For the best experience, open
https://m.punjabitribuneonline.com
on your mobile browser.
Advertisement

ਨਗਰ ਸੁਧਾਰ ਟਰੱਸਟ ਦੀ 300 ਕਰੋੜ ਦੀ ਪ੍ਰਾਪਰਟੀ ’ਤੇ ਕਬਜ਼ੇ ਦੀ ਕੋਸ਼ਿਸ਼

08:47 AM Mar 20, 2024 IST
ਨਗਰ ਸੁਧਾਰ ਟਰੱਸਟ ਦੀ 300 ਕਰੋੜ ਦੀ ਪ੍ਰਾਪਰਟੀ ’ਤੇ ਕਬਜ਼ੇ ਦੀ ਕੋਸ਼ਿਸ਼
ਜਲਾਲਾਬਾਦ ਦੀ ਇੰਦਰ ਨਗਰੀ ਦੀ ਟੁੱਟੀ ਸੜਕ ਦੀ ਝਲਕ।
Advertisement

ਗਗਨਦੀਪ ਅਰੋੜਾ
ਲੁਧਿਆਣਾ, 19 ਮਾਰਚ
ਸ਼ਹਿਰ ਦੇ ਪੌਸ਼ ਇਲਾਕੇ ਮਾਡਲ ਟਾਊਨ ਐਕਸਟੈਨਸ਼ਨ ਸਥਿਤ ਨਗਰ ਸੁਧਾਰ ਟਰੱਸਟ ਦੇ ਬਹੁਕਰੋੜੀ ਪ੍ਰਾਪਰਟੀ ’ਤੇ ਪ੍ਰਾਪਰਟੀ ਮਾਫ਼ੀਆ ਨੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ, ਜਿਸ ਦਾ ਪਤਾ ਲੱਗਦੇ ਹੀ ਨਗਰ ਸੁਧਾਰ ਟਰੱਸਟ ਦੀ ਟੀਮ ਮੌਕੇ ’ਤੇ ਪੁੱਜੀ ਤੇ ਉਨ੍ਹਾਂ ਨੇ ਉਥੇ ਬਣਾਈ ਜਾ ਰਹੀ ਕੰਧ ਨੂੰ ਢਹਿ ਢੇਰੀ ਕਰ ਦਿੱਤਾ ਤੇ ਸਾਮਾਨ ਕਬਜ਼ੇ ਵਿੱਚ ਲੈ ਲਿਆ। ਇਸ ਮਾਮਲੇ ਵਿੱਚ ਟਰੱਸਟ ਦੇ ਚੇਅਰਮੈਨ ਨੇ ਅਣਪਛਾਤਿਆਂ ਖ਼ਿਲਾਫ਼ ਐੱਫਆਈਆਰ ਵੀ ਦਰਜ ਕਰਵਾ ਦਿੱਤੀ ਹੈ। ਇਸ ਪ੍ਰਾਪਰਟੀ ਦੀ ਕੀਮਤ 250 ਤੋਂ 300 ਕਰੋੜ ਰੁਪਏ ਦੱਸੀ ਜਾ ਰਹੀ ਹੈ। ਟਰੱਸਟ ਦੇ ਚੇਅਰਮੈਨ ਤਰਸੇਮ ਸਿੰਘ ਭਿੰਡਰ ਨੇ ਦੱਸਿਆ ਕਿ ਨਗਰ ਸੁਧਾਰ ਟਰੱਸਟ ਦੀ ਪੌਸ਼ ਇਲਾਕੇ ਮਾਡਲ ਟਾਊਨ ਐਕਸਟੈਨਸ਼ਨ ਵਿੱਚ 3.79 ਏਕੜ ਦਾ ਪਲਾਟ ਹੈ, ਜੋ ਕਿ ਹਾਲੇ ਖਾਲੀ ਪਿਆ ਹੈ। ਇਸ ਪਲਾਟ ’ਤੇ ਬੀਤੇ ਦਿਨੀਂ ਅਣਪਛਾਤੇ ਪ੍ਰਾਪਰਟੀ ਮਾਫ਼ੀਆ ਨੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ। ਉਨ੍ਹਾਂ ਦੱਸਿਆ ਕਿ ਮਾਫ਼ੀਆ ਵੱਲੋਂ ਉੱਥੇ ਇੱਟਾਂ ਸੁਟਾ ਕੇ ਕੰਧ ਬਣਾਈ ਜਾ ਰਹੀ ਸੀ, ਜਿਸ ਦੀ ਜਾਣਕਾਰੀ ਮਿਲਦੇ ਹੀ ਟਰੱਸਟ ਦੀ ਟੀਮ ਪੁਲੀਸ ਪਾਰਟੀ ਦੇ ਨਾਲ ਮੌਕੇ ’ਤੇ ਪੁੱਜੀ। ਟੀਮ ਨੇ ਉੱਥੇ ਬਣਾਈ ਜਾ ਰਹੀ ਕੰਧ ਨੂੰ ਢਹਿ ਢੇਰੀ ਕੀਤਾ। ਟੀਮ ਨੇ ਮੌਕੇ ’ਤੇ ਜੋ ਸਾਮਾਨ ਸੀ, ਉਸ ਨੂੰ ਕਬਜ਼ੇ ਵਿੱਚ ਲੈ ਲਿਆ ਹੈ। ਉਨ੍ਹਾਂ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਉਨ੍ਹਾਂ ਨੇ ਥਾਣਾ ਮਾਡਲ ਟਾਊਨ ਵਿੱਚ ਸ਼ਿਕਾਇਤ ਦਿੱਤੀ ਹੈ ਤੇ ਨਾਲ ਹੀ ਅਣਪਛਾਤੇ ਕਬਜ਼ਾ ਕਰਨ ਵਾਲੇ ਮੁਲਜ਼ਮਾਂ ਖ਼ਿਲਾਫ਼ ਕੇਸ ਵੀ ਦਰਜ ਕਰਵਾ ਦਿੱਤਾ ਹੈ। ਚੇਅਰਮੈਨ ਭਿੰਡਰ ਨੇ ਕਬਜ਼ਾ ਕਰਨ ਵਾਲੇ ਲੋਕਾਂ ਨੂੰ ਚਿਤਾਵਨੀ ਦਿੱਤੀ ਹੈ ਕਿ ਜੇ ਕਿਸੇ ਨੇ ਦੁਬਾਰਾ ਅਜਿਹਾ ਕੁੱਝ ਕੀਤਾ ਤਾਂ ਉਨ੍ਹਾਂ ਦੇ ਖ਼ਿਲਾਫ਼ ਸਖ਼ਤ ਕਾਰਵਾਈ ਕਰਵਾਈ ਜਾਏਗੀ।

