For the best experience, open
https://m.punjabitribuneonline.com
on your mobile browser.
Advertisement

ਚਮਕੀਲੇ ਨੂੰ ਪੂਰੀ ਇਮਾਨਦਾਰੀ ਨਾਲ ਪੇਸ਼ ਕਰਨ ਦੀ ਕੋਸ਼ਿਸ਼: ਇਮਤਿਆਜ਼

12:09 PM Apr 06, 2024 IST
ਚਮਕੀਲੇ ਨੂੰ ਪੂਰੀ ਇਮਾਨਦਾਰੀ ਨਾਲ ਪੇਸ਼ ਕਰਨ ਦੀ ਕੋਸ਼ਿਸ਼  ਇਮਤਿਆਜ਼
ਫਿਲਮ ‘ਅਮਰ ਸਿੰਘ ਚਮਕੀਲਾ’ ਦੇ ਇੱਕ ਦ੍ਰਿਸ਼ ਵਿੱਚ ਦਿਲਜੀਤ ਦੋਸਾਂਝ ਅਤੇ ਪਰਿਨੀਤੀ ਚੋਪੜਾ
Advertisement

ਨੋਨਿਕਾ ਸਿੰਘ

ਜਦ ਤੋਂ ਇਸ਼ਕ ਤੇ ਰੁਮਾਂਸ ਦੀਆਂ ਕਹਾਣੀਆਂ ਕਹਿਣ ਵਾਲੇ ਫਿਲਮਸਾਜ਼ ਇਮਤਿਆਜ਼ ਅਲੀ ਨੇ ਮਰਹੂਮ ਪੰਜਾਬੀ ਗਾਇਕ ਅਮਰ ਸਿੰਘ ਚਮਕੀਲਾ ’ਤੇ ਫਿਲਮ ਬਣਾਉਣ ਦਾ ਐਲਾਨ ਕੀਤਾ ਹੈ, ਉਦੋਂ ਤੋਂ ਹੀ ਇਹ ਚਰਚਾ ਤੇ ਖਿੱਚ ਦਾ ਕੇਂਦਰ ਬਣੀ ਹੋਈ ਹੈ। ਫਿਲਮ 12 ਅਪਰੈਲ ਨੂੰ ਨੈੱਟਫਲਿਕਸ ’ਤੇ ਰਿਲੀਜ਼ ਹੋ ਰਹੀ ਹੈ। ਫਿਲਮ ਦੇ ਨਿਰਦੇਸ਼ਕ ਤੇ ਸਿਨੇਮਾ ਦੀ ਉੱਘੀ ਹਸਤੀ ਇਮਤਿਆਜ਼ ਅਲੀ ਨੇ ਇੱਕ ਇੰਟਰਵਿਊ ’ਚ ਇਸ ਮਸ਼ਹੂਰ ਪਰ ਵਿਵਾਦਤ ਗਾਇਕ ’ਤੇ ਆਪਣੀ ਪਹਿਲੀ ਬਾਇਓਪਿਕ ਬਣਾਉਣ ਨਾਲ ਜੁੜੇ ਵਿਚਾਰ ਸਾਂਝੇ ਕੀਤੇ, ਤੇ ਨਾਲ ਹੀ ਕਲਾ ਦੇ ਮੰਤਵਾਂ ’ਤੇ ਵੀ ਚਰਚਾ ਕੀਤੀ। ਪੇਸ਼ ਹੈ ਉਸ ਨਾਲ ਕੀਤੀ ਇੰਟਰਵਿਊ ਦੇ ਅੰਸ਼...

Advertisement

*  ਗੁਜ਼ਰੇ ਸਮਿਆਂ ’ਚ ਚਮਕੀਲੇ ’ਚੋਂ ਤੁਹਾਨੂੰ ਕੀ ਲੱਭਿਆ?

