ਔਜਲਾ ਵੱਲੋਂ ਭਗਵਾਨ ਵਿਸ਼ਵਕਰਕਮਾ ਵੱਲੋਂ ਦਰਸਾਏ ਮਾਰਗ ’ਤੇ ਚੱਲਣ ਦਾ ਸੱਦਾ
ਫਗਵਾੜਾ: ਇੱਥੋਂ ਦੇ ਵਿਸ਼ਵਕਰਮਾ ਮੰਦਰ ਵਿੱਚ ਮਨਾਏ ਜਾ ਰਹੇ 114ਵੇਂ ਵਿਸ਼ਵਕਰਮਾ ਪੂਜਾ ਮਹਾਉਤਸਵ ਦੇ ਦੂਸਰੇ ਦਿਨ ਵੀ ਵੱਡੀ ਗਿਣਤੀ ’ਚ ਸੰਗਤਾਂ ਇੱਥੇ ਨਤਮਸਤਕ ਹੋਈਆਂ। ਸਮਾਗਮ ’ਚ ਹਵਨ ਯੱਗ ਕੀਤਾ ਗਿਆ ਜਿਸ ਉਪਰੰਤ ਸਕੂਲੀ ਬੱਚਿਆਂ ਵੱਲੋਂ ਸੁਆਗਤੀ ਗੀਤ ਪੇਸ਼ ਕੀਤਾ ਗਿਆ। ਇਸ ਉਪਰੰਤ ਭਜਨ ਮੰਡਲੀਆਂ ਨੇ ਬਾਬਾ ਵਿਸ਼ਵਕਰਮਾ ਦੀ ਜੀਵਨੀ ਨਾਲ ਸਬੰਧਤ ਗੀਤ ਪੇਸ਼ ਕੀਤੇ ਗਏ। ਸਮਾਗਮ ’ਚ ਵਿਸ਼ੇਸ਼ ਤੌਰ ’ਤੇ ਅੰਮ੍ਰਿਤਸਰ ਤੋਂ ਪੁੱਜੇ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਮੱਥਾ ਟੇਕਿਆ। ਉਨ੍ਹਾਂ ਕਿਹਾ ਕਿ ਬਾਬਾ ਵਿਸ਼ਵਕਰਮਾ ਦੀ ਅਪਾਰ ਕਿਰਪਾ ਸਦਕਾ ਦੁਨੀਆਂ ਨੇ ਤਕਨੀਕੀ ਯੁੱਗ ’ਚ ਵੱਡੇ ਪੱਧਰ ’ਤੇ ਤਰੱਕੀ ਕੀਤੀ ਹੈ। ਉਨ੍ਹਾਂ ਸਾਰਿਆਂ ਨੂੰ ਬਾਬਾ ਜੀ ਵੱਲੋਂ ਦਰਸਾਏ ਮਾਰਗ ’ਤੇ ਚੱਲਣ ਦੀ ਲੋੜ ’ਤੇ ਜ਼ੋਰ ਦਿੱਤਾ। ਇਸ ਮੌਕੇ ਸਭਾ ਦੇ ਪ੍ਰਧਾਨ ਪ੍ਰਦੀਪ ਧੀਮਾਨ ਤੇ ਉਪ ਪ੍ਰਧਾਨ ਗੁਰਮੁੱਖ ਸਿੰਘ ਨਾਮਧਾਰੀ ਨੇ ਉਨ੍ਹਾਂ ਨੂੰ ਸਨਮਾਨਿਤ ਕੀਤਾ। ਇਸ ਮੌਕੇ ਸਭਾ ਦੇ ਸੀਨੀਅਰ ਵਾਈਸ ਪ੍ਰਧਾਨ ਸੁਰਿੰਦਰ ਪਾਲ ਧੀਮਾਨ, ਜਨਰਲ ਸਕੱਤਰ ਸੁਭਾਸ਼ ਧੀਮਾਨ, ਵਾਈਸ ਪ੍ਰਧਾਨ ਗੁਰਨਾਮ ਸਿੰਘ ਜੂਤਲਾ, ਬਖਸ਼ੀਸ਼ ਰਾਮ ਧੀਮਾਨ, ਰਮੇਸ਼ ਧੀਮਾਨ ਸਮੇਤ ਵੱਡੀ ਗਿਣਤੀ ’ਚ ਮੈਂਬਰ ਸ਼ਾਮਲ ਸਨ। -ਪੱਤਰ ਪ੍ਰੇਰਕ