ਧਾਰਮਿਕ ਸਥਾਨ ’ਤੇ ਹਮਲੇ ਦੀ ਕੋਸ਼ਿਸ਼; ਦੋ ਗ੍ਰਿਫ਼ਤਾਰ
ਪੱਤਰ ਪ੍ਰੇਰਕ
ਫਰੀਦਾਬਾਦ, 3 ਅਗਸਤ
ਇਥੇ ਸੈਕਟਰ-58 ਦੀ ਪੁਲੀਸ ਨੇ ਧਾਰਮਿਕ ਸਥਾਨ ’ਤੇ ਹਮਲਾ ਕਰਨ ਦੀ ਕੋਸ਼ਿਸ਼ ਕਰਨ ਵਾਲੇ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲੀਸ ਨੇ 2 ਮੁਲਜ਼ਮ ਫੜੇ ਹਨ ਜਿਨ੍ਹਾਂ ਦੀ ਪਛਾਣ ਪਲਵਲ ਜ਼ਿਲ੍ਹੇ ਦੇ ਅਸਾਵਤੀ ਪਿੰਡ ਦੇ ਰਹਿਣ ਵਾਲੇ ਰਵੀ ਤੇ ਪ੍ਰਵੇਸ਼ ਵਜੋਂ ਹੋਈ ਹੈ। ਦੋਵਾਂ ਨਾਮਜ਼ਦ ਮੁਲਜ਼ਮਾਂ ਮਨੋਜ ਤੇ ਰਵੀ ਨਗਲਾ ਜੋਗੀਆਂ ਦੇ ਰਹਿਣ ਵਾਲੇ ਹਨ। ਹੋਰ ਮੁਲਜ਼ਮਾਂ ਦੀ ਵੀ ਪਛਾਣ ਹੋ ਗਈ ਹੈ।
ਉਦੈਪਾਲ ਸਬ-ਇੰਸਪੈਕਟਰ ਦੀ ਸ਼ਿਕਾਇਤ ’ਤੇ ਥਾਣਾ ਸੈਕਟਰ 58 ’ਚ 4 ਨਾਮਜ਼ਦ ਮੁਲਜ਼ਮਾਂ ਤੇ ਹੋਰਾਂ ਦੇ ਖ਼ਿਲਾਫ਼ ਧਾਰਮਿਕ ਸਦਭਾਵਨਾ ਨੂੰ ਭੰਗ ਕਰਨ, ਹਿੰਸਾ ਭੜਕਾਉਣ, ਗੈਰ-ਕਾਨੂੰਨੀ ਅਸਲਾ ਐਕਟ, ਸਾਜ਼ਿਸ਼ ਰਚਣ, ਸਰਕਾਰੀ ਹੁਕਮਾਂ ਦੀ ਅਵੱਗਿਆ ਕਰਨ ਆਦਿ ਦੇ ਦੋਸ਼ਾਂ ਹੇਠ ਕੇਸ ਦਰਜ ਕੀਤਾ ਗਿਆ ਹੈ। ਰਾਤ ਕਰੀਬ 12 ਵਜੇ ਸਬ-ਇੰਸਪੈਕਟਰ ਉਦੈਪਾਲ ਆਪਣੀ ਟੀਮ ਸਮੇਤ ਇਲਾਕੇ ਦੇ ਧਾਰਮਿਕ ਸਥਾਨਾਂ ਦੇ ਆਸ-ਪਾਸ ਗਸ਼ਤ ਕਰ ਰਹੇ ਸਨ ਕਿ ਗੁਪਤ ਸੂਤਰਾਂ ਤੋਂ ਸੂਚਨਾ ਮਿਲੀ ਕਿ ਕੁਝ ਸਮਾਜ ਵਿਰੋਧੀ ਅਨਸਰ ਸੀਕਰੀ ਤੇ ਕੈਲੀ ਪਿੰਡਾਂ ਵਿੱਚ ਧਾਰਮਿਕ ਸਥਾਨਾਂ ’ਤੇ ਹਮਲਾ ਕਰ ਕੇ ਹਿੰਸਾ ਭੜਕਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਸ਼ਰਾਰਤੀ ਅਨਸਰਾਂ ਕੋਲ ਪੈਟਰੋਲ ਦੀ ਭਰੀ ਬੋਤਲ ਹੈ, ਉਹ ਕਿਸੇ ਵੀ ਧਾਰਮਿਕ ਸਥਾਨ ਨੂੰ ਨੁਕਸਾਨ ਪਹੁੰਚਾ ਸਕਦੇ ਹਨ। ਪੁਲੀਸ ਦੇ ਆਉਂਦੇ ਹੀ ਦੋਵੇਂ ਮੁਲਜ਼ਮ ਮੋਟਰਸਾਈਕਲ ’ਤੇ ਭੱਜਣ ਦੀ ਕੋਸ਼ਿਸ਼ ਕਰਨ ਲੱਗੇ ਪੁਲੀਸ ਨੇ ਸਰਕਾਰੀ ਗੱਡੀ ਬੁਲਟ ਮੋਟਰਸਾਈਕਲ ਦੇ ਪਿੱਛੇ ਲਗਾ ਦਿੱਤੀ ਅਤੇ ਦੋਵੇਂ ਮੁਲਜ਼ਮਾਂ ਨੂੰ ਕਾਬੂ ਕਰ ਲਿਆ। ਮੁਲਜ਼ਮਾਂ ਦੇ ਕਬਜ਼ੇ ਵਿੱਚੋਂ ਇੱਕ ਦੇਸੀ ਪਿਸਤੌਲ, 5 ਕਾਰਤੂਸ, ਇੱਕ ਤਲਵਾਰ, ਕੁਝ ਪੈਟਰੋਲ ਦੀਆਂ ਭਰੀਆਂ ਤੇ ਖਾਲੀ ਬੋਤਲਾਂ ਬਰਾਮਦ ਹੋਈਆਂ ਹਨ।