For the best experience, open
https://m.punjabitribuneonline.com
on your mobile browser.
Advertisement

ਨੌਜਵਾਨ ਵੱਲੋਂ ਆਤਮਦਾਹ ਦੀ ਕੋਸ਼ਿਸ਼

08:04 AM Oct 07, 2024 IST
ਨੌਜਵਾਨ ਵੱਲੋਂ ਆਤਮਦਾਹ ਦੀ ਕੋਸ਼ਿਸ਼
ਨੌਜਵਾਨ ਨੂੰ ਆਤਮਦਾਹ ਤੋਂ ਰੋਕਦੇ ਹੋਏ ਯੂਨੀਅਨ ਦੇ ਮੈਂਬਰ।
Advertisement

ਬੀਐੱਸ ਚਾਨਾ
ਸ੍ਰੀ ਆਨੰਦਪੁਰ ਸਾਹਿਬ, 6 ਅਕਤੂਬਰ
ਈਟੀਟੀ ਟੈਟ ਪਾਸ ਬੇਰੁਜ਼ਗਾਰ 5994 ਅਧਿਆਪਕ ਯੂਨੀਅਨ ਪੰਜਾਬ ਦੇ ਦੋ ਨੌਜਵਾਨ ਆਦਰਸ਼ ਅਬੋਹਰ ਅਤੇ ਅਨਮੋਲ ਬੱਲੂਆਣਾ ਅੱਜ ਦੂਜੇ ਦਿਨ ਸਿੱਖਿਆ ਮੰਤਰੀ ਹਰਜੋਤ ਬੈਂਸ ਦੇ ਪਿੰਡ ਨੇੜਲੇ ਪਿੰਡ ਢੇਰ ਵਿੱਚ ਬਣੀ ਪਾਣੀ ਵਾਲੀ ਟੈਂਕੀ ’ਤੇ ਡਟੇ ਰਹੇ। ਦੋਵੇਂ ਨੌਜਵਾਨ ਇਸ ਮੰਗ ’ਤੇ ਅੜੇ ਹੋਏ ਹਨ ਕਿ ਜਦੋਂ ਤੱਕ ਜੁਆਇਨਿੰਗ ਨਹੀਂ ਹੋ ਜਾਂਦੀ, ਉਦੋਂ ਤੱਕ ਉਹ ਟੈਂਕੀ ਤੋਂ ਹੇਠਾਂ ਨਹੀਂ ਉਤਰਨਗੇ। ਦੂਜੇ ਪਾਸੇ ਪਿੰਡ ਢੇਰ ਵਿੱਚ ਨੰਗਲ ਹਾਈਵੇਅ ਦੇ ਕਿਨਾਰੇ ਬਹਿ ਕੇ ਸਰਕਾਰ ਖਿਲਾਫ ਰੋਸ ਪ੍ਰਦਰਸ਼ਨ ਕਰ ਰਹੇ ਈਟੀਟੀ 5994 ਯੂਨੀਅਨ ਦੇ ਇੱਕ ਨੁਮਾਇੰਦੇ ਅਜੇ ਸ਼ੇਰਗੜ੍ਹ ਨੇ ਮੌਕੇ ’ਤੇ ਹੀ ਡੀਜ਼ਲ ਪਾ ਕੇ ਆਤਮਦਾਹ ਕਰਨ ਦੀ ਕੋਸ਼ਿਸ਼ ਕੀਤੀ ਜਿਸ ਨੂੰ ਮੌਕੇ ’ਤੇ ਹਾਜ਼ਰ ਲੋਕਾਂ ਨੇ ਬਚਾਅ ਲਿਆ ਤੇ ਹਸਪਤਾਲ ’ਚ ਦਾਖਲ ਕਰਵਾਇਆ। ਜ਼ਿਕਰਯੋਗ ਹੈ ਕਿ ਇਨ੍ਹਾਂ ਟੈਟ ਪਾਸ ਬੇਰੁਜ਼ਗਾਰਾਂ ਨੇ 29 ਸਤੰਬਰ ਤੋਂ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੇ ਪਿੰਡ ਗੰਭੀਰਪੁਰ ’ਚ ਧਰਨਾ ਲਾਇਆ ਹੋਇਆ ਹੈ ਜੋ ਅੱਠਵੇਂ ਦਿਨ ਵੀ ਜਾਰੀ ਰਿਹਾ। ਅੱਜ ਪ੍ਰਸ਼ਾਸਨਿਕ ਅਧਿਕਾਰੀ ਮੋਰਚੇ ਵਾਲੀ ਥਾਂ ’ਤੇ ਪਹੁੰਚੇ ਪਰ 5994 ਯੂਨੀਅਨ ਦੇ ਆਗੂਆਂ ਨੇ ਕਿਹਾ ਕਿ ਉਹ ਪਿਛਲੇ ਡੇਢ ਸਾਲ ਤੋਂ ਅਧਿਕਾਰੀਆਂ ਦੇ ਭਰੋਸੇ ਕਰਕੇ ਹੀ ਸਕੂਲਾਂ ’ਚ ਜੁਆਇਨ ਨਹੀਂ ਕਰ ਸਕੇ। ਇਸ ਮੌਕੇ ਸੂਬਾ ਕਮੇਟੀ ਮੈਂਬਰ ਬੱਗਾ ਖੁਡਾਲ, ਪਰਮਪਾਲ ਫਾਜ਼ਿਲਕਾ, ਬੰਟੀ ਕੰਬੋਜ, ਬਲਿਹਾਰ ਸਿੰਘ, ਕੁਲਵਿੰਦਰ ਬਰੇਟਾ, ਡਾ. ਪਰਵਿੰਦਰ ਸਿੰਘ ਲਾਹੌਰੀਆ, ਹਰੀਸ਼ ਫਾਜ਼ਿਲਕਾ ਅਤੇ ਪ੍ਰਗਟ ਬੋਹਾ ਨੇ ਦੱਸਿਆ ਕਿ ਟੈਂਕੀ ਵਾਲੀ ਥਾਂ ’ਤੇ ਪਹੁੰਚ ਰਹੇ ਅਧਿਕਾਰੀ ਸ਼ਰਤਾਂ ਰੱਖ ਰਹੇ ਹਨ, ਜੋ ਯੂਨੀਅਨ ਨੂੰ ਮਨਜ਼ੂਰ ਨਹੀਂ। ਉਨ੍ਹਾਂ ਆਖਿਆ ਕਿ ਪ੍ਰਸ਼ਾਸਨਿਕ ਅਧਿਕਾਰੀ ਇਹੀ ਸ਼ਰਤ ਰੱਖ ਰਹੇ ਹਨ ਕਿ ਪਹਿਲਾਂ ਟੈਂਕੀ ਉਪਰ ਚੜ੍ਹੇ ਨੌਜਵਾਨਾਂ ਨੂੰ ਹੇਠਾਂ ਉਤਾਰਿਆ ਜਾਵੇ ਤੇ ਉਸ ਤੋਂ 10 ਮਿੰਟ ਬਾਅਦ ਹੀ ਸਪੋਰਟਸ ਕੈਟਾਗਰੀ ਅਤੇ ਐਕਸ ਸਰਵਿਸ ਮੈਨ ਕੈਟਾਗਰੀ ਦੀਆਂ ਸੂਚੀਆਂ ਜਾਰੀ ਕਰ ਦਿੱਤੀਆਂ ਜਾਣਗੀਆਂ। ਆਗੂਆਂ ਨੇ ਆਖਿਆ ਕਿ ਹੁਣ ਉਨ੍ਹਾਂ ਅਧਿਕਾਰੀਆਂ ਦੀਆਂ ਗੱਲਾਂ ’ਤੇ ਭਰੋਸਾ ਨਹੀਂ ਰਿਹਾ। ਟੈਂਕੀ ’ਤੇ ਡਟੇ ਹੋਏ ਨੌਜਵਾਨਾਂ ਨੇ ਚਿਤਾਵਨੀ ਦਿੱਤੀ ਕਿ ਜੇ ਸਰਕਾਰ ਨੇ ਚੋਣ ਦਾ ਪੋਰਟਲ ਖੋਲ੍ਹ ਕੇ ਸਟੇਸ਼ਨ ਚੋਣ ਨਾ ਕਰਵਾਈ ਅਤੇ ਸਕੂਲਾਂ ਵਿੱਚ ਜੁਆਇਨ ਨਾ ਕਰਵਾਇਆ ਤਾਂ ਉਹ ਆਤਮਦਾਹ ਕਰਨ ਲੈਣਗੇ।

Advertisement

Advertisement
Advertisement
Author Image

Advertisement