ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਬਿਨ ਬੂਹੇ-ਬਾਰੀਆਂ ਵਾਲਾ ਚੁਬਾਰਾ

11:33 AM Feb 14, 2024 IST

ਗੁਰਬਖ਼ਸ਼ ਸਿੰਘ ਭੰਡਾਲ
Advertisement

ਮੈਂ ਤੇ ਮੇਰਾ ਬਚਪਨੀ ਚੁਬਾਰਾ, ਇਕਸੁਰ ਤੇ ਇਕਮਿਕ ਹਾਂ। ਇਹ ਚੁਬਾਰਾ ਮੈਨੂੰ ਅਵਚੇਤਨ ਵਿੱਚ ਹਰ ਰੋਜ਼ ਮਿਲਦਾ ਹੈ। ਗੁਫ਼ਤਗੂ ਕਰਦਾ ਹੈ। ਬੀਤੇ ਹੋਏ ਪਲ਼ਾਂ ਨੂੰ ਦ੍ਰਿਸ਼ਮਾਨ ਕਰਦਾ ਹੈ ਅਤੇ ਫਿਰ ਅਛੋਪਲੇ ਜਿਹੇ ਅੱਖਾਂ ਤੋਂ ਓਝਲ ਹੋ ਜਾਂਦਾ ਹੈ। ਇਸ ਚੁਬਾਰੇ ਵਿੱਚ ਮੇਰੇ ਨੈਣਾਂ ’ਚ ਸੁਪਨਿਆਂ ਨੇ ਪਰਵਾਜ਼ ਭਰੀ ਅਤੇ ਇਨ੍ਹਾਂ ਦੀ ਤਾਮੀਰਦਾਰੀ ਵਿੱਚ ਚੁਬਾਰੇ ਦਾ ਅਹਿਮ ਯੋਗਦਾਨ ਹੈ।
ਇਹ ਚੁਬਾਰਾ ਕੋਈ ਅਲੋਕਾਰੀ, ਆਲੀਸ਼ਾਨ ਜਾਂ ਸੁੱਖ-ਸਹੂਲਤਾਂ ਵਾਲਾ ਨਹੀਂ ਸੀ। ਤਾਂ ਵੀ ਵਿਦੇਸ਼ੀ ਧਰਤੀ ’ਤੇ ਸਾਰੀਆਂ ਸੁੱਖ-ਸਹੂਲਤਾਂ ਮਾਣਦਿਆਂ ਇਹ ਚੁਬਾਰਾ ਮੇਰੇ ਚੇਤਿਆਂ ਵਿੱਚੋਂ ਨਹੀਂ ਵਿਸਰਦਾ। ਅਕਸਰ ਚੁਬਾਰੇ ਦਾ ਸੁਪਨਾ ਆਉਂਦਾ ਹੈ, ਬੇਤਾਬ ਕਰਦਾ ਹੈ ਅਤੇ ਇੱਕ ਅਛੋਹ ਤੇ ਮਖ਼ਮਲੀ ਅਹਿਸਾਸ ਮੇਰੀ ਚੇਤਨਾ ਵਿੱਚ ਧਰਦਾ ਹੈ। ਦਰਅਸਲ, ਇਸ ਨੂੰ ਚੁਬਾਰਾ ਨਹੀਂ ਕਿਹਾ ਜਾ ਸਕਦਾ। ਇਹ ਤਾਂ ਚੁਬਾਰੇ ਦਾ ਢਾਂਚਾ ਸੀ ਬਿਨ-ਪਲੱਸਤਰੋਂ, ਬਿਨ-ਬਾਰੀਓਂ ਤੇ ਬਿਨ-ਦਰਵਾਜ਼ਿਓਂ। ਬਾਰੀਆਂ ’ਤੇ ਲਟਕਦੀਆਂ ਸਨ ਬੋਰੀਆਂ ਜੋ ਪੋਹ-ਮਾਘ ਦੀ ਠੰਢ ਤੋਂ ਬਚਾਉਂਦੀਆਂ ਅਤੇ ਸੰਘਣੀ ਧੁੰਦ ਤੋਂ ਲਕੋਂਦੀਆਂ ਸਨ। ਇਸ ਦੀਆਂ ਕੰਧਾਂ ਵਿੱਚੋਂ ਪਿਤਾ ਵੱਲੋਂ ਘਾਣੀ ਤਿਆਰ ਕਰਦਿਆਂ, ਪੈਰਾਂ ਦੀ ਛੜੱਪ ਛੜੱਪ ਸੁਣਦੀ ਸੀ। ਮਿਸਤਰੀ ਵੱਲੋਂ ਹੋਰ ਗਾਰਾ ਜਲਦੀ ਲਿਆਉਣ ਲਈ ਹਾਕ ਵੀ। ਇਸ ਦੀਆਂ ਇੱਟਾਂ ਤੇ ਗਾਰੇ ਵਿੱਚ ਪਿਤਾ ਦੇ ਮੁੜਕੇ ਦੀ ਖ਼ੁਸ਼ਬੋਈ ਅਤੇ ਮਿਸਤਰੀ ਦੀ ਕਾਰੀਗਰੀ ਵੀ ਮੁਖਾਤਬ ਹੁੰਦੀ। ਛੱਤ ਦੀਆਂ ਇੱਟਾਂ ’ਤੇ ਕਲੀ ਨਾਲ ਲਿਖੇ ਸਾਰੇ ਪਰਿਵਾਰ ਦੇ ਨਾਮ ਵੀ ਰਾਤ ਨੂੰ ਟਿਮਟਿਮਾਉਂਦੇ ਸਨ। ਬਾਲਿਆਂ ਵਿੱਚ ਖੂਹ ਦੀ ਕਾਲੀ ਟਾਹਲੀ ਦਾ ਚੀੜ੍ਹਾਪਣ ਤੇ ਪਕਿਆਈ ਨਜ਼ਰ ਆਉਂਦੀ ਸੀ। ਫਰਸ਼ ਦੀ ਬਜਾਏ ਮਾਂ ਵੱਲੋਂ ਫੇਰੇ ਗੋਹੇ ਦਾ ਤਾਜ਼ਾ ਪੋਚਾ ਸੁਗੰਧ ਵੰਡਦਾ ਸੀ। ਇਸ ਵਿੱਚੋਂ ਮਾਂ ਦੀਆਂ ਲੋਰੀਆਂ, ਦੁਆਵਾਂ ਅਤੇ ਅਸੀਸ ਵੀ ਮਿਲਦੀ ਕਿ ਇਸ ਮਹਿਕ ਨਾਲ ਆਪਣੇ ਜੀਵਨ ਨੂੰ ਅਜਿਹਾ ਮਹਿਕਾਓ ਕਿ ਜ਼ਿੰਦਗੀ ਦਾ ਸੁਖਨ ਤੇ ਸਿਰਨਾਵਾਂ, ਇਸ ਮਿੱਟੀ ਦੀ ਰੰਗਤ ਦਾ ਰੰਗਰੇਜ਼ੀ ਹੋਵੇ।
