ਖੁੱਡਾ ’ਚ ਬੂਥ ’ਤੇ ਕਬਜ਼ੇ ਦੀ ਕੋਸ਼ਿਸ਼; ਗੋਲੀਆਂ ਚੱਲਣ ਕਾਰਨ ਨੌਜਵਾਨ ਜ਼ਖ਼ਮੀ
ਸਰਬਜੀਤ ਸਿੰਘ ਭੰਗੂ /ਗੁਰਨਾਮ ਸਿੰਘ ਚੌਹਾਨ
ਪਟਿਆਲਾ /ਪਾਤੜਾਂ, 15 ਅਕਤੂਬਰ
ਪਟਿਆਲਾ ਜ਼ਿਲ੍ਹੇ ’ਚ ਕੁਝ ਥਾਈਂ ਲੜਾਈ ਝਗੜਿਆਂ, ਧੱਕੇਸ਼ਾਹੀ ਅਤੇ ਵਧੀਕੀਆਂ ਦੀਆਂ ਘਟਨਾਵਾਂ ਵਾਪਰੀਆਂ ਪਰ ਸਨੌਰ ਨੇੜਲੇ ਪਿੰਡ ਖੁੱਡਾ ਵਿੱਚ ਗੋਲੀਆਂ ਚੱਲੀਆਂ। ਇਸ ਤੋਂ ਇਲਾਵਾ ‘ਆਪ’ ਵਿਧਾਇਕ ਕੁਲਵੰਤ ਸਿੰਘ ਬਾਜ਼ੀਗਰ ਦੇ ਪਿੰਡ ਕਰੀਮਪੁਰ ਚਿੱਚੜਵਾਲ ਵਿੱਚ ਪੱਥਰ ਚੱਲੇ। ਇਸ ਦੌਰਾਨ ਪਾਤੜਾਂ ਦੇ ਐੱਸਐੱਚਓ ਯਸ਼ਪਾਲ, ਕੁਝ ਪੁਲੀਸ ਮੁਲਾਜ਼ਮਾਂ ਸਮੇਤ ਅੱਧੀ ਦਰਜਨ ਵਿਅਕਤੀ ਜ਼ਖਮੀ ਹੋ ਗਏ। ਪਿੰਡ ਖੁੱਡਾ ’ਚ ਜਦੋਂ ਬਾਹਰੋਂ ਆਏ ਵੀਹ ਦੇ ਕਰੀਬ ਵਿਅਕਤੀਆਂ ਨੇ ਬੂਥ ’ਤੇ ਕਬਜ਼ੇ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਦੀ ਸਰਪੰਚ ਦੇ ਉਮੀਦਵਾਰ ਜੋਗਿੰਦਰ ਸਿੰਘ ਤੇ ਟੀਮ ਨਾਲ ਝੜਪ ਹੋ ਗਈ, ਜਿਸ ਦੌਰਾਨ ਗੋਲੀਆਂ ਵੀ ਚੱਲੀਆਂ ਤੇ ਇੱਕ ਗੋਲੀ ਜੋਗਿੰਦਰ ਸਿੰਘ ਦੇ ਸਮਰਥਕ ਸਰਬਜੀਤ ਸੋਨੀ ਦੇ ਪੇਟ ’ਚ ਲੱਗੀ। ਇਸ ਮੌਕੇ ਦੋਵਾਂ ਧਿਰਾਂ ਦੇ ਕੁਝ ਹੋਰ ਮੈਂਬਰਾਂ ਨੂੰ ਵੀ ਸੱਟਾਂ ਵੱਜੀਆਂ। ਇਸ ਝੜਪ ਦੌਰਾਨ ਹੀ ਕੋਈ ਬੈਲੇਟ ਬਾਕਸ ਚੁੱਕ ਕੇ ਭੱਜ ਗਿਆ ਜੋ ਬਾਅਦ ’ਚ ਖੇਤਾਂ ਵਿਚੋਂ ਮਿਲਿਆ। ਇਸ ਵਿਚਲੀਆਂ ਵੋਟਾਂ ਨੂੰ ਤੇਜ਼ਾਬ ਪਾ ਕੇ ਸਾੜਿਆ ਗਿਆ ਦੱਸਿਆ ਗਿਆ ਹੈ। ਥਾਣਾ ਸਨੌਰ ਦੇ ਮੁਖੀ ਹਰਵਿੰਦਰ ਸਿੰਘ ਨੇ ਦੱਸਿਆ ਕਿ ਇਸ ਸਬੰਧੀ ਸਰਕਾਰੀ ਡਿਊਟੀ ’ਚ ਵਿਘਨ ਪਾਉਣ, ਬੈਲੇਟ ਬਾਕਸ ਚੁੱਕਣ ਤੇ ਤੇਜ਼ਾਬ ਨਾਲ ਸਾੜਨ ਸਮੇਤ ਬੂਥ ’ਤੇ ਕਬਜ਼ਾ ਕਰਨ ਅਤੇ ਕਾਤਲਾਨਾ ਹਮਲੇ ਦੀਆਂ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਹੈ। ਦੂਜੇ ਬੰਨ੍ਹੇ ਸ਼ੁਤਰਾਣਾ ਦੇ ‘ਆਪ’ ਵਿਧਾਇਕ ਕੁਲਵੰਤ ਸਿੰਘ ਬਾਜ਼ੀਗਰ ਦੇ ਪਿੰਡ ਕਰੀਮਪੁਰ ਚਿੱਚੜਵਾਲ ਵਿਚ ਵੀ ਬੂਥ ’ਤੇ ਕਬਜ਼ੇ ਦੀ ਕੋਸ਼ਿਸ਼ ਦੌਰਾਨ ਉਮੀਦਵਾਰਾਂ ਦੇ ਸਮਰਥਕਾਂ ਤੇ ਪੁਲੀਸ ਦਰਮਿਆਨ ਤਕਰਾਰ ਹੋਇਆ ਜਿਸ ਦੌਰਾਨ ਇੱਟ ਵੱਜਣ ਕਾਰਨ ਥਾਣਾ ਪਾਤੜਾਂ ਦੇ ਐਸਐਚਓ ਯਸ਼ਪਾਲ ਦਾ ਸਿਰ ਪਾਟ ਗਿਆ। ਇਸ ਮੌਕੇ ਕੁਝ ਹੋਰ ਪੁਲੀਸ ਮੁਲਾਜ਼ਮਾਂ ਦੇ ਵੀ ਸੱਟਾਂ ਵੱਜੀਆਂ।
ਅੱਜ ਦੀ ਘਟਨਾ ਲਈ ਸਰਪੰਚੀ ਦੇ ਉਮੀਦਵਾਰ ਗੁਰਚਰਨ ਰਾਮ ਤੇ ਸਾਥੀਆਂ ਨੇ ਵਿਧਾਇਕ ਨੂੰ ਜ਼ਿੰਮੇਵਾਰ ਦੱਸਿਆ ਹੈ। ਉਨ੍ਹਾਂ ਦਾ ਕਹਿਣਾ ਸੀ ਕਿ ਆਪਣੇ ਚਚੇਰੇ ਭਰਾ ਦੀ ਹਾਰ ਨੂੰ ਵੇਖਦਿਆਂ ਹੀ ਵਿਧਾਇਕ ਨੇ ਆਪਣੇ ਬੰਦੇ ਭੇਜ ਕੇ ਬੂਥ ’ਤੇ ਕਬਜ਼ੇ ਦੀ ਕੋਸ਼ਿਸ਼ ਕੀਤੀ ਸੀ। ਉਧਰ ਗੁਰਚਰਨ ਰਾਮ ਤੇ ਹਮਾਇਤੀਆਂ ਅਤੇ ਉਨ੍ਹਾਂ ਦੇ ਵਿਰੋਧੀਆਂ ਦਰਮਿਆਨ ਜਦੋਂ ਝੜਪ ਹੋਈ ਤਾਂ ਪੁਲੀਸ ਨੇ ਵੀ ਹਟਾਉਣ ਦੀ ਕੋਸ਼ਿਸ਼ ਕੀਤੀ ਤਾਂ ਕਈਆਂ ਨੇ ਪੁਲੀਸ ’ਤੇ ਵੀ ਪਥਰਾਅ ਕਰ ਦਿਤਾ ਜਿਸ ਦੌਰਾਨ ਹੀ ਪਾਤੜਾਂ ਦੇ ਥਾਣਾ ਮੁਖੀ ਯਸ਼ਪਾਲ ਸਿਰ ’ਚ ਪੱਥਰ ਵੱਜਣ ਕਾਰਨ ਜ਼ਖਮੀ ਹੋ ਗਏ। ਵਿਧਾਇਕ ਕੁਲਵੰਤ ਸਿੰਘ ਬਾਜ਼ੀਗਰ ਨੇ ਉਨ੍ਹਾਂ ’ਤੇ ਲਾਏ ਗਏ ਦੋਸ਼ਾਂ ਦਾ ਖੰਡਨ ਕਰਦਿਆਂ ਕਿਹਾ ਕਿ ਅਸਲ ’ਚ ਗੁਰਚਰਨ ਰਾਮ ਪਹਿਲਾਂ ਤੋਂ ਹੀ ਉਨ੍ਹਾਂ ਨੂੰ ਬਦਨਾਮ ਕਰਨ ਲਈ ਕੋਝੀਆਂ ਚਾਲਾਂ ਚੱਲਦਾ ਆ ਰਿਹਾ ਹੈ ਤੇ ਅੱਜ ਦੀ ਇਸ ਘਟਨਾ ਪਿੱਛੇ ਵੀ ਉਸ ਦਾ ਹੀ ਹੱਥ ਜਾਪਦਾ ਹੈ।
ਖੁੱਡਾ, ਕਰੀਮਪੁਰ ਚਿੱਚੜਵਾਲ ਤੇ ਖੇੜੀ ਰਾਜੂ ਸਿੰਘ ਦੀਆਂ ਚੋਣਾਂ ਰੱਦ
ਪਟਿਆਲਾ ਜ਼ਿਲ੍ਹੇ ਵਿੱਚ ਅੱਜ ਤਿੰਨ ਪੰਚਾਇਤਾਂ ਦੀ ਚੋਣ ਰੱਦ ਕਰ ਦਿੱਤੀ ਗਈ ਹੈ। ਇਨ੍ਹਾਂ ਵਿਚ ਖੁੱਡਾ ਅਤੇ ਖੇੜੀ ਰਾਜੂ ਸਿੰਘ ’ਤੇ ਆਧਾਰਿਤ ਦੋ ਪੰਚਾਇਤਾਂ ਹਲਕਾ ਸਨੌਰ ਦੀਆਂ ਹਨ ਜਦਕਿ ਤੀਜੀ ਪੰਚਾਇਤ ਕਰੀਮਪੁਰ ਚਿੱਚੜਵਾਲ ਵਿਧਾਨ ਸਭਾ ਹਲਕਾ ਸ਼ੁਤਰਾਣਾ ਅਧੀਨ ਪੈਂਦੀ ਹੈ। ਯਾਦ ਰਹੇ ਕਿ ਖੁੱਡਾ ਅਤੇ ਚਿੱਚੜਵਾਲ ’ਚ ਬੂਥਾਂ ’ਤੇ ਕਬਜ਼ੇ ਦੀਆਂ ਕੋਸ਼ਿਸ਼ਾਂ ਦੌਰਾਨ ਹੋਏ ਝਗੜਿਆਂ ਦੌਰਾਨ ਕੁਝ ਵਿਅਕਤੀ ਜ਼ਖਮੀ ਵੀ ਹੋ ਗਏ ਸਨ। ਇਸ ਦੀ ਪੁਸ਼ਟੀ ਡਿਪਟੀ ਕਮਿਸ਼ਨਰ ਡਾ. ਪ੍ਰ੍ਰੀਤੀ ਯਾਦਵ ਨੇ ਕੀਤੀ ਹੈ ਜਦਕਿ ਇਨ੍ਹਾਂ ਘਟਨਾਵਾਂ ਸਬੰਧੀ ਕੇਸ ਦਰਜ ਕਰਨ ਦੀ ਐਸਐਸਪੀ ਡਾ. ਨਾਨਕ ਸਿੰਘ ਵੱਲੋਂ ਵੀ ਪੁਸ਼ਟੀ ਕੀਤੀ ਗਈ ਹੈ।