ਔਜਲਾ ਵੱਲੋਂ ਓਬੀਸੀਜ਼ ਦੀ ਭਲਾਈ ਸਬੰਧੀ ਮੀਟਿੰਗਾਂ ਵਿੱਚ ਸ਼ਮੂਲੀਅਤ
ਟ੍ਰਿਬਿਉੂਨ ਨਿਉੂਜ਼ ਸਰਵਿਸ
ਅੰਮ੍ਰਿਤਸਰ, 21 ਅਕਤੂਬਰ
ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਓਬੀਸੀਜ਼ ਦੀ ਭਲਾਈ ਲਈ ਕਰਵਾਈਆਂ ਗਈਆਂ ਵੱਖ-ਵੱਖ ਮੀਟਿੰਗਾਂ ਵਿੱਚ ਸ਼ਮੂਲੀਅਤ ਕੀਤੀ। ਇਨ੍ਹਾਂ ਮੀਟਿੰਗਾਂ ਵਿੱਚ ਓਬੀਸੀ ਵਰਗ ਦੀ ਭਲਾਈ ਲਈ ਅਹਿਮ ਕਦਮਾਂ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ। ਅੱਜ ਮੁੰਬਈ ਵਿੱਚ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਹੋਰ ਪੱਛੜੀਆਂ ਸ਼੍ਰੇਣੀਆਂ ਦੀ ਭਲਾਈ ਬਾਰੇ ਸੰਸਦੀ ਕਮੇਟੀ ਦੇ ਮੈਂਬਰਾਂ ਨਾਲ ਕੇਂਦਰੀ ਰੇਲਵੇ, ਆਈਆਰਸੀਟੀਸੀ, ਐਮਡੀਐਲ, ਆਰਬੀਆਈ, ਐਸਬੀਆਈ, ਓਐਨਜੀਸੀ ਅਤੇ ਐਚਪੀਸੀਐਲ ਵਿੱਚ ਓਬੀਸੀ ਭਲਾਈ ਬਾਰੇ ਵੱਖ-ਵੱਖ ਹਿੱਸੇਦਾਰਾਂ ਨਾਲ ਵਿਚਾਰ ਵਟਾਂਦਰਾ ਕੀਤਾ। ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਕਿਹਾ ਕਿ ਇਸ ਕਮੇਟੀ ਦੇ ਮੈਂਬਰ ਹੋਣ ਦੇ ਨਾਤੇ ਉਹ ਪੱਛੜੀਆਂ ਸ਼੍ਰੇਣੀਆਂ ਲਈ ਅਜਿਹੇ ਕਾਰਜ ਕਰਨਾ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਇਸ ਕਮੇਟੀ ਤਹਿਤ ਵਿੱਤ ਮੰਤਰਾਲੇ (ਵਿੱਤੀ ਸੇਵਾਵਾਂ ਵਿਭਾਗ) ਅਤੇ ਆਰਬੀਆਈ ਦੇ ਅਧਿਕਾਰੀਆਂ ਨਾਲ ਆਰਬੀਆਈ ਵਿੱਚ ਰੁਜ਼ਗਾਰ ਵਿੱਚ ਓਬੀਸੀ ਦੀ ਨੁਮਾਇੰਦਗੀ ਯਕੀਨੀ ਬਣਾਉਣ ਅਤੇ ਉਨ੍ਹਾਂ ਦੀ ਭਲਾਈ ਲਈ ਚੁੱਕੇ ਗਏ ਕਦਮਾਂ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ। ‘ਐੱਸਬੀਆਈ ਵਿੱਚ ਰੁਜ਼ਗਾਰ ਵਿੱਚ ਓਬੀਸੀ ਦੀ ਨੁਮਾਇੰਦਗੀ ਨੂੰ ਯਕੀਨੀ ਬਣਾਉਣ’ ਬਾਰੇ ਓਬੀਸੀ ਕਰਮਚਾਰੀ ਭਲਾਈ ਐਸੋਸੀਏਸ਼ਨ ਅਤੇ ਐਸੋਸੀਏਸ਼ਨ ਆਫ਼ ਸਟੇਟ ਬੈਂਕ ਆਫ਼ ਇੰਡੀਆ (ਐਸਬੀਆਈ) ਦੇ ਨੁਮਾਇੰਦਿਆਂ ਨਾਲ ਗੱਲਬਾਤ ਕੀਤੀ ਗਈ।