ਚੁਬਾਰੇ ਦਾ ਨਾ ਹੀ ਕੋਈ ਬਨੇਰਾ ਅਤੇ ਨਾ ਹੀ ਪੌੜੀ ਸੀ। ਕਦੇ ਕਦਾਈ ਲੋੜ ਪੈਣ ’ਤੇ ਲੱਕੜ ਦੀ ਪੌੜੀ ਇਸ ਦੀ ਚੋਂਦੀ ਹੋਈ ਛੱਤ ਨੂੰ ਲਿਪਣ ਦੇ ਕੰਮ ਆਉਂਦੀ ਸੀ। ਇਹ ਚੁਬਾਰਾ ਦਰਅਸਲ ਮੇਰੇ ਮਾਪਿਆਂ ਦੀ ਸੁਪਨਗੋਈ ਸੀ ਕਿ ਉਨ੍ਹਾਂ ਦਾ ਘਰ ਸ਼ਾਇਦ ਚੁਬਾਰੇ ਨਾਲ ਹੀ ਮੁਕੰਮਲ ਹੋ ਜਾਵੇ ਪਰ ਉਨ੍ਹਾਂ ਦੇ ਅਵਚੇਤਨ ਵਿੱਚ ਇਹ ਖ਼ਿਆਲ ਜ਼ਰੂਰ ਆਉਂਦਾ ਸੀ ਕਿ ਇਸ ਵਿਕਲੋਤਰੇ ਚੁਬਾਰੇ ਕਰਕੇ ਸ਼ਾਇਦ ਉਨ੍ਹਾਂ ਦੇ ਬੱਚੇ ਅੱਖਰ-ਗਿਆਨ ਹਾਸਲ ਕਰਕੇ, ਨਵੇਂ ਦਿਸਹੱਦਿਆਂ ਦੀ ਨਿਸ਼ਾਨਦੇਹੀ ਕਰ ਸਕਣ। ਹਰਫ਼ਾਂ ਵਿੱਚੋਂ ਰੁਜ਼ਗਾਰ ਦੇ ਨਕਸ਼ ਉਘਾੜ ਸਕਣ। ਅਨਪੜ੍ਹ ਮਾਪਿਆਂ ਦੀ ਸੋਚ ਸਿਰਫ਼ ਪਾਸ ਜਾਂ ਫੇਲ੍ਹ ਹੋਣ ਅਤੇ ਕਲਾਸਾਂ ਦੀ ਗਿਣਤੀ ਤੀਕ ਹੀ ਸੀਮਤ ਸੀ। ਉਨ੍ਹਾਂ ਨੂੰ ਕੋਈ ਵਾਸਤਾ ਨਹੀਂ ਸੀ ਕਿ ਕਿਹੜੀ ਪੁਜੀਸ਼ਨ ਆਈ ਹੈ? ਉਨ੍ਹਾਂ ਦਾ ਬੱਚਾ ਕਿਹੜੇ ਵਿਸ਼ੇ ਪੜ੍ਹਦਾ ਹੈ? ਉਹ ਬਹੁਤ ਖ਼ੁਸ਼ ਹੋਏ ਸਨ ਜਦੋਂ ਉਨ੍ਹਾਂ ਨੂੰ ਪਤਾ ਲੱਗਾ ਕਿ ਉਨ੍ਹਾਂ ਦੇ ਪੁੱਤ ਨੇ ਸੋਲਾਂ ਜਮਾਤਾਂ ਪਾਸ ਕਰ ਲਈਆਂ ਹਨ। ਅਜਿਹੇ ਅਣਭੋਲ ਤੇ ਪਾਕ ਮਨ ਵਾਲੇ ਮਾਪਿਆਂ ਦੀ ਸੁਪਨਸ਼ੀਲਤਾ ਦੇ ਸਦਕੇ ਜਾਣ ਨੂੰ ਜੀਅ ਕਰਦਾ ਹੈ। ਉਨ੍ਹਾਂ ਦੀਆਂ ਦੁਆਵਾਂ ਸਦਕਾ ਉਨ੍ਹਾਂ ਦੇ ਸੁਪਨਿਆਂ ਦੀ ਫ਼ਸਲ ਵਧੀਆ ਤਰੀਕੇ ਨਾਲ ਮੌਲੀ ਅਤੇ ਭਰਪੂਰਤਾ ਦੇ ਭਾਗ ਲੱਗੇ ਹਨ।
ਇਹ ਚੌਖਟਾ ਰੂਪੀ ਚੁਬਾਰਾ ਪਿੰਡ ਦੇ ਦਰਮਿਆਨ ਸੀ। ਇਸ ਵਿੱਚ ਪੜ੍ਹਦਿਆਂ ਰਾਤ ਨੂੰ ਆਂਢ-ਗੁਆਂਢ ਵਿੱਚ ਹੋ ਰਿਹਾ ਬੋਲ-ਬੁਲਾਰਾ, ਬੱਚਿਆਂ ਦਾ ਰੋਣਾ, ਸ਼ਰਾਬੀਆਂ ਦੇ ਲਲਕਾਰੇ ਤੇ ਕੁੱਟ-ਕੁਟਾਈ ਜਾਂ ਬਜ਼ੁਰਗਾਂ ਦੀ ਰੋਹਬਦਾਰ ਆਵਾਜ਼ ਵੀ ਸੁਣਾਈ ਦਿੰਦੀ। ਕਈ ਵਾਰ ਕਿਸੇ ਚੁਬਾਰੇ ’ਤੇ ਅੱਧੀ ਰਾਤ ਤੀਕ ਵੱਜਦਾ ਸਪੀਕਰ ਇਕਾਗਰਤਾ ਭੰਗ ਕਰਦਾ, ਮੇਰੀ ਪੜ੍ਹਾਈ ’ਚ ਵਿਘਨ ਵੀ ਬਣਦਾ।
ਇਸ ਚੁਬਾਰੇ ਵਿੱਚ ਪੁਰੇ ਦੀ ਹਵਾ ਵੀ ਮਿਲ ਕੇ ਜਾਂਦੀ ਅਤੇ ਪੱਛੋਂ ਦੀਆਂ ਕਣੀਆਂ ਵੀ ਭਿਉਣ ਲਈ ਪੁਰਾ ਜ਼ੋਰ ਲਾਉਂਦੀਆਂ। ਚੁਬਾਰੇ ਵਿੱਚ ਹੀ ਸਾਉਣ-ਭਾਦੋਂ ਦੇ ਚੌਮਾਸੇ ਕੱਟਦਿਆਂ, ਅੱਖਰਾਂ ਦੀ ਜੋਤ ਜਗਾਈ ਰੱਖਣ ਲਈ ਸਦਾ ਮਸ਼ਰੂਫ਼ ਰਿਹਾ। ਉਨ੍ਹਾਂ ਰਾਤਾਂ ’ਚ ਮੁੜਕੇ ਨਾਲ ਭਿੱਜਦਾ ਰਿਹਾ ਜਦੋਂ ਜੇਠ ਦੀ ਰਾਤ ਵਿੱਚ ਪੱਤਾ ਵੀ ਨਹੀਂ ਸੀ ਹਿੱਲਦਾ। ਮੱਛਰਾਂ ਦੀ ਭੀਂ ਭੀਂ ਰਾਤ ਦੀ ਸ਼ਾਂਤੀ ਨੂੰ ਉਚਾਟ ਕਰਦੀ, ਨੀਂਦ ਵੀ ਹੰਘਾਲਦੀ ਰਹਿੰਦੀ ਪਰ ਪੜ੍ਹਾਈ ਦੀ ਨਿਰੰਤਰਤਾ ਬਰਕਰਾਰ ਰਹਿੰਦੀ।
ਚੁਬਾਰੇ ਵਿੱਚ ਦੇਰ ਰਾਤ ਤੀਕ ਜਗਦੇ ਬਲਬ ਦੀ ਰੌਸ਼ਨੀ ਦੇਖ ਕੇ ਹੀ ਗੁਆਂਢੀ ਆਪਣੇ ਬੱਚਿਆਂ ਨੂੰ ਦੇਰ ਰਾਤ ਤੀਕ ਪੜ੍ਹਨ ਦੀ ਨਸੀਹਤ ਦਿੰਦੇ। ਇਸ ਰੌਸ਼ਨੀ ਕਾਰਨ ਹੋ ਸਕਦਾ ਹੈ ਕਿ ਕਈ ਮਨਾਂ ਨੇ ਦੇਰ ਰਾਤ ਤੀਕ ਜਾਗਣ ਅਤੇ ਅੱਖਰ-ਜੋਤ ਨੂੰ ਜਗਾਉਣ ਦਾ ਹੀਲਾ ਜ਼ਰੂਰ ਕੀਤਾ ਹੋਵੇਗਾ। ਰਾਤ ਨੂੰ ਨੀਂਦ ਤੋਂ ਪਾਸਾ ਵੱਟਣ ਲਈ ਛੱਤ ’ਤੇ ਨਿਕਲਦਾ ਤਾਂ ਦੂਰ ਤੀਕ ਛੱਤਾਂ ’ਤੇ ਡਾਹੇ ਹੋਏ ਮੰਜਿਆਂ ਦੀਆਂ ਕਤਾਰਾਂ, ਘੁਰਾੜਿਆਂ ਦੀਆਂ ਆਵਾਜ਼ਾਂ ਅਤੇ ਚੰਨ-ਚਾਨਣੀ ਵਿੱਚ ਭਿੱਜਿਆਂ ਦੇ ਮੋਹਭਿੱਜੇ ਰੂਹਾਨੀ ਪਲਾਂ ਦੇ ਦੀਦਾਰੇ ਵੀ ਹੋ ਜਾਂਦੇ। ਕਿੰਨੀ ਬੇਫ਼ਿਕਰੀ ਵਿੱਚ ਮਿਹਨਤਕਸ਼ ਲੋਕ ਸੌਂਦੇ ਸਨ? ਕੁੱਕੜ ਦੀ ਪਹਿਲੀ ਬਾਂਗ ਨਾਲ ਉਸਲਵਾਟੇ ਲੈਂਦੇ, ਅੰਗੜਾਈ ਭਰਦੇ, ਲੱਸੀ, ਦੋਰਿੜਕਾ ਜਾਂ ਚਾਹ ਦਾ ਕੱਪ ਪੀਂਦੇ ਅਤੇ ਤਰੋਤਾਜ਼ੇ ਹੋ ਕੇ ਹਲ਼ ਜੋਤਣ ਲਈ ਆਪੋ-ਆਪਣੇ ਰਾਹ ਮੱਲ ਲੈਂਦੇ।
ਇਹ ਚੁਬਾਰਾ ਉਨ੍ਹਾਂ ਜਾਗਦੀਆਂ ਰਾਤਾਂ ਦਾ ਗਵਾਹ ਹੀ ਸੀ ਜਦ ਸਿਰਫ਼ ਪੜ੍ਹਨ ਦਾ ਹੀ ਜਨੂੰਨ ਹੁੰਦਾ ਸੀ। ਕੁਝ ਕਰ ਗੁਜ਼ਰਨ ਦੀ ਤਮੰਨਾ ਅਤੇ ਮਾਪਿਆਂ ਦੇ ਸੁਪਨਿਆਂ ਦੀ ਪੂਰਤੀ ਦਾ ਝੱਲ ਭਾਰੀ ਸੀ। ਉਨ੍ਹਾਂ ਸਮਿਆਂ ਵਿੱਚ ਪੜ੍ਹਨ ਦਾ ਸਮਾਂ ਹੀ ਰੋਟੀ-ਟੁੱਕ ਤੋਂ ਬਾਅਦ ਸ਼ੁਰੂ ਹੁੰਦਾ ਸੀ ਕਿਉਂਕਿ ਘਰਦਿਆਂ ਨੂੰ ਇਹ ਲਾਲਚ ਹੁੰਦਾ ਕਿ ਬੱਚਿਆਂ ਕੋਲੋਂ ਘਰ ਦਾ ਵੱਧ ਤੋਂ ਵੱਧ ਕੰਮ ਕਰਵਾ ਲਿਆ ਜਾਵੇ। ਉਨ੍ਹਾਂ ਲਈ ਪੜ੍ਹਾਈ ਤਾਂ ਵਾਧੂ ਜਿਹਾ ਕੰਮ ਹੀ ਸੀ। ਪੜ੍ਹਨ ਲਈ ਰਾਤ ਸਭ ਤੋਂ ਕਾਰਗਾਰ ਹੁੰਦੀ ਕਿਉਂਕਿ ਚਾਰੇ ਪਾਸੇ ਪਸਰੀ ਚੁੱਪ ਵਿੱਚ ਤੁਸੀਂ ਖ਼ੁਦ ਨਾਲ ਇਕਸਾਰ ਅਤੇ ਗਿਆਨ-ਗੋਸ਼ਟਿ ਨਾਲ ਇਕਸੁਰ ਹੁੰਦੇ। ਇਸ ਇਕਸੁਰਤਾ ਅਤੇ ਨਿਰੰਤਰਤਾ ਵਿੱਚੋਂ ਹੀ ਬਹੁਤ ਕੁਝ ਹਾਸਲ ਕੀਤਾ ਜੋ ਸੱਚੀ-ਸੁੱਚੀ ਕੀਰਤੀ ਦਾ ਸ਼ਰਫ਼ਨਾਮਾ ਬਣਿਆ।
ਅਕਸਰ ਹੀ ਖਿਆਲਾਂ ਵਿੱਚ ਇਹ ਚੁਬਾਰਾ ਮੇਰੇ ਨਾਲ ਸੰਵਾਦ ਰਚਾਉਂਦਾ ਹੈ;
ਬੜੇ ਚਿਰ ਬਾਅਦ ਜਾਗ ਪਿਆ ਅੱਜ
ਮੇਰੇ ਮਨ ਵਿੱਚ ਸੁੱਤਿਆ ਹੋਇਆ ਉਹ ਪਲ
ਜਦ ਮੈਂ ਤੇ ਮੇਰਾ ਚੁਬਾਰਾ
ਜ਼ਿੰਦਗੀ ਦੀ ਅੱਖਰਕਾਰੀ ਕਰਦੇ ਸਾਂ

ਇਹ ਚੁਬਾਰਾ ਕਾਹਦਾ
ਨਿਰਾ ਇੱਕ ਢਾਚਾਂ
ਬੋਰੀਆਂ ਦੇ ਲਟਕਦੇ ਪਰਦੇ
ਮੇਰੀ ਤੇ ਚੁਬਾਰੇ ਦੀ ਪਰਦਾਦਾਰੀ ਕਰਦੇ
ਛੱਤ ’ਤੇ ਤਾਰ ਨਾਲ ਲਟਕਦਾ ਬਲਬ
ਨਿੰਮੀ ਨਿੰਮੀ ਰੌਸ਼ਨੀ ਵੰਡਦਾ
ਤੇ ਠੁਰ ਠੁਰ ਕਰਦੇ ਹੱਥਾਂ ਲਈ
ਨਿੱਘ ਦਾ ਨਿਉਂਦਾ ਵੀ
ਇਹ ਬਲਬ ਮੇਰੇ ਨੈਣਾਂ ਵਿੱਚ
ਉਨ੍ਹਾਂ ਸੂਰਜਾਂ ਦਾ ਸਿਰਨਾਵਾਂ ਵੀ ਧਰਦਾ
ਤਾਂ ਕਿ ਹਨੇਰੀਆਂ ਝੀਤਾਂ
ਚਾਨਣ ਵਿੱਚ ਨਹਾ ਸਕਣ
ਇਸ ਕਮਰੇ ਦੀ ਆਗੋਸ਼ ਵਿੱਚ
ਮੇਰਾ ਸਭ ਤੋਂ ਪਿਆਰਾ ਸਾਥੀ ਸੀ
ਮਾਂ ਦੇ ਛੂਛਕੜੇ ਵਿੱਚ ਆਇਆ
ਕਾਲੀ ਟਾਹਲੀ ਦਾ ਮੇਜ਼ ਤੇ ਕੁਰਸੀ
ਮੇਜ਼ ’ਤੇ ਪਿਆ ਕਿਤਾਬਾਂ ਦਾ ਖਿਲਾਰਾ
ਅਤੇ ਕਾਗਜ਼ਾਂ ’ਤੇ ਲਿਖੀ ਅੱਖਰਾਂ ਦੀ ਤਫਸ਼ੀਲ
ਪੂਰਨ ਗਿਆਨ-ਸ਼ਾਲਾ ਦਾ ਸਰੂਪ ਧਾਰ
ਜ਼ਿੰਦਗੀ ਦੇ ਸੁੱਚਮ ਨੂੰ ਰੂਬਰੂ ਕਰਦਾ