ਮੈਂ ਅਕਸਰ ਫਿਲਮਾਂਕਣ ਲਈ ਪੰਜਾਬ ਆਉਂਦਾ ਤੇ ਲੋਕਾਂ ਨੂੰ ਚਮਕੀਲਾ ਸੁਣਦਿਆਂ ਦੇਖਦਾ ਸੀ, ਤੇ ਨਾਲ ਹੀ ਉਹ ਉਸ ਦੇ ਰੀਮਿਕਸ ਗੀਤ ਵੀ ਸੁਣਦੇ ਫੇਰ ਮੈਨੂੰ ਪਤਾ ਲੱਗਾ ਕਿ ਉਸ ਦੀ ਜ਼ਿੰਦਗੀ ਵੀ ਕਾਫ਼ੀ ਰੌਚਕ ਸੀ ।

* ਉਸ ਦੀ ਬਹੁਤੀ ਜ਼ਿੰਦਗੀ ਬਾਰੇ ਲੋਕਾਂ ਨੂੰ ਪਹਿਲਾਂ ਹੀ ਪਤਾ ਹੈ। ਤੁਹਾਡੀ ਫਿਲਮ ’ਚ ਕਿਸ ਤਰ੍ਹਾਂ ਦਾ ਚਮਕੀਲਾ ਉੱਭਰੇਗਾ?

ਦਿਲੋਂ ਕਹਾਂ ਤਾਂ, ਕਿਸੇ ਦੀ ਜ਼ਿੰਦਗੀ ’ਤੇ ਇਹ ਮੇਰੀ ਪਹਿਲੀ ਬਾਇਓਪਿਕ ਹੈ, ਤੇ ਅਸਲ ’ਚ ਮੈਂ ਹਾਲੇ ਇਸ ਖੇਤਰ ਦਾ ਮਾਹਿਰ ਨਹੀਂ ਕਹਾਉਂਦਾ। ਪਰ ਮੈਂ ਉਸ ਦੇ ਕਿਰਦਾਰ ਨੂੰ ਘੜਨ ਲਈ ਨਿੱਜੀ ਖੋਜ ਕਾਰਜ ਤੇ ਲੋਕਾਂ ਵੱਲੋਂ ਸੁਣਾਏ ਬਿਰਤਾਂਤ ਦਾ ਸਹਾਰਾ ਲਿਆ ਹੈ। ਚਮਕੀਲੇ ਬਾਰੇ ਕੋਈ ਭਰੋਸੇਯੋਗ ਸਾਹਿਤਕ ਰਚਨਾ ਮੌਜੂਦ ਨਹੀਂ ਹੈ। ਇਸ ਪ੍ਰਸਿੱਧ ਕਲਾਕਾਰ ਬਾਰੇ ਆਪਣੇ ਗਿਆਨ ਦਾ ਘੇਰਾ ਵਧਾਉਣ ਲਈ ਮੈਂ ਕਈ ਲੋਕਾਂ ਨੂੰ ਮਿਲਿਆ ਜਿਨ੍ਹਾਂ ਵਿੱਚ ਰਿਕਾਰਡਿੰਗ ਇੰਜਨੀਅਰ ਤੇ ਸੰਗੀਤ ਨਿਰਦੇਸ਼ਕ ਚਰਨਜੀਤ ਅਹੂਜਾ, ਕੇਸਰ ਸਿੰਘ ਟਿੱਕੀ, ਸੁਰਿੰਦਰ ਸ਼ਿੰਦਾ, ਚਮਕੀਲੇ ਦੀ ਪਹਿਲੀ ਪਤਨੀ, ਪੁੱਤਰ ਤੇ ਬੇਟੀ ਸ਼ਾਮਲ ਹਨ।

* ਇੱਕ ਗਾਇਕ ਦੀ ਜ਼ਿੰਦਗੀ ’ਤੇ ਤੁਸੀਂ ਪਹਿਲਾਂ ਹੀ ਫਿਲਮ (ਰੌਕਸਟਾਰ) ਬਣਾ ਚੁੱਕੇ ਹੋ। ਕੀ ਉਸ ਦਾ ਇੱਥੇ ਕੋਈ ਲਾਭ ਹੋਇਆ?

