ਔਜਲਾ ਨੇ ਭਗਤਾਂਵਾਲਾ ਡੰਪ ਅਤੇ ਤੁੰਗ ਢਾਬ ਡਰੇਨ ਦਾ ਮੁੱਦਾ ਐੱਨਜੀਟੀ ਕੋਲ ਚੁੱਕਿਆ
ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 10 ਅਕਤੂਬਰ
ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਤੁੰਗ ਢਾਬ ਡਰੇਨ ਅਤੇ ਭਗਤਾਂ ਵਾਲਾ ਡੰਪ ਨਾਲ ਸਬੰਧਿਤ ਮੁੱਦੇ ਨੈਸ਼ਨਲ ਗਰੀਨ ਟ੍ਰਿਬਿਊਨਲ ਕੋਲ ਉਠਾਏ ਹਨ। ਉਨ੍ਹਾਂ ਮੰਗ ਕੀਤੀ ਹੈ ਕਿ ਭਗਤਾਂਵਾਲਾ ਡੰਪ ਨੂੰ ਸ਼ਹਿਰ ਤੋਂ ਬਾਹਰ ਤਬਦੀਲ ਕੀਤਾ ਜਾਵੇ ਅਤੇ ਤੁੰਗ ਢਾਬ ਡਰੇਨ ਨੂੰ ਢੱਕਿਆ ਜਾਵੇ ਜਾਂ ਪਾਈਪਾਂ ਵਿੱਚ ਤਬਦੀਲ ਕੀਤਾ ਜਾਵੇ।
ਸੰਸਦ ਮੈਂਬਰ ਨੇ ਕਿਹਾ ਕਿ ਤੁੰਗ ਢਾਬ ਡਰੇਨ ਕਾਰਨ ਪੈਦਾ ਹੋਏ ਗੰਭੀਰ ਵਾਤਾਵਰਨ ਸੰਕਟ ਵੱਲ ਤੁਰੰਤ ਧਿਆਨ ਦੇਣ ਦੀ ਲੋੜ ਹੈ ਜਿਸ ਨਾਲ ਇਲਾਕੇ ਦੇ ਲੋਕਾਂ ਦੀ ਸਿਹਤ ਅਤੇ ਵਾਤਾਵਰਨ ਨੂੰ ਭਾਰੀ ਨੁਕਸਾਨ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਅਣਸੋਧਿਆ ਉਦਯੋਗਿਕ, ਹਸਪਤਾਲ ਅਤੇ ਘਰੇਲੂ ਕੂੜਾ ਆਦਿ ਇਨ੍ਹਾਂ ਨਾਲਿਆਂ ਵਿੱਚ ਸਿੱਧਾ ਸੁਟਿਅ ਜਾ ਰਿਹਾ ਹੈ, ਸੀਵਰੇਜ ਟ੍ਰੀਟਮੈਂਟ ਪਲਾਂਟ ਪਹਿਲਾਂ ਹੀ ਸਮਰੱਥਾ ਤੋਂ ਪਾਰ ਪਹੁੰਚ ਚੁੱਕੇ ਹਨ। ਇਸ ਡਰੇਨ ਦੇ ਦੋਵੇਂ ਪਾਸੇ ਸਥਿਤ ਕਲੋਨੀਆਂ ਦੇ ਵਸਨੀਕ ਖ਼ਤਰਨਾਕ ਹਾਲਾਤ ਵਿੱਚ ਰਹਿ ਰਹੇ ਹਨ, ਜੋ ਸਾਹ ਦੀ ਤਕਲੀਫ਼ ਤੋਂ ਪੀੜਤ ਹਨ ਅਤੇ ਧਰਤੀ ਹੇਠਲੇ ਪਾਣੀ ਅਤੇ ਹਵਾ ਦੇ ਦੂਸ਼ਿਤ ਹੋਣ ਕਾਰਨ ਕੈਂਸਰ ਵਰਗੇ ਖ਼ਤਰੇ ਵਿੱਚ ਹਨ।
ਉਨ੍ਹਾਂ ਕਿਹਾ ਕਿ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਨੂੰ ਇਸ ਮੁੱਦੇ ਦਾ ਤੁਰੰਤ ਨੋਟਿਸ ਲੈਣਾ ਚਾਹੀਦਾ ਹੈ ਅਤੇ ਸੁਧਾਰਾਤਮਕ ਕਾਰਵਾਈ ਕਰਨੀ ਚਾਹੀਦੀ ਹੈ। ਉਨ੍ਹਾਂ ਮੰਗ ਕੀਤੀ ਕਿ ਤੁੰਗ ਢਾਬ ਡਰੇਨ ਨੂੰ ਜਾਂ ਤਾਂ ਢੱਕਿਆ ਜਾਵੇ ਜਾਂ ਇਸ ਨੂੰ ਪਾਈਪਾਂ ਵਾਲੇ ਡਰੇਨੇਜ ਸਿਸਟਮ ਵਿੱਚ ਤਬਦੀਲ ਕੀਤਾ ਜਾਵੇ।