Advertisement

ਇਹ ਚੁਬਾਰਾ
ਨਿਰਾ ਚੁਬਾਰਾ ਹੀ ਨਹੀਂ
ਸਗੋਂ ਮੇਰੀ ਸੁਪਨ-ਨਗਰੀ ਸੀ
ਮੇਰੀ ਪਰਵਾਜ਼ ਦਾ ਪਹਿਲਾ ਪੜੁੱਲ
ਸੁਪਨੇ ਤੋਂ ਸੱਚ ਤੀਕ ਦਾ ਸਫ਼ਰਨਾਮਾ

ਇਹ ਚੁਬਾਰਾ
ਬਹੁਤ ਕੁਝ
ਅਚੇਤ ਤੇ ਸੁਚੇਤ ਰੂਪ ਵਿੱਚ
ਮੇਰੀ ਚੇਤਨਾ ਵਿੱਚ ਧਰਦਾ
ਇਸ ਦੀ ਹਰ ਇੱਟ ਵਿੱਚੋਂ ਝਲਕਦਾ
ਬਾਪ ਦੀ ਮੁਸ਼ੱਕਤ, ਮੁੜਕਾ ਤੇ ਮਹਿਕਸ਼ਾਂ

ਇਹ ਚੁਬਾਰਾ
ਬਾਪ ਦੀ ਨਵੀਂ ਪਹਿਲਕਦਮੀ ਦਾ ਸਬੱਬ
ਚੁਬਾਰਾ ਸਮਝਾਉਂਦਾ
ਕਿ ਅੱਗੇ ਵਧਣ ਲਈ
ਨਜ਼ਰਾਂ ਉੱਚੀਆਂ ਤੇ ਕਦਮ ਅਗਾਂਹ ਨੂੰ ਰੱਖੀਦਾ
ਇਸ ਦੀਆਂ ਦਹਿਲੀਜ਼ਾਂ
ਮਾਂ ਦੇ ਸੁਨਹਿਰੀ ਸੁਪਨਿਆਂ ਦੀ ਅਧਾਰਸ਼ਿਲਾ
ਜੋ ਮੇਰੀ ਮਾਂ ਨੇ ਛੂਛਕੜੇ ਵੇਲੇ
ਇਸ ਘਰ ਵਿੱਚ ਪੈਰ ਧਰਦਿਆਂ ਉਣੇ ਸਨ
ਅਤੇ ਹੁਣ ਮੇਰੀ ਵਾਰੀ ਸੀ
ਕਿ ਮੇਜ਼ ਨੂੰ ਕਰਮਸ਼ਾਲਾ ਬਣਾ
ਲਏ ਹੋਏ ਸੁਪਨਿਆਂ ਦਾ ਸੱਚ
ਮਾਂ ਦੀਆਂ ਚੁੰਨੀਆਂ ਅੱਖਾਂ ਵਿੱਚ ਧਰਾਂ

ਇਹ ਚੁਬਾਰਾ
ਇਹ ਮੇਜ਼
ਇਹ ਕੁਰਸੀ
ਕੁਰਸੀ ’ਤੇ ਬੈਠਾ ਸ਼ਖ਼ਸ
ਤੇ ਕਿਤਾਬਾਂ, ਕਾਗਜ਼ ਤੇ ਕਲਮਾਂ ਦਾ ਖਿਲਾਰਾ
ਕਮਰੇ ਦਾ ਕੀਰਤੀਹਾਰ ਬਣ
ਕੀਰਤੀਮਾਨਾਂ ਦਾ ਸਰੂਪ ਸਿਰਜਣ ਲਈ ਕਾਹਲੇ।
ਚੁਬਾਰੇ ਵਿਚਲੀ ਲੋਅ ਨੂੰ ਦੇਖ
ਪਿੰਡ ਵਾਲੇ ਟਾਈਮ ਦਾ ਅੰਦਾਜ਼ਾ ਲਾਉਂਦੇ

ਇਹ ਚੁਬਾਰਾ
ਮੇਰੀਆਂ ਕਾਮਨਾਵਾਂ, ਕਰਮਯੋਗਤਾ
ਅਤੇ ਸੁਪਨਗੋਈ ਦਾ ਸ਼ਾਹ-ਅਸਵਾਰ
ਜੋ ਇਸ ਦੀ ਅਹਿਮੀਅਤ ਤੋਂ ਨਾ-ਵਾਕਫ਼
ਇਹ ਚੁਬਾਰਾ