ਇਹ ਉਸ ਤਰ੍ਹਾਂ ਦਾ ਨਹੀਂ ਹੈ। ਕਿਸੇ ਦੀ ਜ਼ਿੰੰਦਗੀ ’ਤੇ ਫਿਲਮ ਬਣਾਉਣ ਲੱਗਿਆਂ, ਤੁਹਾਨੂੰ ਤੱਥਾਂ ’ਤੇ ਜ਼ੋਰ ਦੇਣਾ ਪੈਂਦਾ ਹੈ। ਜਦ ਜਾਣਨ ਦਾ ਕੋਈ ਜ਼ਰੀਆ ਨਾ ਵੀ ਹੋਵੇ, ਤਾਂ ਵੀ ਤੁਹਾਨੂੰ ਸੱਚੇ ਬਣਨਾ ਪੈਂਦਾ ਹੈ। ਜਿਵੇਂ ਕਿ ਬੰਦ ਦਰਵਾਜ਼ਿਆਂ ਪਿੱਛੇ ਉਸ ਨੇ ਆਪਣੀ ਪਤਨੀ ਨੂੰ ਕੀ ਕਿਹਾ ਹੋਵੇਗਾ; ਇੱਕ ਮਨੋਵਿਗਿਆਨੀ, ਇੱਕ ਜਾਸੂਸ ਵਾਂਗ ਸੋਚਣਾ ਪੈਂਦਾ ਹੈ।

ਫਿਲਮਸਾਜ਼ ਇਮਤਿਆਜ਼ ਅਲੀ

* ਇੱਥੇ ਸਾਡਾ ਧਿਆਨ ਉਸ ਦੀ ਮੌਤ ਦੁਆਲੇ ਕਿਸੇ ਸਾਜ਼ਿਸ਼ ਦੀ ਸੰਭਾਵਨਾ ਵੱਲ ਵੀ ਜਾਂਦਾ ਹੈ। ਕੀ ਤੁਸੀਂ ਇੱਥੇ ਵੀ ਆਪਣੇ ਜਾਸੂਸੀ ਵਾਲੇ ਹੁਨਰ ਨੂੰ ਵਰਤਿਆ?

ਮੈਂ ਬਿਲਕੁਲ ਸਪੱਸ਼ਟ ਕਰਨਾ ਚਾਹੁੰਦਾ ਹਾਂ ਕਿ ਇਹ ਕੋਈ ਖੋਜੀ ਰਚਨਾ ਨਹੀਂ ਹੈ। ਉਸ ਨੂੰ ਮਾਰਨ ਵਾਲਿਆਂ ਬਾਰੇ ਫਿਲਮ ਕੋਈ ਦਾਅਵਾ ਨਹੀਂ ਕਰਦੀ। ਸਾਰੇ ਜਾਣਦੇ ਹਨ ਕਿ 8 ਮਾਰਚ, 1988 ਨੂੰ (ਜਲੰਧਰ ਦੇ ਮਹਿਸਮਪੁਰ ਪਿੰਡ) ਕੁਝ ਬੰਦਿਆਂ ਨੇ ਉਸ ਦੀ ਹੱਤਿਆ (ਉਮਰ 27 ਸਾਲ) ਕੀਤੀ। ਮੈਂ ਬਸ ਇਸ ਬਾਰੇ ਸੋਚਦਾ ਸੀ ਕਿ ਜਦ ਪੰਜਾਬ ਸੜ ਰਿਹਾ ਸੀ ਤਾਂ ਉਸ ਵੇਲੇ ਇੱਕ ਕਲਾਕਾਰ ਦੀ ਜ਼ਿੰਦਗੀ ਕਿਹੋ-ਜਿਹੀ ਰਹੀ ਹੋਵੇਗੀ।

* ਕੀ ਇਹ ਪ੍ਰਸਿੱਧੀ ਦਾ ਵਿਸ਼ਲੇਸ਼ਣ ਹੈ?

ਤੁਸੀਂ ਅਜਿਹਾ ਕਹਿ ਸਕਦੇ ਹੋ। ਪ੍ਰਸਿੱਧੀ ਦੋ-ਧਾਰੀ ਤਲਵਾਰ ਵਰਗੀ ਹੈ; ਇਹ ਤੁਹਾਨੂੰ ਬੁਲੰਦੀ ’ਤੇ ਲਿਜਾ ਸਕਦੀ ਹੈ ਪਰ ਸੂਲੀ ਵੀ ਟੰਗ ਸਕਦੀ ਹੈ।

* ਕੀ ਮਸ਼ਹੂਰ ਹੋਣ ਦੇ ਇਸ ਦੂਜੇ ਪਹਿਲੂ ਦਾ ਤੁਹਾਨੂੰ ਵੀ ਕਦੇ ਤਜਰਬਾ ਹੋਇਆ?

