ਵੀਆਈਪੀ ਦੌਰੇ ਕਾਰਨ ਆਵਾਜਾਈ ’ਚ ਵਿਘਨ; ਸ਼ਹਿਰ ਵਾਸੀ ਪ੍ਰੇਸ਼ਾਨ
ਗਗਨਦੀਪ ਅਰੋੜਾ
ਲੁਧਿਆਣਾ, 12 ਨਵੰਬਰ
ਉਪ ਰਾਸ਼ਟਰਪਤੀ ਦੇ ਜਗਦੀਪ ਧਨਖੜ ਦੇ ਦੌਰੇ ਲਈ ਸ਼ਹਿਰ ਵਿੱਚ ਪੂਰੀ ਤਰ੍ਹਾਂ ਸੁਰੱਖਿਆ ਅਤੇ ਟਰੈਫਿਕ ਰੂਟ ਡਾਈਵਰਜ਼ਨ ਦੇ ਲਈ ਕਈ ਤਰ੍ਹਾਂ ਦੀਆਂ ਪਲਾਨਿੰਗਾਂ ਕੀਤੀਆਂ ਗਈਆਂ ਸਨ ਪਰ ਐਨ ਮੌਕੇ ’ਤੇ ਉੱਪ ਰਾਸ਼ਟਰਪਤੀ ਦਾ ਦੌਰਾ ਰੱਦ ਹੋਣ ਤੋਂ ਬਾਅਦ ਦੁੱਗਰੀ ਸਥਿਤ ਸੱਤਪਾਲ ਮਿੱਤਲ ਸਕੂਲ ਤੇ ਪੀਏਯੂ ਵਿੱਚ ਰੱਖੇ ਸਮਾਗਮ ਵਿੱਚ ਰਾਜਪਾਲ ਗੁਲਾਬ ਚੰਦ ਕਟਾਰਿਆ ਪੁੱਜੇ। ਵੀਆਈਪੀ ਮੂਵਮੈਂਟ ਹੋਣ ਕਰਕੇ ਪੁਲੀਸ ਨੇ ਪੀਏਯੂ ਤੇ ਦੁੱਗਰੀ ਸਤਪਾਲ ਮਿੱਤਲ ਸਕੂਲ ਦੇ ਬਾਹਰ ਟਰੈਫਿਕ ਦੀ ਆਵਾਜਾਈ ’ਤੇ ਰੋਕ ਲਗਾਈ ਹੋਈ ਸੀ। ਇਸ ਕਰਕੇ ਦੁੱਗਰੀ ਇਲਾਕੇ ਤੇ ਆਸ-ਪਾਸ ਦੇ ਲੋਕ ਅੱਧਾ ਦਿਨ ਟਰੈਫਿਕ ਜਾਮ ਵਿੱਚ ਫਸੇ ਰਹੇ। ਪੁਲੀਸ ਨੇ ਵੀਆਈਪੀ ਮੂਵਮੈਂਟ ਹੋਣ ਕਰਕੇ ਦੁੱਗਰੀ ਦੀਆਂ ਮੁੱਖ ਸੜਕਾਂ ਤੋਂ ਟਰੈਫਿਕ ਨੂੰ ਬਦਲਵੇਂ ਰੂਟ ’ਤੇ ਪਾਇਆ ਹੋਇਆ ਸੀ। ਇਸ ਕਰਕੇ ਉਨ੍ਹਾਂ ਸੜਕਾਂ ’ਤੇ ਜਾਮ ਵਰਗੇ ਹਾਲਾਤ ਬਣੇ ਰਹੇ। ਦੁੱਗਰੀ ਦੇ ਇਲਾਕੇ ਵਿੱਚ ਸਤਪਾਲ ਮਿੱਤਲ ਸਕੂਲ ਵਾਲੀ ਮੁੱਖ ਸੜਕ ’ਤੇ ਤਾਂ ਸਵੇਰੇ 7 ਵਜੇ ਹੀ ਬੈਰੀਕੇਡਿੰਗ ਕਰ ਦਿੱਤੀ ਗਈ ਸੀ ਤੇ ਬਿਨਾਂ ਮੰਨਜ਼ੂਰੀ ਵਾਲੇ ਕਿਸੇ ਵੀ ਵਾਹਨ ਨੂੰ ਉਸ ਪਾਸੇ ਨਹੀਂ ਆਉਣ ਦਿੱਤਾ ਜਾ ਰਿਹਾ ਸੀ। ਇਸ ਤੋਂ ਇਲਾਵਾ ਵੀ ਆਸ-ਪਾਸ ਦੀਆਂ ਹੋਰ ਵੀ ਕਈ ਸੜਕਾਂ ਅਜਿਹੀਆਂ ਸਨ, ਜਿੱਥੇ 9 ਵਜੇ ਤੋਂ ਬਾਅਦ ਆਵਾਜਾਈ ਬੰਦ ਕਰ ਦਿੱਤੀ ਗਈ ਸੀ। ਇਸ ਕਰਕੇ ਜਦੋਂ ਰਾਜਪਾਲ ਸਕੂਲ ਵਿੱਚ ਆਏ ਤੇ ਸਮਾਗਮ ਤੋਂ ਬਾਅਦ ਵਾਪਸ ਗਏ, ਉਦੋਂ ਇੱਕ ਘੰਟੇ ਦੇ ਲਈ ਦੁੱਗਰੀ ਰੋਡ ਪੂਰੇ ਤਰੀਕੇ ਦੇ ਨਾਲ ਜਾਮ ਹੋ ਗਿਆ।
ਉੱਧਰ ਆਉਣ ਵਾਲੇ ਲੋਕ ਰੂਟ ਡਾਈਰਵਜ਼ਨ ਕਰਕੇ ਸਨਅਤੀ ਸ਼ਹਿਰ ਦੀਆਂ ਗਲੀਆਂ ਤੇ ਸੜਕਾਂ ’ਤੇ ਘੁੰਮਦੇ ਰਹੇ। ਇਸੇ ਤਰ੍ਹਾਂ ਪੀਏਯੂ ਵਿੱਚ ਵੀ ਪੁਲੀਸ ਨੇ ਸਖ਼ਤ ਪ੍ਰਬੰਧ ਕੀਤੇ ਹੋਏ ਸਨ, ਜਿਥੇ ਆਮ ਲੋਕਾਂ ਦਾ ਦਾਖਲਾ ਇੱਕ ਦਿਨ ਲਈ ਬੰਦ ਕਰ ਦਿੱਤਾ ਗਿਆ ਸੀ। ਯੂਨੀਵਰਸਿਟੀ ਦੇ ਵਿਦਿਆਰਥੀਆਂ ਨੂੰ ਵੀ ਸਮਾਗਮ ਸਥਾਨ ਵੱਲ ਨਹੀਂ ਆਉਣ ਦਿੱਤਾ ਜਾ ਰਿਹਾ ਸੀ। ਆਮ ਲੋਕ ਜੋ ਯੂਨੀਵਰਸਿਟੀ ਆਉਂਦੇ ਹਨ, ਉਨ੍ਹਾਂ ਦੇ ਦਾਖਲੇ ’ਤੇ ਵੀ ਰੋਕ ਲਗਾਈ ਗਈ ਸੀ, ਜਿਸ ਕਰਕੇ ਉਥੇ ਵੀ ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ।