ਏਯੂਸੀਟੀ ਦਾ ਵਫ਼ਦ ਰਾਜਪਾਲ ਨੂੰ ਮਿਲਿਆ
ਪੱਤਰ ਪ੍ਰੇਰਕ
ਚੰਡੀਗੜ੍ਹ, 4 ਸਤੰਬਰ
ਪੰਜਾਬ ਦੇ ਕਾਲਜ ਅਧਿਆਪਕਾਂ ਦੀ ਜਥੇਬੰਦੀ ਐਸੋਸੀਏਸ਼ਨ ਆਫ਼ ਯੂਨਾਈਟਿਡ ਕਾਲਜ ਟੀਚਰਜ਼ ਦੀ ਬੇਨਤੀ ਨੂੰ ਸਵੀਕਾਰਨ ਉਪਰੰਤ ਮਿਲੇ ਸੱਦੇ ਮੁਤਾਬਕ ਵਫ਼ਦ ਅੱਜ ਸੂਬੇ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨੂੰ ਮਿਲਿਆ ਅਤੇ ਮੰਗ ਪੱਤਰ ਸੌਂਪਿਆ। ਵਫ਼ਦ ਵਿੱਚ ਪ੍ਰੋ. ਜਸਪਾਲ ਸਿੰਘ, ਪ੍ਰੋ. ਅੰਮ੍ਰਿਤਪਾਲ ਸਿੰਘ, ਪ੍ਰੋ. ਚਰਨਜੀਤ ਸਿੰਘ ਅਤੇ ਪ੍ਰੋ. ਤਰੁਣ ਘਈ ਸ਼ਾਮਲ ਸਨ।
ਜਥੇਬੰਦੀ ਦੇ ਬੁਲਾਰੇ ਪ੍ਰੋ. ਘਈ ਨੇ ਦੱਸਿਆ ਕਿ ਰਾਜਪਾਲ ਸ੍ਰੀ ਕਟਾਰੀਆ ਨਾਲ ਲਗਪਗ 30 ਮਿੰਟ ਪੰਜਾਬ ਦੀ ਉਚੇਰੀ ਸਿੱਖਿਆ ਦੇ ਮੁੱਦਿਆਂ ਉੱਤੇ ਗੱਲਬਾਤ ਹੋਈ। ਇਸ ਵਿੱਚ 7ਵੇਂ ਤਨਖ਼ਾਹ ਸਕੇਲ ਨੂੰ ਲਾਗੂ ਕਰਨਾ, ਅਨ-ਏਡਿਡ ਪੋਸਟਾਂ ਨੂੰ ਏਡਿਡ ਪੋਸਟਾਂ ਵਿੱਚ ਕਨਵਰਟ ਕਰਨਾ, ਅਯੋਗ ਪ੍ਰਿੰਸੀਪਲਾਂ ’ਤੇ ਉੱਚ ਸਿੱਖਿਆ ਮਹਿਕਮੇ ਨੂੰ ਜਲਦ ਕਾਰਵਾਈ ਕਰਨ ਲਈ ਕਹਿਣਾ ਅਤੇ ਕਾਲਜ ਮੈਨੇਜਮੈਂਟਾਂ ਦੀ ਸ਼ੋਸ਼ਣਕਾਰੀ ਅਤੇ ਲੁੱਟ-ਖਸੁੱਟ ਨੀਤੀਆਂ ਉੱਤੇ ਗੱਲਬਾਤ ਹੋਈ।
ਉਨ੍ਹਾਂ ਦੱਸਿਆ ਕਿ ਸ੍ਰੀ ਕਟਾਰੀਆ ਨੇ ਇਨ੍ਹਾਂ ਮੁੱਦਿਆਂ ’ਤੇ ਗੰਭੀਰਤਾ ਨਾਲ ਚਰਚਾ ਕੀਤੀ ਅਤੇ ਵਫ਼ਦ ਨੂੰ ਇਨ੍ਹਾਂ ਮੁੱਦਿਆਂ ਨੂੰ ਪੰਜਾਬ ਸਰਕਾਰ ਤੱਕ ਜਲਦ ਭੇਜਣ ਦਾ ਭਰੋਸਾ ਵੀ ਦਿੱਤਾ।