ਕੁਝ ਹੱਦ ਤੱਕ, ਹਾਂ। ਜਿਹੜੇ ਲੋਕਾਂ ਨੂੰ ਮਸ਼ਹੂਰ ਹੋਣ ਦਾ ਮੌਕਾ ਮਿਲ ਜਾਂਦਾ ਹੈ, ਉਹੀ ਮਸ਼ਹੂਰੀ ਉਨ੍ਹਾਂ ਲਈ ਕੁਝ ਖ਼ਤਰਿਆਂ ਦਾ ਕਾਰਨ ਵੀ ਬਣ ਜਾਂਦੀ ਹੈ।

* ਤੁਸੀਂ ਮੁਹੱਬਤ ਤੇ ਰੁਮਾਂਸ ਦੇ ਸੂਫ਼ੀ ਖ਼ਿਆਲ ਲਈ ਜਾਣੇ ਜਾਂਦੇ ਹੋ। ਪਰ ਇੱਥੇ ਇੱਕ ਅਜਿਹਾ ਗਾਇਕ ਹੈ ਜਿਸ ਨੂੰ ਉਸ ਦੇ ਅਸ਼ਲੀਲ ਗੀਤਾਂ ਲਈ ਕਾਫ਼ੀ ਆਲੋਚਨਾ ਸਹਿਣੀ ਪਈ। ਇਸ ਦੋਹਰੀ ਸਥਿਤੀ ’ਚ ਤੁਸੀਂ ਤਾਲਮੇਲ ਕਿਵੇਂ ਬਿਠਾਇਆ?

ਇੱਥੇ ਇੱਕ ਵੱਡਾ ਸਵਾਲ ਹੈ- ਸਹੀ ਜਾਂ ਗ਼ਲਤ ਦਾ ਫ਼ੈਸਲਾ ਕੌਣ ਕਰਦਾ ਹੈ, ਆਖ਼ਿਰ ਸ਼ੁਰੂਆਤ ਕੌਣ ਕਰੇਗਾ? ਸੈਂਸਰਸ਼ਿਪ ਕੀ ਹੈ? ਵਾਰ-ਵਾਰ, ਅਸੀਂ ਉਸ ਨੁਕਤੇ ’ਤੇ ਆ ਕੇ ਰੁਕ ਜਾਂਦੇ ਹਾਂ ਜਿੱਥੇ ਕੋਈ ਚੀਜ਼ ਬੇਹੱਦ ਹਰਮਨਪਿਆਰੀ ਹੈ ਪਰ ਕਰੜੀ ਆਲੋਚਨਾ ਦੇ ਘੇਰੇ ’ਚ ਹੈ। ਇੱਥੋਂ ਤੱਕ ਕਿ ਸੂਫ਼ੀ ਖ਼ਿਆਲ ਵੀ ਕਹਿੰਦਾ ਹੈ ਕਿ ਅਸੀਂ ਤੈਅ ਕਰਨ ਵਾਲੇ ਕੌਣ ਹੁੰਦੇ ਹਾਂ? ਕਈ ਵਾਰ, ਸਾਨੂੰ ਅੱਖਾਂ ਤੋਂ ਪੱਟੀ ਲਾਹ ਕੇ ਮਨੁੱਖਤਾ ਨੂੰ ਹੋਰ ਕੋਮਲਤਾ ਨਾਲ ਦੇਖਣਾ ਪੈਂਦਾ ਹੈ।
ਕੁਝ ਮਾਹਿਰਾਂ ਮੁਤਾਬਕ ਸੰਗੀਤ ਨੂੰ, ਖ਼ਾਸ ਤੌਰ ’ਤੇ ਹਰਮਨਪਿਆਰੇ ਰੂਪ ’ਚ, ਖਾਲਸ ਫ਼ਨ ਨਹੀਂ ਮੰਨਿਆ ਜਾ ਸਕਦਾ ਕਿਉਂਕਿ ਇਹ ਇੱਕ ਬਾਜ਼ਾਰ ਦੀ ਲੋੜ ਪੂਰਦਾ ਹੈ!
ਕਲਾ ਹਮੇਸ਼ਾ ਇੱਕ ਬਾਜ਼ਾਰ ਦੀ ਲੋੜ ਪੂਰਦੀ ਹੈ। ਕੁਝ ਹੀ ਕਲਾਕਾਰ ਹੋਣਗੇ ਜੋ ਨਹੀਂ ਚਾਹੁਣਗੇ ਕਿ ਉਨ੍ਹਾਂ ਦਾ ਕੰਮ ਦੇਖਿਆ ਜਾਂ ਸਰਾਹਿਆ ਨਾ ਜਾਵੇ। ਗੀਤ ਹਰਮਨ ਪਿਆਰੇ ਹੋਣੇ ਚਾਹੀਦੇ ਹਨ, ਇਨ੍ਹਾਂ ’ਤੇ ਜ਼ਿਆਦਾ ਖ਼ਰਚਾ ਵੀ ਨਹੀਂ ਹੁੰਦਾ ਤੇ ਗ਼ਰੀਬ ਤੋਂ ਗ਼ਰੀਬ ਤਬਕਾ ਵੀ ਇਨ੍ਹਾਂ ਨੂੰ ਸੁਣ ਸਕਦਾ ਹੈ। ਕਲਾ ਦੀਆਂ ਸਾਰੀਆਂ ਵੰਨਗੀਆਂ ’ਚੋਂ, ਮੈਂ ਸਮਝਦਾ ਹਾਂ ਕਿ ਗੀਤਾਂ ਦੀ ਬੁਨਿਆਦ ਸਭ ਤੋਂ ਵੱਧ ਤਕੜੀ ਹੈ।

* ਕੀ ਤੁਸੀਂ ਸੋਚਦੇ ਹੋ ਕਿ ਚਮਕੀਲੇ ਨੂੰ ਸਮਝਣ ਨਾਲ ਪੰਜਾਬ ਬਾਰੇ ਸਾਡੀ ਸਮਝ ਹੋਰ ਬਿਹਤਰ ਹੋਵੇਗੀ?

ਯਕੀਨੀ ਤੌਰ ’ਤੇ। ਉਸ ਦੀ ਕਹਾਣੀ ਪੰਜਾਬ ਦੀ ਹੈ ਤੇ ਪੰਜਾਬ ਦੀ ਕਹਾਣੀ ਵਿੱਚ ਉਹ ਹੈ, ਇੱਕ ਗਤੀਸ਼ੀਲ ਕਹਾਣੀ, ਵਿਅੰਗਪੂਰਨ ਤੇ ਬਰਖ਼ਿਲਾਫ।

* ਕੀ ਦਿਲਜੀਤ ਦੁਸਾਂਝ ਵਰਗੇ ਬੇਹੱਦ ਮਸ਼ਹੂਰ ਗਾਇਕ ਨੂੰ ਇਸ ਭੂਮਿਕਾ ਲਈ ਲੈਣਾ, ਜੋਖ਼ਮ ਨਹੀਂ ਸੀ, ਕਿਉਂਕਿ ਸੰਸਾਰ ਪਹਿਲਾਂ ਹੀ ਉਸ ਨੂੰ ਦਿਲਜੀਤ ਵਜੋਂ ਜਾਣਦਾ ਹੈ? ਕੀ ਇਸ ਨੂੰ ਯਥਾਰਥਕ ਬਣਾਉਣ ਲਈ ਸਖ਼ਤ ਮਿਹਨਤ ਕਰਨੀ ਪਈ?

