ਖਿਡੌਣਾ ਪਿਸਤੌਲ ਨਾਲ ਡਰਾ ਕੇ ਦੁਕਾਨਦਾਰ ਨੂੰ ਲੁੱਟਣ ਦਾ ਯਤਨ
ਪੱਤਰ ਪ੍ਰੇਰਕ
ਭਵਾਨੀਗੜ੍ਹ, 17 ਜੂਨ
ਇੱਥੇ ਨਵੇਂ ਬੱਸ ਸਟੈਂਡ ਨੇੜੇ ਬੀਤੀ ਰਾਤ ਮੋਟਰਸਾਈਕਲ ਸਵਾਰ ਦੋ ਅਣਪਛਾਤਿਆਂ ਨੇ ਇਕ ਦੁਕਾਨਦਾਰ ਨੂੰ ਖਿਡੌਣਾ ਪਿਸਤੌਲ ਦਿਖਾ ਕੇ ਲੁੱਟਣ ਦੀ ਕੋਸ਼ਿਸ਼ ਕੀਤੀ। ਘਟਨਾ ਦੌਰਾਨ ਹੋਈ ਝੜਪ ਵਿੱਚ ਲੁਟੇਰਿਆਂ ਨੇ ਦੁਕਾਨਦਾਰ ਨੂੰ ਇੱਟ ਮਾਰ ਕੇ ਜ਼ਖ਼ਮੀ ਕਰ ਦਿੱਤਾ ’ਤੇ ਮੌਕੇ ਤੋਂ ਫਰਾਰ ਹੋ ਗਏ। ਘਟਨਾ ਸਬੰਧੀ ਸੂਚਨਾ ਮਿਲਦਿਆਂ ਹੀ ਪੁਲੀਸ ਨੇ ਮੌਕੇ ’ਤੇ ਪਹੁੰਚ ਕੇ ਕਾਰਵਾਈ ਸ਼ੁਰੂ ਕਰ ਦਿੱਤੀ।
ਸੁਦਰਸ਼ਨ ਕੁਮਾਰ ਨੇ ਦੱਸਿਆ ਕਿ ਉਸ ਦਾ ਭਤੀਜਾ ਵਿਕਰਾਂਤ ਕੁਮਾਰ ਬੀਤੀ ਸ਼ਾਮ ਮੁੱਖ ਮਾਰਗ ’ਤੇ ਨਵੇਂ ਬੱਸ ਸਟੈਂਡ ਨੇੜੇ ਆਪਣੀ ਕਰਿਆਨੇ ਦੀ ਦੁਕਾਨ ’ਤੇ ਇਕੱਲਾ ਬੈਠਾ ਸੀ। ਇਸੇ ਦੌਰਾਨ ਮੋਟਰਸਾਈਕਲ ਸਵਾਰ ਦੋ ਨਕਾਬਪੋਸ਼ ਲੁਟੇਰਿਆਂ ਨੇ ਦੁਕਾਨ ‘ਤੇ ਆਉਂਦਿਆਂ ਹੀ ਵਿਕਰਾਂਤ ਦੇ ਕੰਨ ‘ਤੇ ਖਿਡਾਉਣਾ ਪਿਸਤੌਲ ਤਾਣ ਕੇ ਸਭ ਕੁਝ ਉਨ੍ਹਾਂ ਨੂੰ ਦੇਣ ਲਈ ਕਿਹਾ। ਵਿਕਰਾਂਤ ਨੇ ਲੁਟੇਰਿਆਂ ਦਾ ਦਲੇਰੀ ਨਾਲ ਮੁਕਾਬਲਾ ਕੀਤਾ ਜਿਸ ਕਾਰਨ ਹੱਥੋਪਾਈ ਮਗਰੋਂ ਲੁਟੇਰੇ ਮੋਟਰਸਾਈਕਲ ’ਤੇ ਭੱਜਣ ਲੱਗੇ ਤਾਂ ਵਿਕਰਾਂਤ ਨੇ ਮੋਟਰਸਾਈਕਲ ਰੋਕ ਕੇ ਬਦਮਾਸ਼ਾਂ ਨੂੰ ਫੁਰਤੀ ਨਾਲ ਹੇਠਾਂ ਸੁੱਟ ਲਿਆ। ਇਸ ਦੌਰਾਨ ਘਬਰਾਏ ਲੁਟੇਰਿਆਂ ਨੇ ਉਸ ਨੂੰ ਇੱਟ ਮਾਰ ਕੇ ਜ਼ਖ਼ਮੀ ਕਰ ਦਿੱਤਾ ਤੇ ਬਾਈਕ ‘ਤੇ ਬੈਠ ਕੇ ਟਰੱਕ ਯੂਨੀਅਨ ਵੱਲ ਨੂੰ ਭੱਜ ਨਿਕਲੇ। ਲੁਟੇਰਿਆਂ ਦਾ ਖਿਡੌਣਾ ਪਿਸਤੌਲ ਘਟਨਾ ਸਥਾਨ ‘ਤੇ ਹੀ ਡਿੱਗ ਪਿਆ।
ਭਵਾਨੀਗੜ੍ਹ ਥਾਣਾ ਇੰਚਾਰਜ ਗੁਰਨਾਮ ਸਿੰਘ ਨੇ ਦੱਸਿਆ ਕਿ ਲੁਟੇਰੇ ਉਕਤ ਘਟਨਾ ਵਿੱਚ ਕੁਝ ਵੀ ਲੈ ਕੇ ਜਾਣ ’ਚ ਸਫ਼ਲ ਨਹੀਂ ਹੋਏ।