ਔਜਲਾ ਵੱਲੋਂ ਰੱਖਿਆ ਮੰਤਰੀ ਰਾਜਨਾਥ ਸਿੰਘ ਨਾਲ ਮੁਲਾਕਾਤ
ਟ੍ਰਿਬਿਉੂਨ ਨਿਉੂਜ਼ ਸਰਵਿਸ
ਅੰਮ੍ਰਿਤਸਰ, 3 ਦਸੰਬਰ
ਬਾਰਡਰ ’ਤੇ ਡਰੋਨਾਂ ਰਾਹੀਂ ਵਧ ਰਹੀ ਨਸ਼ਾ ਤਸਕਰੀ ਤੋਂ ਚਿੰਤਤ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਰੱਖਿਆ ਮੰਤਰੀ ਰਾਜਨਾਥ ਸਿੰਘ ਨਾਲ ਮੁਲਾਕਾਤ ਕਰ ਕੇ ਸਰਹੱਦ ’ਤੇ ਸਥਿਤੀ ਬਾਰੇ ਜਾਣੂ ਕਰਵਾਇਆ। ਉਨ੍ਹਾਂ ਨੇ ਭਾਰਤੀ ਸਰਹੱਦ ’ਤੇ ਡਰੋਨ ਵਿਰੋਧੀ ਪ੍ਰਣਾਲੀ ਨੂੰ ਜਲਦੀ ਤੋਂ ਜਲਦੀ ਲਾਗੂ ਕਰਨ ਅਤੇ ਸਰਹੱਦੀ ਖੇਤਰ ਨੂੰ ਵਿਸ਼ੇਸ਼ ਪੈਕੇਜ ਦੇਣ ਦੀ ਮੰਗ ਕੀਤੀ|
ਸੰਸਦ ਮੈਂਬਰ ਨੇ ਕਿਹਾ ਕਿ ਅੰਮ੍ਰਿਤਸਰ ਨਾਲ ਲੱਗਦੀ ਭਾਰਤ-ਪਾਕਿਸਤਾਨ ਸਰਹੱਦ ’ਤੇ ਸਥਿਤੀ ਬਹੁਤ ਚਿੰਤਾ ਵਾਲੀ ਹੈ। ਸਰਹੱਦੀ ਜ਼ਿਲ੍ਹਾ ਹੋਣ ਕਾਰਨ ਅੰਮ੍ਰਿਤਸਰ ਨੂੰ ਡਰੋਨਾਂ ਸਮੇਤ ਵੱਖ-ਵੱਖ ਸਾਧਨਾਂ ਰਾਹੀਂ ਨਸ਼ੀਲੇ ਪਦਾਰਥਾਂ ਅਤੇ ਗੋਲਾ ਬਾਰੂਦ ਦੀ ਲਗਾਤਾਰ ਆਮਦ ਕਾਰਨ ਗੰਭੀਰ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਉਨ੍ਹਾਂ ਕਿਹਾ ਕਿ ਹਥਿਆਰਾਂ ਅਤੇ ਗੋਲਾ ਬਾਰੂਦ ਦੀ ਗੈਰ-ਕਾਨੂੰਨੀ ਤਸਕਰੀ ਤੇ ਸਪਲਾਈ ਰਾਸ਼ਟਰੀ ਸੁਰੱਖਿਆ ਲਈ ਗੰਭੀਰ ਖਤਰਾ ਹੈ, ਖਾਸ ਕਰਕੇ ਸਰਦੀ ਅਤੇ ਧੁੰਦ ਵਿੱਚ ਇਹ ਗਤੀਵਿਧੀ ਬਹੁਤ ਵਧ ਜਾਂਦੀ ਹੈ। ਉਨ੍ਹਾਂ ਕਿਹਾ ਕਿ ਸਰਹੱਦ ’ਤੇ ਤਾਇਨਾਤ ਸੁਰਖਿਆ ਬਲਾਂ ਨੂੰ ਇਨ੍ਹਾਂ ਚੁਣੌਤੀਆਂ ਦਾ ਪ੍ਰਭਾਵਸ਼ਾਲੀ ਢੰਗ ਨਾਲ ਮੁਕਾਬਲਾ ਕਰਨ ਲਈ ਨਵੀਨਤਮ ਤਕਨਾਲੋਜੀ ਅਤੇ ਆਧੁਨਿਕ ਪ੍ਰਣਾਲੀਆਂ ਦੀ ਲੋੜ ਹੈ। ਖਾਸ ਤੌਰ ’ਤੇ ਤਸਕਰੀ ਲਈ ਵਰਤੇ ਜਾਂਦੇ ਡਰੋਨਾਂ ਨੂੰ ਰੋਕਣ ਅਤੇ ਬੇਅਸਰ ਕਰਨ ਲਈ ਐਂਟੀ-ਡਰੋਨ ਤਕਨਾਲੋਜੀ ਅਤੇ ਨਿਗਰਾਨੀ ਪ੍ਰਣਾਲੀਆਂ ਤੇ ਉਪਕਰਣਾਂ ਨੂੰ ਅਪਗ੍ਰੇਡ ਕਰਨ ਦੀ ਤੁਰੰਤ ਲੋੜ ਹੈ।