ਮਾਸੀ ਦੇ ਮੁੰਡੇ ਦੀ ਗੋਲੀ ਮਾਰ ਕੇ ਹੱਿਤਆ
ਸੰਜੀਵ ਹਾਂਡਾ
ਫ਼ਿਰੋਜ਼ਪੁਰ, 17 ਨਵੰਬਰ
ਕਸਬਾ ਮੱਲਾਂਵਾਲਾ ਅਧੀਨ ਪੈਂਦੇ ਪਿੰਡ ਸੁਧ ਸਿੰਘ ਵਾਲਾ ਵਿੱਚ ਇੱਕ ਨੌਜਵਾਨ ਨੇ ਜ਼ਮੀਨੀ ਝਗੜੇ ਕਾਰਨ ਆਪਣੇ ਮਾਸੀ ਦੇ ਮੁੰਡੇ ਨੂੰ ਕਥਿਤ ਤੌਰ ’ਤੇ ਗੋਲੀ ਮਾਰ ਦਿੱਤੀ। ਗੋਲੀ ਵੱਜਣ ਤੋਂ ਬਾਅਦ ਪੀੜਤ ਨੂੰ ਫ਼ਿਰੋਜ਼ਪੁਰ ਦੇ ਇੱਕ ਨਿੱਜੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ, ਜਿੱਥੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਵਾਰਦਾਤ ਤੋਂ ਬਾਅਦ ਮੁਲਜ਼ਮ ਫ਼ਰਾਰ ਹੋ ਗਿਆ, ਜਿਸ ਦੀ ਪੁਲੀਸ ਵੱਲੋਂ ਭਾਲ ਕੀਤੀ ਜਾ ਰਹੀ ਹੈ। ਮੱਲਾਂਵਾਲਾ ਪੁਲੀਸ ਨੇ ਮਾਮਲੇ ਦੀ ਤਫ਼ਤੀਸ਼ ਆਰੰਭ ਦਿੱਤੀ ਹੈ। ਮ੍ਰਿਤਕ ਦੀ ਪਛਾਣ ਮਨਦੀਪ ਸਿੰਘ (32) ਪੁੱਤਰ ਅੰਗਰੇਜ਼ ਸਿੰਘ ਵਾਸੀ ਪਿੰਡ ਹਾਮਦ ਵਾਲਾ ਹਿਠਾੜ ਵਜੋਂ ਕੀਤੀ ਗਈ ਹੈ।
ਜਾਣਕਾਰੀ ਮੁਤਾਬਕ ਮਨਦੀਪ ਸਿੰਘ ਦੀਆਂ ਦੋ ਮਾਸੀਆਂ ਹਨ। ਮਨਦੀਪ ਸਿੰਘ ਦੇ ਨਾਨਾ ਕੋਲ ਤਕਰੀਬਨ 27 ਕਿਲੇ ਜ਼ਮੀਨ ਸੀ ਜਿਸ ਨੂੰ ਲੈ ਕੇ ਮਨਦੀਪ ਦਾ ਆਪਣੀ ਦੂਜੀ ਮਾਸੀ ਦੇ ਪੁੱਤਰ ਨਾਲ ਝਗੜਾ ਚੱਲ ਰਿਹਾ ਸੀ। ਉਸ ਦੇ ਨਾਨਾ ਦੀ ਮੌਤ ਕੁਝ ਚਿਰ ਪਹਿਲਾਂ ਹੋ ਚੁੱਕੀ ਹੈ। ਲੰਘੇ ਕੱਲ੍ਹ ਮਨਦੀਪ ਦੀ ਕਿਸੇ ਗੱਲ ਨੂੰ ਲੈ ਕੇ ਆਪਣੀ ਮਾਸੀ ਦੇ ਮੁੰਡੇ ਨਾਲ ਫ਼ੋਨ ’ਤੇ ਤਕਰਾਰ ਹੋ ਗਈ ਜਿਸ ਮਗਰੋਂ ਮਨਦੀਪ ਤੇ ਉਸ ਦੀ ਮਾਂ ਪਿੰਡ ਸੁਧ ਸਿੰਘ ਵਾਲਾ ਵਿੱਚ ਜ਼ਮੀਨ ’ਤੇ ਪਹੁੰਚ ਗਏ ਜਿੱਥੇ ਉਸ ਦੀ ਮਾਸੀ ਦੇ ਮੁੰਡੇ ਨੇ ਆਪਣੇ ਕੁਝ ਸਾਥੀਆਂ ਦੀ ਮਦਦ ਨਾਲ ਮਨਦੀਪ ਨੂੰ ਕਥਿਤ ਤੌਰ ’ਤੇ ਗੋਲੀ ਮਾਰ ਦਿੱਤੀ। ਮਨਦੀਪ ਵਿਆਹਿਆ ਹੋਇਆ ਸੀ ਤੇ ਉਸ ਦੇ ਦੋ ਬੱਚੇ ਵੀ ਹਨ।
ਮਨਦੀਪ ਦੀ ਦੇਹ ਨੂੰ ਫ਼ਿਲਹਾਲ ਸਿਵਲ ਹਸਪਤਾਲ ਦੀ ਮੌਰਚਰੀ ਵਿੱਚ ਰਖਵਾ ਦਿੱਤੀ ਗਈ ਹੈ। ਪੁਲੀਸ ਦਾ ਕਹਿਣਾ ਹੈ ਕਿ ਮਾਮਲੇ ਦੀ ਤਫ਼ਤੀਸ਼ ਕੀਤੀ ਜਾ ਰਹੀ ਹੈ, ਜਿਸ ਦੇ ਮੁਕੰਮਲ ਹੋਣ ਮਗਰੋਂ ਕੇਸ ਦਰਜ ਕੀਤਾ ਜਾਵੇਗਾ। ਮਨਦੀਪ ਦੀ ਲਾਸ਼ ਦਾ ਪੋਸਟਮਾਰਟਮ ਭਲਕੇ ਕੀਤਾ ਜਾਵੇਗਾ।