ਹੁਣ ਜਦਕਿ ਤੁਸੀਂ ਕਹਿ ਰਹੇ ਹੋ, ਤਾਂ ਸ਼ਾਇਦ ਅਜਿਹਾ ਹੋਵੇ। ਪਰ ਫਿਰ, ਦਿਲਜੀਤ ਇੱਕ ਅਜਿਹਾ ਵਿਅਕਤੀ ਹੈ ਜੋ ਆਪਣੀ ਪ੍ਰਸਿੱਧੀ ਦਾ ਭਾਰ ਮੋਢਿਆਂ ’ਤੇ ਚੁੱਕ ਕੇ ਨਹੀਂ ਫਿਰਦਾ। ਜਦ ਉਹ ਮੇਰੇ ਕੋਲ ਆਇਆ, ਉਸ ਨੇ ਕਿਹਾ ਕਿ ਉਹ ਚਮਕੀਲੇ ਦਾ ਵੱਡਾ ਪ੍ਰਸ਼ੰਸਕ ਹੈ ਤੇ ਆਪਣੇ ਆਪ ਨੂੰ ਦਿਲਜੀਤ ਵਜੋਂ ਨਹੀਂ ਲੈਂਦਾ। ਦਰਸ਼ਕ ਉਸ ਨੂੰ ਚਮਕੀਲੇ ਵਜੋਂ ਸਵੀਕਾਰ ਕਰਨਗੇ, ਇਸ ਸਵਾਲ ’ਤੇ ਚਿੰਤਨ ਦੀ ਲੋੜ ਨਹੀਂ ਹੈ। ਅਸੀਂ ਇਸ ਅਦਾਕਾਰ ਰਾਹੀਂ ਚਮਕੀਲੇ ਨੂੰ ਪੂਰੀ ਇਮਾਨਦਾਰੀ ਨਾਲ ਪੇਸ਼ ਕਰਨ ਲਈ ਬਿਹਤਰ ਤੋਂ ਬਿਹਤਰ ਕੋਸ਼ਿਸ਼ ਕੀਤੀ ਹੈ।

* ਤੁਸੀਂ ਕਈ ਬਿਹਤਰੀਨ ਅਦਾਕਾਰਾਂ ਨਾਲ ਕੰਮ ਕੀਤਾ ਹੈ, ਦਿਲਜੀਤ ਦੁਸਾਂਝ ਬਾਰੇ ਕੀ ਕਹੋਗੇ?

ਲਾਜਵਾਬ। ਉਸ ਦੇ ਅਭਿਨੈ ਬਾਰੇ ਦਰਸ਼ਕਾਂ ਦੇ ਹੁੰਗਾਰੇ ਨੂੰ ਮੈਂ ਬੇਸਬਰੀ ਨਾਲ ਉਡੀਕ ਰਿਹਾ ਹਾਂ।

* ਤੁਹਾਡੇ ਮੁਤਾਬਕ ਕਲਾ ਦਾ ਮੰਤਵ ਬੁਲੰਦੀ ਵੱਲ ਲਿਜਾਣਾ ਹੋਣਾ ਚਾਹੀਦਾ ਹੈ ਜਾਂ ਚਿੰੰਤਨ ਲਈ ਮਜਬੂਰ ਕਰਨਾ?

ਇਹ ਇੱਕ ਮਿਸ਼ਰਣ ਹੈ, ਇਸ ਨੇ ਮਨੋਰੰਜਨ ਵੀ ਕਰਨਾ ਹੈ ਤੇ ਰਾਹਤ ਵੀ ਦੇਣੀ ਹੈ। ਹਾਲਾਂਕਿ ਮਨੋਰੰਜਨ ਤੋਂ ਮੇਰਾ ਇਹ ਮਤਲਬ ਨਹੀਂ ਕਿ ਲੋਕਾਂ ਨੂੰ ਬਸ ਹਸਾਇਆ ਜਾਵੇ।

* ਕੀ ਤੁਸੀਂ ‘ਚਮਕੀਲਾ’ ਨੂੰ ਇੱਕ ਪ੍ਰੇਮ ਕਹਾਣੀ ਵਜੋਂ ਵੀ ਦੇਖਦੇ ਹੋ?

