੀ ਕੁਝ ਲਿਆਓ।’’ ਅਸੀਂ ਬਥੇਰਾ ਕਹਿੰਦੇ ਕਿ ਅਸੀਂ ਹੋਰ ਦੁੱਧ ਨਹੀਂ ਪੀਣਾ, ਪਰ ਸਾਡੀ ਗੱਲ ਕੋਈ ਨਾ ਸੁਣਦਾ।
ਚਾਹ-ਪਾਣੀ ਪੀ ਹਟਦੇ ਤਾਂ ਨਾਨੀ-ਨਾਨੇ ਨੂੰ ਸਾਡੀ ਬੇਆਰਾਮੀ ਦੀ ਚਿੰਤਾ ਹੋ ਜਾਂਦੀ। ਉਹ ਵਾਰ ਵਾਰ ਕਹਿੰਦੇ, ‘‘ਪੁੱਤ! ਤੁਸੀਂ ਥੱਕ ਗਏ ਹੋਣੇ ਆਰਾਮ ਕਰ ਲਓ।’’ ਮਾਮੀ ਤੇ ਹੋਰ ਮੈਂਬਰ ਰੋਟੀ-ਟੁਕ ਦੇ ਆਹਰ ਵਿਚ ਲੱਗੇ ਹੁੰਦੇ। ‘‘ਰੋਟੀ ਛੇਤੀ ਤਿਆਰ ਕਰੋ ਬਈ, ਪ੍ਰਾਹੁਣੇ ਨੂੰ ਭੁੱਖ ਲੱਗੀ ਹੋਣੀ ਆਂ।’’ ਘਰਵਾਲੀ ਨੇ ਨਾਨੀ ਨੂੰ ਬਥੇਰਾ ਕਹਿਣਾ ਕਿ ਅਸੀਂ ਹੁਣੇ ਤਾਂ ਦੁੱਧ ਪੀ ਕੇ ਹਟੇ ਹਾਂ, ਪਰ ਨਾਨੀ ਦੇ ਨਿਰਸਵਾਰਥ ਮੋਹ ਦੀ ਇਕੋ ਰੱਟ ਹੁੰਦੀ, ‘‘ਧੀਏ ਦੋ ਘੁੱਟ ਤਾਂ ਦੁੱਧ ਪੀਤਾ ਤੁਸੀਂ...ਭਲਾ ਇਹਦੇ ਨਾਲ ਵੀ ਭੁੱਖ ਲਹਿੰਦੀ ਆ ਕਿਤੇ।’’ ਨਾਨਾ ਵੀ ਆਪਣੇ ਵੇਲੇ ਦੀਆਂ ਗੱਲਾਂ ਛੋਹ ਬਹਿੰਦਾ, ‘‘ਕੀ ਕਹਿੰਦਾ ਕਾਕਾ...ਅਸੀਂ ਤਾਂ ਕੰਗਣੀ ਆਲੇ ਗਲਾਸ ਭਰ ਕੇ ਇਕੋ ਸਾਹੇ ਪੀ ਜਾਂਦੇ ਸੀ। ਦੇਸੀ ਘੇ ਵੀ ਕਿੰਨਾ ਕਿੰਨਾ ਖਾ ਜਾਈਦਾ ਸੀ, ਨਾਲ ਗੁੜ ਦੀ ਪੇਸੀ ਖਾ ਲੈਣੀ।’’ ਮੈਂ ਕਹਿੰਦਾ, ‘‘ਨਾਨਾ ਜੀ ਤੁਸੀਂ ਸਾਰਾ ਦਿਨ ਹੱਡ-ਭੰਨਵੀਂ ਮਿਹਨਤ ਕਰਦੇ ਸੀ ਜਿਸ ਨਾਲ ਸਭ ਕੁਝ ਹਜ਼ਮ ਹੋ ਜਾਂਦਾ ਸੀ।’’ ‘‘ਅਸੀਂ ਤਾਂ ਮੱਲਾ ਸਵੇਰੇ ਮੂੰਹ-ਨੇਰ੍ਹੇ ਹੀ ਬਲਦ ਜੋੜ ਕੇ, ਹਲ਼ ਤੇ ਹੋਰ ਸੰਦ-ਸੰਦੇੜਾ ਲੈ ਕੇ ਖੇਤ ਚਲੇ ਜਾਈਦਾ ਸੀ। ਦਿਨ ਚੜ੍ਹਨ ਤੱਕ ਤਾਂ ਅਸੀਂ ਚਾਰ ਕਨਾਲਾਂ ਖੇਤ ਵਾਹ ਲਈਦਾ ਸੀ।’’ ਆਪਣੇ ਸਮਿਆਂ ਦੀ ਕਰੜੀ ਮੁਸ਼ੱਕਤ ਦੇ ਕਿੱਸੇ ਸੁਣਾਉਂਦਾ ਨਾਨਾ ਗੱਲਾਂ ਵੀ ਸੁਣਾਈ ਜਾਂਦਾ ਤੇ ਹਾਸਾ-ਠੱਠਾ ਵੀ ਕਰੀ ਜਾਂਦਾ। ਬਦਲ ਰਹੇ ਸਮਿਆਂ ਕਾਰਨ ਅਜੋਕੀ ਪੀੜ੍ਹੀ ਦੀਆਂ ਬਦਲ ਰਹੀਆਂ ਆਦਤਾਂ ਨੂੰ ਵੀ ਉਹ ਭੰਡੀ ਜਾਂਦਾ।
ਰੋਟੀ-ਟੁੱਕ ਦੇ ਆਹਰ ਵਿਚ ਜੁਟੀ ਮਾਮੀ ਤੇ ਉਹਦੀਆਂ ਧੀਆਂ ਨਾਨੇ ਦੀਆਂ ਗੱਲਾਂ ਤੋਂ ਅੱਕੀਆਂ, ਸਾਨੂੰ ਇਸ਼ਾਰੇ ਕਰਦੀਆਂ ਕਿ ਤੁਸੀਂ ਅੰਦਰ ਆ ਜਾਓ। ਮਾਮੀ ਨਵੀਆਂ ਚਾਦਰਾਂ ਵਿਛਾਉਂਦੀ, ਨਵੇਂ ਸਿਰਾਹਣੇ ਰੱਖਦੀ ਤੇ ਆਰਾਮ ਕਰਨ ਲਈ ਕਹਿੰਦੀ। ਘਰਵਾਲੀ ਤਾਂ ਰਸੋਈ ਵਿਚ ਉਨ੍ਹਾਂ ਨਾਲ ਗੱਲਾਂ ਮਾਰਨ ਜਾ ਲੱਗਦੀ ਤੇ ਮੈਂ ਸਾਰਿਆਂ ਦਾ ਮਨ ਰੱਖਣ ਲਈ ਲੰਮਾ ਪੈ ਜਾਂਦਾ। ਨਾਨੀ ਆਵਾਜ਼ਾਂ ਮਾਰਦੀ, ‘‘ਭਾਈ ਪ੍ਰਾਹੁਣੇ ਲਈ ਕੜਾਹ ਜਾਂ ਸੇਵੀਆਂ ਵੀ ਬਣਾ ਲਿਓ।’’ ਰੋਟੀ ਖਾਂਦਿਆਂ ਵੀ ਉਹ ਦਾਲ-ਸਬਜ਼ੀ ਵਿਚ ਹੋਰ ਘਿਓ ਪਾਉਣ ਦੀਆਂ ਹਦਾਇਤਾਂ ਵੀ ਦੇਈ ਜਾਂਦੀ। ਉਹ ਸਾਰਾ ਟੱਬਰ ਪਿਆਰ ਤੇ ਅਪਣੱਤ ਵਿਚ ਬਦੋਬਦੀ ਸਾਨੂੰ ਵੱਧ ਤੋਂ ਵੱਧ ਖੁਆ ਦਿੰਦੇ। ਰੋਟੀ ਅਜੇ ਖਾ ਕੇ ਹਟਦੇ ਤਾਂ ਦੁੱਧ ਵਾਲੀਆਂ ਸੇਵੀਆਂ ਦਾ ਕੌਲਾ ਆ ਜਾਂਦਾ। ਬਹੁਤ ਮਿੰਨਤ-ਤਰਲੇ ਕਰਕੇ ਭਰੇ ਹੋਏ ਕੌਲੇ ਵਿਚੋਂ ਘੱਟ ਕਰਨ ਲਈ ਕਹਿੰਦੇ, ਪਰ ਸਾਡੀ ਗੱਲ ਕੋਈ ਨਾ ਸੁਣਦਾ।
ਫੇਰ ਤਾਂ ਜਿਵੇਂ ਪੱਕਾ ਹੀ ਹੋ ਗਿਆ ਕਿ ਅਸੀਂ ਜਦੋਂ ਵੀ ਜਾਂਦੇ ਮਾਮੀ ਸੇਵੀਆਂ ਜ਼ਰੂਰ ਬਣਾਉਂਦੀ। ਉਹਦੇ ਪਿਆਰ ਦੀ ਛੋਹ ਹੀ ਅਜਿਹੀ ਸੀ ਕਿ ਸੇਵੀਆਂ ਹੁੰਦੀਆਂ ਵੀ ਬਹੁਤ ਸੁਆਦ। ਅਸੀਂ ਦੋਵੇਂ ਤਾਂ ਇਸ ਮਾਮੀ ਨੂੰ ਸੇਵੀਆਂ ਵਾਲੀ ਮਾਮੀ ਹੀ ਕਹਿਣ ਲੱਗ ਪਏ। ਨਾਨਾ-ਨਾਨੀ ਤਾਂ ਚਿਰੋਕਣੇ ਜਾ ਚੁੱਕੇ ਹਨ, ਪਰ ਸੇਵੀਆਂ ਵਾਲੀ ਮਾਮੀ ਤੇ ਮਾਮਾ ਆਪਣੀ ਪਰਿਵਾਰਕ ਫੁੱਲਵਾੜੀ ਵਿਚ ਖੁਸ਼ੀਆਂ ਨਾਲ ਵਿਚਰ ਰਹੇ ਹਨ। ਹੁਣ ਵੀ ਜਦੋਂ ਕਦੇ ਜਾਂਦੇ ਹਾਂ ਤਾਂ ਉਸ ਦੀਆਂ ਸੇਵੀਆਂ ਦੀ ਮਹਿਕ ਤੇ ਸੁਆਦ ਮਨ ਨੂੰ ਸਰਸ਼ਾਰ ਕਰ ਦਿੰਦਾ ਹੈ। ਅੱਜ ਸਮਾਂ ਬਹੁਤ ਬਦਲ ਗਿਆ ਹੈ। ਇਹੋ ਜਿਹੇ ਮੋਹ-ਭਰੇ ਰਿਸ਼ਤੇ ਹੁਣ ਵਿਰਲੇ ਹੀ ਹਨ।
ਸੰਪਰਕ: 98153-56086

Advertisement

Advertisement
Author Image

Advertisement
Advertisement
×