For the best experience, open
https://m.punjabitribuneonline.com
on your mobile browser.
Advertisement

ਹਥਿਆਰਬੰਦ ਵਿਅਕਤੀਆਂ ਵੱਲੋਂ ਜਬਰੀ ਫ਼ਸਲ ਵੱਢਣ ਦੀ ਕੋਸ਼ਿਸ਼

07:45 AM Nov 03, 2024 IST
ਹਥਿਆਰਬੰਦ ਵਿਅਕਤੀਆਂ ਵੱਲੋਂ ਜਬਰੀ ਫ਼ਸਲ ਵੱਢਣ ਦੀ ਕੋਸ਼ਿਸ਼
Advertisement

ਚਰਨਜੀਤ ਸਿੰਘ ਢਿੱਲੋਂ
ਜਗਰਾਉਂ, 2 ਨਵੰਬਰ
ਕਸਬਾ ਸਿੱਧਵਾਂ ਬੇਟ ਨੇੜਲੇ ਪਿੰਡ ਬਹਾਦਰਕੇ ਵਿੱਚ ਲਗਪਗ 33 ਵਿਅਕਤੀ ਹਥਿਆਰਾਂ ਅਤੇ ਮਸ਼ੀਨਰੀ ਸਮੇਤ ਇੱਕ ਕਿਸਾਨ ਦੀ ਪੈਲੀ ਵਿੱਚ ਖੜ੍ਹੀ ਝੋਨੇ ਦੀ ਫ਼ਸਲ ਜਬਰੀ ਵੱਢਣ ਲਈ ਪਹੁੰਚ ਗਏ। ਇਸ ਮੌਕੇ ਕਿਸਾਨ ਨੇ ਪੁਲੀਸ ਨੂੰ ਸੂਚਿਤ ਕੀਤਾ, ਜਿਨ੍ਹਾਂ ਦੇ ਆਉਣ ਮਗਰੋਂ ਮੁਲਜ਼ਮ ਮੌਕੇ ’ਤੋਂ ਫਰਾਰ ਹੋ ਗਏ।
ਪ੍ਰਾਪਤ ਜਾਣਕਾਰੀ ਅਨੁਸਾਰ ਇਸ ਪਿੰਡ ਵਿੱਚ ਗੁਰਕੀਰਤ ਸਿੰਘ ਵਾਸੀ ਸਾਊਥ ਦਿੱਲੀ ਦੀ ਲਗਪਗ 65 ਏਕੜ ਜ਼ਮੀਨ ਹੈ, ਜਿਸ ’ਤੇ ਅਮਰਜੀਤ ਸਿੰਘ ਉਰਫ਼ ਲਾਡੀ ਵਾਸੀ ਵਾਰਡ ਨੰਬਰ 19 ਗਾਰਡਨ ਕਲੋਨੀ ਥਾਣਾ ਪੱਟੀ (ਤਰਨ ਤਾਰਨ) ਠੇਕੇ ’ਤੇ ਵਾਹੀ ਕਰਦਾ ਹੈ। ਅਕਰਜੀਤ ਸਿੰਘ ਨੇ ਪੁਲੀਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ ਕਿ ਉਕਤ ਜ਼ਮੀਨ ਵਿੱਚ ਉਸ ਨੇ ਝੋਨੇ ਬੀਜਿਆ ਹੋਇਆ ਹੈ ਜੋ ਇਸ ਵੇਲੇ ਵਾਢੀ ਲਈ ਤਿਆਰ ਖੜ੍ਹਾ ਹੈ। ਬੀਤੇ ਕੱਲ੍ਹ ਪਿੰਡ ਵਿੱਚ ਕੁਝ ਵਿਅਕਤੀ ਹਥਿਆਰ ਤੇ ਕੰਬਾਈਨ ਆਦਿ ਮਸ਼ੀਨਾਂ ਲੈ ਕੇ ਜਬਰੀ ਉਸ ਦੀ ਫ਼ਸਲ ਵੱਢਣ ਲਈ ਆ ਗਏ। ਅਮਰਜੀਤ ਸਿੰਘ ਨੇ ਇਸ ਬਾਰੇ ਤੁਰੰਤ ਥਾਣਾ ਸਿੱਧਵਾਂ ਬੇਟ ਦੀ ਪੁਲੀਸ ਨੂੰ ਸੂਚਿਤ ਕਰਕੇ ਮਦਦ ਮੰਗੀ। ਖਬਰ ਮਿਲਣ ਮਗਰੋਂ ਪੁਲੀਸ ਪਾਰਟੀ ਮੌਕੇ ’ਤੇ ਪਹੁੰਚੀ ਜਿਸ ਨੂੰ ਵੇਖ ਕੇ ਖੇਤ ਵਿੱਚ ਮੌਜੂਦ ਉਕਤ ਮੁਲਜ਼ਮ ਧਮਕੀਆਂ ਦਿੰਦੇ ਹੋਏ ਹਥਿਆਰਾਂ ਅਤੇ ਮਸ਼ੀਨਰੀ ਸਮੇਤ ਫਰਾਰ ਹੋ ਗਏ। ਮੁਲਜ਼ਮਾਂ ਵਿੱਚੋਂ ਤਿੰਨ ਦੀ ਪਛਾਣ ਸਾਬ੍ਹਾ ਸਿੰਘ, ਗੁਰਵਿੰਦਰ ਸਿੰਘ ਦੋਵੇਂ ਵਾਸੀ ਸੁਧਾਰਾ (ਥਾਣਾ ਆਰਫ ਕੇ) ਤੇ ਰਵਿੰਦਰ ਸਿੰਘ ਵਾਸੀ ਪਿੰਡ ਮੁੱਦਕੀ (ਫਿਰੋਜ਼ਪੁਰ) ਵਜੋਂ ਹੋਈ ਹੈ। ਇਹ ਤਿੰਨੇ ਮੁਲਜ਼ਮ ਹਥਿਆਰਬੰਦਾਂ ਦੀ ਅਗਵਾਈ ਕਰ ਰਹੇ ਸਨ। ਸਿੱਧਵਾਂ ਬੇਟ ਪੁਲੀਸ ਨੇ ਉਕਤ ਤਿੰਨੇ ਵਿਅਕਤੀਆਂ ਸਮੇਤ 30 ਹੋਰ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰਕੇ ਮੁਲਜ਼ਮਾਂ ਦੀ ਭਾਲ ਆਰੰਭ ਦਿੱਤੀ ਹੈ। ਇਸ ਬਾਰੇ ਡੀਐੱਸਪੀ ਜਸਜੋਤ ਸਿੰਘ ਨੇ ਕਿਹਾ ਕਿ ਪੁਲੀਸ ਵੱਲੋਂ ਇਸ ਗੱਲ ਦੀ ਪੜਤਾਲ ਕੀਤੀ ਜਾ ਰਹੀ ਹੈ ਕਿ ਉਕਤ ਵਿਅਕਤੀ ਫਸਲ ਵੱਢਣ ਲਈ ਕਿਉਂ ਪਹੁੰਚੇ ਸਨ। ਉਨ੍ਹਾਂ ਿਕਹਾ ਕਿ ਹਾਲ ਦੀ ਘੜੀ ਕੇਸ ਦਰਜ ਕਰਕੇ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ ਤੇ ਇਹ ਪਤਾ ਲਗਾਉਣ ਦਾ ਵੀ ਯਤਨ ਕੀਤਾ ਜਾ ਰਿਹਾ ਹੈ ਕਿ ਮੁਲਜ਼ਮਾਂ ਨੇ ਆਖਰ ਕਿਸ ਕਾਰਨ ਸ਼ਿਕਾਇਤਕਰਤਾ ਦੇ ਖੇਤ ਵਿੱਚ ਖੜ੍ਹੀ ਫਸਲ ਜਬਰੀ ਵੱਢਣ ਦਾ ਯਤਨ ਕੀਤਾ ਹੈ। ਬਹਿਰਹਾਲ ਕੋਈ ਹੱਥੋਪਾਈ ਜਾਂ ਝਗੜਾ ਨਹੀਂ ਹੋਇਆ ਹੈ ਤੇ ਕਿਸੇ ਦੇ ਵੀ ਜ਼ਖ਼ਮੀ ਹੋਣ ਦੀ ਖ਼ਬਰ ਨਹੀਂ ਹੈ। ਮੁਲਜ਼ਮਾਂ ਦੀ ਭਾਲ ਕੀਤੀ ਜਾ ਰਹੀ ਹੈ।

Advertisement

Advertisement
Advertisement
Author Image

Advertisement