ਹਾਂ, ਇੱਕ ਅਜਿਹੇ ਇਨਸਾਨ ਦੀ ਕਹਾਣੀ ਜੋ ਆਪਣੇ ਸੰਗੀਤ, ਹੁਨਰ ਤੇ ਸਟੇਜੀ ਪੇਸ਼ਕਾਰੀ ਨਾਲ ਇਸ਼ਕ ਕਰਦਾ ਹੈ, ਇੱਕ ਅਜਿਹਾ ਇਸ਼ਕ ਜਿਸ ਨੂੰ ਉਹ ਵਿਸਾਰ ਨਹੀਂ ਸਕਦਾ ਤੇ ਇਸ ਦਾ ਮੁੱਲ ਉਸ ਨੇ ਆਪਣੀ ਜਾਨ ਗੁਆ ਕੇ ਤਾਰਿਆ।

* ਇਮਤਿਆਜ਼ ਦੀ ਪ੍ਰੇਮ ਕਹਾਣੀ ਕਿਹੋ ਜਿਹੀ ਹੋਵੇਗੀ?

ਮੈਨੂੰ ਆਪਣੇ ’ਚ ਦਿਲਚਸਪੀ ਨਹੀਂ ਹੈ, ਮੈਂ ਦੂਜਿਆਂ ਦੀਆਂ ਕਹਾਣੀਆਂ ’ਚ ਰੂਹ ਫੂਕ ਕੇ ਖ਼ੁਸ਼ ਹੁੰਦਾ ਹਾਂ।

* ਜਦ ਤੁਸੀਂ ਕਿਸੇ ਗਾਇਕ ’ਤੇ ਫਿਲਮ ਬਣਾਉਂਦੇ ਹੋ, ਤਾਂ ਉਸ ਦੇ ਆਪਣੇ ਸੰਗੀਤ ਤੇ ਨਵੀਆਂ ਤਰਜ਼ਾਂ ਵਿਚਾਲੇ ਤਵਾਜ਼ਨ ਕਿਵੇਂ ਬਿਠਾਉਂਦੇ ਹੋ?

ਮੈਂ ਫ਼ੈਸਲਾ ਲਿਆ ਸੀ ਕਿ ਫਿਲਮ ਵਿੱਚ ਚਮਕੀਲਾ ਸਿਰਫ਼ ਆਪਣੇ ਗੀਤ ਹੀ ਗਾਏਗਾ। ਪਰ ਫਿਰ, ਇਹ ਸੀ ਕਿ ਉਸ ਨੇ ਆਪਣੇ ਬਾਰੇ ਜਾਂ ਆਪਣੀ ਜ਼ਿੰਦਗੀ ਬਾਰੇ ਗੀਤ ਨਹੀਂ ਬਣਾਏ, ਜਿਨ੍ਹਾਂ ਬਾਰੇ ਉਹ ਸੋਚੇ। ਇਸ ਲਈ ਫਿਲਮ ਦੀ ਪਿੱਠਭੂਮੀ ’ਚ ਸਾਡੇ ਕੋਲ ਏ ਆਰ ਰਹਿਮਾਨ ਵੱਲੋਂ ਸੰਗੀਤਬੱਧ ਕੀਤੇ ਗੀਤ ਹਨ।

* ਤੁਹਾਡੀ ‘ਪਲੇਅਲਿਸਟ’ ’ਚ ਕੋਈ ਚਮਕੀਲੇ ਦਾ ਗੀਤ ਹੈ?

ਬਹੁਤ ਸਾਰੇ! ਇਨ੍ਹਾਂ ’ਚੋਂ ਮੈਂ ‘ਬਾਬਾ ਤੇਰਾ ਨਨਕਾਣਾ’, ‘ਨਾਮ ਜਪ ਲੈ’, ‘ਸਿਖ਼ਰ ਦੁਪਹਿਰੇ’ ਤੇ ‘ਕੁੜਤੀ ਸੱਤ ਰੰਗ ਦੀ’ ਦਾ ਨਾਂ ਲਵਾਂਗਾ।

* ਪੰਜਾਬੀ ਵਿੱਚ ‘ਚਮਕੀਲਾ’ ਬਣਾਉਣ ’ਤੇ ਵਿਚਾਰ ਕੀਤਾ?

ਨਹੀਂ। ਮੈਨੂੰ ਲੱਗਦਾ ਹੈ ਕਿ ਇਹ ਸਰਬ-ਵਿਆਪਕ ਵਿਸ਼ਾ ਹੈ ਤੇ ਮੈਂ ਚਾਹੁੰਦਾ ਹਾਂ ਕਿ ਇਹ ਉਸ ਹਰ ਜਗ੍ਹਾ ਪਹੁੰਚੇ ਜਿੱਥੇ ਮੇਰੀਆਂ ਹਿੰਦੀ ਫਿਲਮਾਂ ਪਹੁੰਚਦੀਆਂ ਹਨ।

* ਫਿਲਮ ਲਈ ਬਣੇ ਉਤਸ਼ਾਹ ਦੇ ਪੱਧਰ ਨੂੰ ਦੇਖਦਿਆਂ, ਤੁਸੀਂ ਇਸ ਨੂੰ ਥੀਏਟਰਾਂ ’ਚ ਰਿਲੀਜ਼ ਕਰਨ ਦਾ ਫ਼ੈਸਲਾ ਕਿਉਂ ਨਹੀਂ ਲਿਆ?

ਸਾਡੇ ਵੱਲੋਂ ਸ਼ੂਟਿੰਗ ਸ਼ੁਰੂ ਕਰਨ ਤੋਂ ਪਹਿਲਾਂ ਹੀ ਨੈੱਟਫਲਿਕਸ ਇਸ ਨਾਲ ਜੁੜ ਗਿਆ ਸੀ। ਇਸ ਤੋਂ ਇਲਾਵਾ, ਮੈਂ ਸਮਝਣਾ ਚਾਹੁੰਦਾ ਸੀ ਕਿ ਵਰਤਮਾਨ ਤੇ ਭਵਿੱਖ ਦਾ ਇਹ ਮਾਧਿਅਮ ਕਿਵੇਂ ਕੰਮ ਕਰਦਾ ਹੈ ਪਰ ਇਸ ’ਚ ਕੋਈ ਸੱਚਾਈ ਨਹੀਂ ਕਿ ਇਹ ‘ਬੌਕਸ-ਆਫਿਸ’ ਦੇ ਦਬਾਅ ਤੋਂ ਤੁਹਾਨੂੰ ਬਚਾ ਲੈਂਦਾ ਹੈ। ਜਿਹੜਾ ਵੀ ਬੰਦਾ ਪੈਸਾ ਲਾਉਂਦਾ ਹੈ, ਉਸ ਕੋਲ ਇਹ ਜਾਣਨ ਦਾ ਤਰੀਕਾ ਹੁੰਦਾ ਹੈ ਕਿ ਕੰਟੈਂਟ ਦੀ ਕਾਰਗੁਜ਼ਾਰੀ ਕੀ ਹੈ।

* ਤੁਸੀਂ ਆਪਣੇ ਪੰਜਾਬੀ ਭਰਾਵਾਂ ਨੂੰ ਕੀ ਕਹਿਣਾ ਚਾਹੋਗੇ, ਜਿਨ੍ਹਾਂ ਵਿੱਚੋਂ ਬਹੁਤੇ ਫਿਲਮ ਨੂੰ ਉਡੀਕ ਰਹੇ ਹਨ, ਪਰ ਕੁਝ ਅਜਿਹੇ ਵੀ ਹਨ ਜੋ ਹਲਕੀ ਜਿਹੀ ਉਕਸਾਹਟ ’ਤੇ ਨਾਰਾਜ਼ਗੀ ਜ਼ਾਹਿਰ ਕਰ ਦਿੰਦੇ ਹਨ?

ਇਸ ਫਿਲਮ ਨੂੰ ਅਸੀਂ ਬਹੁਤ ਮੁਹੱਬਤ ਨਾਲ ਬਣਾਇਆ ਹੈ। ਇਹ ਤੁਹਾਡੀ ਫਿਲਮ ਹੈ, ਤੁਹਾਡੇ ਪੰਜਾਬ ਦੀ ਫਿਲਮ ਹੈ, ਜੋ ਮੋਹ ਪਾਲਣ ਲਈ ਜਾਣਿਆ ਜਾਂਦਾ ਹੈ। ਇਸ ਨੂੰ ਦੇਖੋ, ਆਪਣੇ ਲਈ ਦੇਖੋ ਤੇ ਫਿਰ ਰਾਏ ਕਾਇਮ ਕਰੋ।

Advertisement
Author Image

sukhwinder singh

View all posts

Advertisement
Advertisement
×