Advertisement

ਪ੍ਰਾਪਰਟੀ ਕਾਰਨ ਪਹਿਲਾਂ ਵੀ ਪੈਦਾ ਹੋਇਆ ਸੀ ਵਿਵਾਦ

ਪ੍ਰਾਪਤ ਜਾਣਕਾਰੀ ਅਨੁਸਾਰ ਨਗਰ ਸੁਧਾਰ ਟਰੱਸਟ ਦੀ ਇਹ ਪ੍ਰਾਪਰਟੀ ਕਾਫ਼ੀ ਪ੍ਰਾਈਮ ਲੋਕੇਸ਼ਨ ’ਤੇ ਹੈ। ਪਿਛਲੀ ਕਾਂਗਰਸ ਦੀ ਸਰਕਾਰ ਦੇ ਸਮੇਂ ਵੀ ਇਹ ਪ੍ਰਾਪਰਟੀ ਕਾਫ਼ੀ ਵਿਵਾਦਾਂ ਵਿੱਚ ਰਹੀ ਹੈ। ਇਸ ਨੂੰ ਉਦੋਂ ਦੇ ਕਾਂਗਰਸੀ ਚੇਅਰਮੈਨ ਨੇ ਆਪਣੇ ਚਹੇਤਿਆਂ ਨੂੰ ਸਿਰਫ਼ 90 ਕਰੋੜ ਰੁਪਏ ਵਿੱਚ ਵੇਚ ਦਿੱਤਾ ਸੀ, ਜਿਸ ਤੋਂ ਬਾਅਦ ਕਾਫੀ ਵਿਵਾਦ ਭਖਿਆ ਸੀ। ਭਾਜਪਾ ਦੇ ਆਗੂਆਂ ਨੇ ਇਸ ਮਾਮਲੇ ਦੀ ਅਦਾਲਤ ਵਿੱਚ ਸ਼ਿਕਾਇਤ ਵੀ ਕੀਤੀ ਸੀ। ਉਸ ਵੇਲੇ ਭਾਜਪਾ ਆਗੂਆਂ ਨੇ ਦੋਸ਼ ਲਗਾਏ ਸਨ ਕਿ ਇਸ ਪ੍ਰਾਪਰਟੀ ਦੀ ਕੀਮਤ 250 ਤੋਂ 300 ਕਰੋੜ ਰੁਪਏ ਹੈ, ਜੋ ਕਿ ਕਾਂਗਰਸੀ ਆਪਣੇ ਖਾਸ ਲੋਕਾਂ ਨੂੰ ਸਸਤੇ ਭਾਅ ਵਿੱਚ ਵੇਚ ਰਹੇ ਹਨ।

Advertisement
Author Image

Advertisement
Advertisement
×