ਮੇਰਾ ਗੁਰਦੁਆਰਾ, ਮੰਦਰ ਤੇ ਮਸੀਤ
ਮੇਰਾ ਦੁੱਖ-ਸੁੱਖ ਅਤੇ ਹਾਰ ਤੇ ਜੀਤ
ਅਰਧ-ਚੇਤਨਾ ਵਿੱਚ ਵੱਸਿਆ ਚਾਨਣ-ਦੁਆਰ
ਇਸ ਚੁਬਾਰੇ ਵਿੱਚ ਅਕਸਰ ਹੀ
ਬਾਜਰੇ ਦੇ ਸਿੱਟਿਆਂ ਦਾ ਢੇਰ
ਕੱਢੀਆਂ ਹੋਈਆਂ ਛੱਲੀਆਂ
ਜਾਂ ਪੀਹਣ ਲਈ ਕਣਕ ਦੀ ਢੇਰੀ
ਮੇਰੀਆਂ ਪੁਸਤਕਾਂ ਨਾਲ ਸੰਵਾਦ ਵੀ ਰਚਾਉਂਦੇ
ਤੇ ਕਿਤਾਬਾਂ ਵਿਚਲੇ ਅੱਖਰ
ਛਿੱਟਿਆਂ, ਛੱਲੀਆਂ ਤੇ ਦਾਣਿਆਂ ਦੀ ਮਹਿਕ ਨੂੰ
ਆਪਣੇ ਅੰਦਰ ਵਸਾਉਂਦੇ

ਅਤੇ ਇਹ ਵੀ ਸਮਝਾਉਂਦੇ
ਕਿ ਜਿਵੇਂ ਧਰਤੀ ਦੀ ਕੁੱਖ ਵਿੱਚੋਂ
ਸੋਨ ਰੰਗੇ ਦਾਣੇ ਉਗਾਏ ਜਾ ਸਕਦੇ
ਇਵੇਂ ਹੀ ਕਿਤਾਬਾਂ ਦੀ ਰਹਬਿਰੀ ਵਿੱਚੋਂ
ਰੁਜ਼ਗਾਰ, ਰਹਿਮਤਾਂ ਅਤੇ ਰੰਗਰੇਜ਼ਤਾ ਨੂੰ
ਜੀਵਨ ਦਾ ਹਾਸਲ ਬਣਾਇਆ ਜਾ ਸਕਦਾ
ਇਨ੍ਹਾਂ ਦਾਣਿਆਂ ਤੇ ਅੱਖਰਾਂ ਨਾਲ
ਅਨੇਕਾਂ ਚੁਬਾਰੇ ਤਾਮੀਰ ਕੀਤੇ ਜਾ ਸਕਦੈ
ਅੱਜ ਵੀ
ਚੁਬਾਰੇ ਨੂੰ ਅਦਾਬ ਕਹਿਣ ਲਈ
ਵਕਤ-ਬ-ਵਕਤ ਪਿੰਡ ਜਾਂਦਾ ਹਾਂ।
ਇਸ ਚੁਬਾਰੇ ਵਿੱਚ ਲਟਕਦੇ ਬਲਬ ਦੇ ਆਲੇ-ਦੁਆਲੇ ਭੁਮੱਕੜ ਮੰਡਰਾਉਂਦੇ ਸਨ। ਭਮੱਕੜ ਦੀ ਚਾਨਣ ਨੂੰ ਮਿਲਣ ਦੀ ਤਸਕੀਨ, ਮੇਰਾ ਹੌਸਲਾ ਤੇ ਹੱਠ ਤਪਾਉਂਦੀ ਸੀ। ਸਿਰੜ ਤੇ ਸਾਧਨਾ ਮੇਰੀ ਕੱਚਘਰੜ ਸੋਚ ਦੇ ਨਾਮ ਲਾਉਂਦੀ। ਇਸ ’ਚੋਂ ਨਵੀਆਂ ਮੰਜ਼ਲਾਂ ਦੀ ਪ੍ਰਦਖਣਾ ਕਰਨ ਅਤੇ ਇਨ੍ਹਾਂ ਨੂੰ ਹਾਸਲ ਕਰਨ ਦੀ ਤਾਂਘ ਜਾਗਦੀ ਸੀ।
ਇਹ ਚੁਬਾਰਾ ਮੇਰੇ ਤੇ ਮੇਰੀ ਸਾਧਨਾ ਲਈ ਗੈਬੀ ਤੀਰਥ-ਅਸਥਾਨ ਹੈ। ਇਸ ਦੀ ਆਸਥਾ ਅਤੇ ਅਰਦਾਸ ਵਿੱਚੋਂ ਬਹੁਤ ਕੁਝ ਪ੍ਰਾਪਤ ਕੀਤਾ। ਇਸ ਕਮਰੇ ਨੂੰ ਗਾਹੇ-ਬਗਾਹੇ ਨਤਮਸਤਕ ਕਰਨ ਲਈ ਮਨ ਅਹੁਲਦਾ, ਜਦ ਵੀ ਕਦੇ ਵਤਨ ਫੇਰੀ ਪਾਉਂਦਾ ਹਾਂ। ਭਾਵੇਂ ਪਿੰਡ ਵਿਚਲੇ ਉਸ ਪੁਰਾਣੇ ਘਰ ਵਿੱਚ ਹੁਣ ਹੋਰ ਲੋਕ ਰਹਿੰਦੇ ਨੇ ਪਰ ਮੇਰੀ ਅਕੀਦਤ ਲਈ ਇਹ ਚੁਬਾਰਾ ਤੀਰਥ-ਦਰਸ਼ਨ ਤੋਂ ਘੱਟ ਨਹੀਂ। ਹੁਣ ਇਸ ਦਾ ਮੁਹਾਂਦਰਾ ਬਹੁਤ ਬਦਲ ਗਿਆ ਹੈ। ’ਕੇਰਾਂ ਆਪਣੀਆਂ ਵਿਦੇਸ਼ ਵੱਸਦੀਆਂ ਬੇਟੀਆਂ ਅਤੇ ਦੋਹਤਰੀਆਂ ਨੂੰ ਇਸ ਚੁਬਾਰੇ ਦੇ ਦੀਦਾਰੇ ਕਰਵਾਏ। ਉਹ ਕਿਆਸ ਵੀ ਨਾ ਕਰ ਸਕੀਆਂ ਕਿ ਕਦੇ ਮੈਂ ਇਸ ਚੁਬਾਰੇ ਦਾ ਆੜੀ ਸਾਂ। ਇਹ ਚੁਬਾਰਾ ਕੁਝ ਨਾ ਹੁੰਦਿਆਂ ਵੀ ਮੇਰੀਆਂ ਕਿਤਾਬਾਂ, ਕਾਪੀਆਂ, ਕਲਮਾਂ ਅਤੇ ਕਾਗਜ਼ਾਂ ਦਾ ਸੰਗ੍ਰਹਿ ਤੇ ਉਨ੍ਹਾਂ ਵਿਚਲੀ ਕ੍ਰਿਤ-ਕਮਾਈ ਦਾ ਚਸ਼ਮਦੀਦ ਗਵਾਹ ਸੀ। ਮੈਨੂੰ ਸੰਭਾਲਦਾ ਅਤੇ ਮੇਰਾ ਰੱਖਿਅਕ ਵੀ ਹੁੰਦਾ ਸੀ।
ਰਾਤ ਦੀ ਡੂੰਘੀ ਚੁੱਪ ਵਿੱਚ ਮੈਂ ਇਸ ਨੂੰ ਆਪਣਾ ਦੁੱਖ-ਸੁੱਖ ਸੁਣਾਉਂਦਾ ਸਾਂ। ਮੇਰੀਆਂ ਗੱਲਾਂ ਦਾ ਹੁੰਗਾਰਾ ਭਰਦਾ ਸੀ ਅਤੇ ਮੇਰੇ ਲਈ ਹੱਲਾਸ਼ੇਰੀ ਤੇ ਹਿੰਮਤ ਬਣਦਾ ਸੀ। ਮੇਰੀਆਂ ਯਾਦਾਂ ਦਾ ਸਰਮਾਇਆ। ਮੇਰੇ ਸੁਪਨਿਆਂ ਦਾ ਰੈਣ-ਬਸੇਰਾ। ਮੇਰੀਆਂ ਸਮ-ਭਾਵਨਾਵਾਂ ਦਾ ਸਾਰਥੀ। ਦਿੱਬ-ਦ੍ਰਿਸਟੀ ਵਿਚਲਾ ਦ੍ਰਿਸ਼ਟੀਕੋਣ। ਹਾਵ-ਭਾਵਾਂ ਦੀ ਤਰਜ਼ਮਾਨੀ ਅਤੇ ਅੱਖਰਕਾਰੀ ਦਾ ਗਵਾਹ। ਪੈਰਾਂ ਵਿੱਚ ਉੱਗੇ ਹੋਏ ਸਫ਼ਰ ਦਾ ਸਿਰਨਾਵਾਂ। ਗਰਮੀ-ਸਰਦੀ ਤੋਂ ਬੇਪ੍ਰਵਾਹੀ ਤੇ ਬੇਅਸਰੀ ਦਾ ਆਲਮ। ਝੱਖੜਾਂ-ਝਾਂਝਿਆਂ ਵਿੱਚ ਜ਼ਿੰਦਗੀ ਦੀ ਰਵਾਨਗੀ ਦਾ ਦੀਵਾਨਾ ਅਤੇ ਸਮੇਂ ਦੀਆਂ ਬੇਕਿਰਕ ਸੂਲੀਆਂ ’ਤੇ ਖ਼ੁਦ ਨੂੰ ਕੁਰਬਾਨ ਕਰਨ ਵਾਲਾ ਪ੍ਰਵਾਨਾ।
ਅਕਸਰ ਹੀ ਗਈ ਰਾਤੇ, ਚੁਬਾਰੇ ਦੀ ਚੁੱਪ ਨੂੰ ਤੋੜਦੀ ਸੀ ਮਾਂ ਦੇ ਕਦਮਾਂ ਦੀ ਅਛੋਪਲੀ ਜਿਹੀ ਆਹਟ। ਉਹ ਡੂੰਘੀ ਰਾਤ ਦਾ ਫ਼ਿਕਰ ਕਰਦੀ ਸੌਣ ਲਈ ਪ੍ਰੇਰਦੀ ਪਰ ਬੱਚੇ ਦੀ ਜ਼ਿੱਦ ਸਾਹਵੇਂ ਵਾਪਸ ਜਾ ਕੇ ਸੌਂ ਜਾਦੀ ਅਤੇ ਫਿਰ ਅੱਬੜਵਾਹੇ ਉੱਠ ਕੇ ਜਾਗਦੇ ਪੜ੍ਹਾਕੂ ਨੂੰ ਘੜੀ ਪਲ ਅੱਖ ਲਾਉਣ ਲਈ ਆਖਦੀ। ਅਜਿਹਾ ਅਕਸਰ ਹੁੰਦਾ ਕਿਉਂਕਿ ਮਾਂ ਨੂੰ ਪਤਾ ਹੁੰਦਾ ਕਿ ਇਸ ਨੇ ਆਪਣੀ ਮਰਜ਼ੀ ਨਾਲ ਹੀ ਸੌਣਾ ਏ। ਉਸ ਸਮੇਂ ਤਾਂ ਸਿਰਫ਼ ਕਿਤਾਬਾਂ ਅਤੇ ਇਸ ਵਿਚਲੇ ਗਿਆਨ ਨੂੰ ਵੱਧ ਤੋਂ ਵੱਧ ਪ੍ਰਾਪਤ ਕਰਨ ਦੀ ਹੀ ਚੇਸ਼ਟਾ ਸੀ ਪਰ ਕਈ ਵਾਰ ਕੁਰਸੀ ’ਤੇ ਹੀ ਸੁੱਤੇ ਆਪਣੇ ਪੜ੍ਹਾਕੂ ਪੁੱਤ ਦੇ ਦੁਆਲੇ ਬੰਬਲਾਂ ਵਾਲੇ ਖੇਸ ਦੀ ਬੁੱਕਲ ਵੀ ਮਾਰ ਜਾਂਦੀ ਸੀ।
ਇਸ ਚੁਬਾਰੇ ਵਿੱਚੋਂ ਹੀ ਕਰਮ-ਧਾਰਨਾ, ਕਰਮ-ਯੋਗਤਾ, ਕਰਮ-ਭਾਵਨਾ ਅਤੇ ਕਰਮ-ਕੀਰਤੀ ਨੂੰ ਅਰਥ ਅਤੇ ਅਰਘ ਚੜ੍ਹਾਉਣ ਦੀ ਕੋਸ਼ਿਸ਼ ਕੀਤੀ। ਇਸ ਵਿੱਚ ਹੀ ਕਰਮ ਰੇਖਾਵਾਂ ਦੀ ਕਲਾਕਾਰੀ ਕੀਤੀ ਅਤੇ ਇਸ ਦੇ ਨਕਸ਼ਾਂ ਨੂੰ ਮਿਲੀ ਨਵੀਨ ਪਛਾਣ ਤੇ ਪ੍ਰਤੀਤੀ। ਇਹ ਚੁਬਾਰਾ ਤਾਂ ਮੇਰੇ ਅੰਦਰ ਸਦਾ ਜਿਊਂਦਾ ਹੈ ਅਤੇ ਜਿਊਂਦਾ ਰਹੇਗਾ ਤਾਂ ਹੀ ਇਸ ਨਾਲ ਗੁਫ਼ਤਗੂ ਕਰਦਿਆਂ ਬੋਲ ਵੀ ਛੋਟੇ ਪੈ ਜਾਂਦੇ ਹਨ;
ਅੱਜਕੱਲ੍ਹ
ਚੁਬਾਰਾ ਬਹੁਤ ਸੱਖਣਾ ਹੈ
ਆਲ੍ਹਣੇ ਦੇ ਖਿੱਲਰੇ ਤੀਲਿਆਂ
ਤੇ ਫਰਸ਼ ’ਤੇ ਪਈਆਂ ਵਿੱਠਾਂ ਦਾ ਚਿੱਤਰਪੱਟ
ਕਦੇ ਕਦਾਈਂ
ਬੋਟ ਦੀ ਚਹਿਕਣੀ

ਇਸ ਦੇ ਜਿਊਂਦੇ ਹੋਣ ਦੀ ਸ਼ਾਹਦੀ ਭਰਦੀ
ਪਸਰੇ ਹਨੇਰੇ ਨੂੰ ਚਾਕ ਕਰਦੀ ਹੈ
ਦਰਵਾਜ਼ੇ ਦੀਆਂ ਵਿਰਲਾਂ ’ਚੋਂ ਆਉਂਦੀ ਧੁੱਪ
ਰਾਤ ਨੂੰ ਰੌਸ਼ਨਦਾਨ ਰਾਹੀਂ ਆਉਂਦਾ ਚੰਨ
ਚੁਬਾਰੇ ਨਾਲ ਕਰਦਾ ਹੈ ਗੱਲਾਂ
ਕਿਤਾਬ ’ਚ ਸਿਸਕਿਆ ਸੰਵਾਦ
ਕਦੇ ਕਦੇ ਜ਼ਰਜ਼ਰੀ ਵਰਕਿਆਂ ’ਚੋਂ ਹੂੰਗਰਦਾ
ਚੁਬਾਰੇ ਨੂੰ ਲੱਗਦਾ ਹੈ
ਕੰਧਾਂ ’ਤੇ ਮਾਰੀਆਂ ਲੀਕਾਂ ਦੀ ਖਾਮੋਸ਼ੀ ’ਚੋਂ
ਬੀਤੇ ਦੇ ਨਕਸ਼ ਨਿਹਾਰਨ ਵਾਲੇ
ਬਹੁਤ ਦੂਰ ਤੁਰ ਗਏ ਨੇ।

ਪਰ
ਅਜਿਹਾ ਨਹੀਂ
ਮਹਾਤਮੀ ਆਭਾ ’ਚ ਲੀਨ ਚੁਬਾਰੇ ਦੀ
ਜ਼ਿਆਰਤ ਕਰਨ ਲਈ
ਮੈਂ ਅਕਸਰ ਹੀ ਵਾਪਸ ਪਰਤਦਾ ਹਾਂ
ਇਹ ਚੁਬਾਰਾ
ਮੇਰੇ ਧੁੱਰ ਅੰਦਰ ਤੀਕ ਫੈਲ ਚੁੱਕਾ ਹੈ।
ਸੰਪਰਕ: 216-556-2080

Advertisement