ਯੂਕਰੇਨ ਵੱਲੋਂ ਕਰੀਮੀਆ ਦਾ ਲਾਂਘਾ ਕੱਟਣ ਦੇ ਯਤਨ: ਰੂਸ
ਕੀਵ, 5 ਜੂਨ
ਮੁੱਖ ਅੰਸ਼
- ਯੂਕਰੇਨ ਵੱਲੋਂ ਰੂਸ ‘ਤੇ ਗਲਤ ਜਾਣਕਾਰੀ ਫੈਲਾਉਣ ਦਾ ਦੋਸ਼
ਮਾਸਕੋ ਦੇ ਇਕ ਅਧਿਕਾਰੀ ਨੇ ਦਾਅਵਾ ਕੀਤਾ ਹੈ ਕਿ ਯੂਕਰੇਨੀ ਸੈਨਾ ਦੱਖਣ-ਪੂਰਬੀ ਯੂਕਰੇਨ ਵਿਚ ਰੂਸ ਦੀ ਰੱਖਿਆ ਕਤਾਰ ਨੂੰ ਤੋੜਨ ਦੀ ਕੋਸ਼ਿਸ਼ ਕਰ ਰਹੀ ਹੈ। ਰੂਸ ਦੇ ਰੱਖਿਆ ਮੰਤਰਾਲੇ ਨੇ ਕਿਹਾ ਹੈ ਕਿ ਉਨ੍ਹਾਂ ਗੈਰਕਾਨੂੰਨੀ ਢੰਗ ਨਾਲ ਰਲਾਏ ਗਏ ਇਕ ਹੋਰ ਖੇਤਰ ਵਿਚ ਯੂਕਰੇਨੀ ਹਮਲਾ ਨਾਕਾਮ ਕੀਤਾ ਹੈ, ਜਦਕਿ ਕੀਵ ਨੇ ਕਿਹਾ ਹੈ ਕਿ ਹਮਲੇ ਦੀਆਂ ਖ਼ਬਰਾਂ ਰੂਸ ਵੱਲੋਂ ਫੈਲਾਈ ਜਾ ਰਹੀ ਗੁਮਰਾਹਕੁਨ ਜਾਣਕਾਰੀ ਹੈ। ਕਿਆਸਅਰਾਈਆਂ ਹਨ ਕਿ ਯੂਕਰੇਨੀ ਸੈਨਾ ਵੱਲੋਂ ਜਵਾਬੀ ਹੱਲਾ ਹਾਲੇ ਬੋਲਿਆ ਜਾਣਾ ਹੈ ਤੇ ਤਿਆਰੀ ਕੀਤੀ ਜਾ ਰਹੀ ਹੈ। ਯੂਕਰੇਨੀ ਸੂਬੇ ਜ਼ੈਪੋਰਿਜ਼ੀਆ ਦੇ ਰੂਸੀ ਕਬਜ਼ੇ ਹੇਠਲੇ ਖੇਤਰ ਦੇ ਅਧਿਕਾਰੀ ਵਲਾਦੀਮੀਰ ਰੋਗੋਵ ਨੇ ਦਾਅਵਾ ਕੀਤਾ ਹੈ ਕਿ ਅੱਜ ਸਵੇਰੇ ਜੰਗ ਮੁੜ ਸ਼ੁਰੂ ਹੋ ਗਈ ਸੀ। ਉਨ੍ਹਾਂ ਕਿਹਾ ਕਿ ਇਕ ਦਿਨ ਪਹਿਲਾਂ ਹੀ ਇਸ ਇਲਾਕੇ ਵਿਚ ਯੂਕਰੇਨ ਦੇ ਹੱਲੇ ਨੂੰ ਰੋਕਿਆ ਗਿਆ ਸੀ। ਰੂਸੀ ਅਧਿਕਾਰੀ ਨੇ ਕਿਹਾ ਕਿ ਯੂਕਰੇਨ ਨੇ ਪਹਿਲਾਂ ਨਾਲੋਂ ਵੀ ਵੱਡੀ ਫ਼ੌਜ ਭੇਜ ਦਿੱਤੀ ਹੈ। ਉਨ੍ਹਾਂ ਕਿਹਾ ਕਿ ਜੰਗ ਜਾਰੀ ਹੈ। ਰੂਸੀ ਅਧਿਕਾਰੀ ਨੇ ਕਿਹਾ ਕਿ ਯੂਕਰੇਨੀ ਸੈਨਾ ਐਜ਼ੋਵ ਸਮੁੰਦਰੀ ਤੱਟ ਉਤੇ ਪਹੁੰਚਣ ਦੀ ਕੋਸ਼ਿਸ਼ ਕਰ ਰਹੀ ਹੈ ਤਾਂ ਕਿ ਕਰੀਮੀਆ ਤੱਕ ਜਾਂਦਾ ਜ਼ਮੀਨੀ ਕੌਰੀਡੋਰ ਕੱਟਿਆ ਜਾ ਸਕਿਆ। ਜ਼ਿਕਰਯੋਗ ਹੈ ਕਿ ਮਾਸਕੋ ਨੇ 2014 ਵਿਚ ਕਰੀਮੀਆ ਦਾ ਰਲੇਵਾਂ ਕਰ ਲਿਆ ਸੀ। ਮਾਹਿਰ ਕਈ ਚਿਰ ਤੋਂ ਇਸ ਰਣਨੀਤੀ ਬਾਰੇ ਗੱਲ ਕਰ ਰਹੇ ਸਨ ਜਿਸ ਤਹਿਤ ਰੂਸੀ ਤਾਕਤਾਂ ਦੋ ਹਿੱਸਿਆਂ ਵਿਚ ਵੰਡੀਆਂ ਜਾਣਗੀਆਂ ਤੇ ਕਰੀਮੀਆ ਨੂੰ ਹੁੰਦੀ ਸਪਲਾਈ ਬੇਹੱਦ ਘਟ ਜਾਵੇਗੀ। ਦੱਸਣਯੋਗ ਹੈ ਕਿ ਕਰੀਮੀਆ ਫਰਵਰੀ 2022 ਵਿਚ ਸ਼ੁਰੂ ਹੋਈ ਯੂਕਰੇਨ ਜੰਗ ਲਈ ਰੂਸ ਦਾ ਫ਼ੌਜੀ ਅੱਡਾ ਬਣਿਆ ਹੋਇਆ ਹੈ। ਮਾਸਕੋ ਨੇ ਪੂਰਬੀ ਦੋਨੇਸਕ ਖੇਤਰ ਵਿਚ ਵੀ ਯੂਕਰੇਨ ਦਾ ਹਮਲਾ ਨਾਕਾਮ ਕਰਨ ਦਾ ਦਾਅਵਾ ਕੀਤਾ ਹੈ। -ਏਪੀ