ਇਸ ਤੋਂ ਇਲਾਵਾ ਸੰਸਦ ਮੈਂਬਰ ਨੇ ਭਗਤਾਂਵਾਲਾ ਡੰਪ ਵੱਲ ਵੀ ਉਨ੍ਹਾਂ ਦਾ ਧਿਆਨ ਦਿਵਾਉਣ ਦਾ ਯਤਨ ਕੀਤਾ ਹੈ। ਉਨ੍ਹਾਂ ਕਿਹਾ ਕਿ ਨਗਰ ਨਿਗਮ ਸ਼ਹਿਰ ਦੇ ਕੂੜੇ ਦਾ ਪ੍ਰਬੰਧਨ ਕਰਨ ਵਿੱਚ ਲਗਾਤਾਰ ਅਸਫਲ ਰਿਹਾ ਹੈ, ਜਿਸ ਕਾਰਨ ਭਗਤਾਂਵਾਲਾ ਵਾਲੀ ਥਾਂ ‘ਤੇ ਕੂੜਾ ਇਕੱਠਾ ਹੋ ਗਿਆ ਹੈ, ਜਿਸ ਕਾਰਨ ਪ੍ਰਦੂਸ਼ਣ ਦੇ ਪੱਧਰ ਵਿੱਚ ਵੱਡਾ ਵਾਧਾ ਹੋਇਆ ਹੈ। ਡੰਪ ਦੇ 25 ਕਿਲੋਮੀਟਰ ਦੇ ਘੇਰੇ ਵਿੱਚ ਪੂਰਾ ਇਲਾਕਾ ਪ੍ਰਭਾਵਿਤ ਹੋਇਆ ਹੈ, ਅਤੇ ਕੂੜੇ ਦੇ ਡੰਪ ਤੋਂ ਜ਼ਹਿਰੀਲੇ ਨਿਕਾਸ ਅਤੇ ਧਰਤੀ ਹੇਠਲੇ ਪਾਣੀ ਦੇ ਪ੍ਰਦੂਸ਼ਣ ਨਾਲ ਜੁੜੀਆਂ ਕੈਂਸਰ, ਸਾਹ ਦੀਆਂ ਬਿਮਾਰੀਆਂ ਅਤੇ ਹੋਰ ਬਿਮਾਰੀਆਂ ਵਿੱਚ ਵਾਧਾ ਹੋਇਆ ਹੈ।
ਉਨ੍ਹਾਂ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਨੂੰ ਇਸ ਮਾਮਲੇ ਵਿੱਚ ਦਖਲ ਦੇਣ ਅਤੇ ਭਗਤਾਂਵਾਲਾ ਡੰਪ ਨੂੰ ਸ਼ਹਿਰ ਦੀ ਹੱਦ ਤੋਂ ਬਾਹਰ ਕਿਸੇ ਹੋਰ ਢੁਕਵੀਂ ਥਾਂ ‘ਤੇ ਤਬਦੀਲ ਕਰਨ ਲਈ ਤੁਰੰਤ ਕਦਮ ਚੁੱਕਣ ਲਈ ਸਬੰਧਤ ਅਧਿਕਾਰੀਆਂ ਨੂੰ ਨਿਰਦੇਸ਼ ਦੇਣ ਦੀ ਅਪੀਲ ਕੀਤੀ।
ਰਤਨ ਟਾਟਾ ਦੇ ਦੇਹਾਂਤ ’ਤੇ ਦੁੱਖ ਜ਼ਾਹਰ
ਪਦਮਸ੍ਰੀ ਰਤਨ ਟਾਟਾ ਦੇ ਅਕਾਲ ਚਲਾਣੇ ’ਤੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਕਿਹਾ ਕਿ ਉਨ੍ਹਾਂ ਦਾ ਦੇਹਾਂਤ ਸਮੁੱਚੇ ਭਾਰਤ ਲਈ ਨਾ ਪੂਰਾ ਹੋਣ ਵਾਲਾ ਘਾਟਾ ਹੈ। ਉਹ ਹਰ ਵਰਗ ਲਈ ਪ੍ਰੇਰਨਾਸਰੋਤ ਸਨ। ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਉਨ੍ਹਾਂ ਪ੍ਰਮਾਤਮਾ ਕੋਲ ਅਰਦਾਸ ਕੀਤੀ ਕਿ ਉਨ੍ਹਾਂ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ੇ ਅਤੇ ਉਨ੍ਹਾਂ ਦੇ ਪਰਿਵਾਰ ਅਤੇ ਪ੍ਰਸ਼ੰਸਕਾਂ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ।