For the best experience, open
https://m.punjabitribuneonline.com
on your mobile browser.
Advertisement

ਕਾਰਜਕਾਰੀ ਕੌਂਸਲ ਦੇ ਮੈਂਬਰਾਂ ਵੱਲੋਂ ਮੈਨੂੰ ਦਰਕਿਨਾਰ ਕਰਨ ਦੀ ਕੋਸ਼ਿਸ਼: ਊਸ਼ਾ

07:23 AM Apr 09, 2024 IST
ਕਾਰਜਕਾਰੀ ਕੌਂਸਲ ਦੇ ਮੈਂਬਰਾਂ ਵੱਲੋਂ ਮੈਨੂੰ ਦਰਕਿਨਾਰ ਕਰਨ ਦੀ ਕੋਸ਼ਿਸ਼  ਊਸ਼ਾ
Advertisement

ਨਵੀਂ ਦਿੱਲੀ, 8 ਅਪਰੈਲ
ਭਾਰਤੀ ਓਲੰਪਿਕ ਐਸੋਸੀਏਸ਼ਨ (ਆਈਓਏ) ਦੀ ਪ੍ਰਧਾਨ ਪੀਟੀ ਊਸ਼ਾ ਨੇ ਅੱਜ ਕਿਹਾ ਕਿ ਕਾਰਜਕਾਰੀ ਕੌਂਸਲ ਦੇ ਬਾਗੀ ਮੈਂਬਰ ਹੁਕਮ-ਅਦੂਲੀ ਕਰ ਕੇ ਉਨ੍ਹਾਂ ਨੂੰ ਦਰਕਿਨਾਰ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਹੁਕਮ-ਅਦੂਲੀ ਵਿੱਚ ਉਨ੍ਹਾਂ ਵੱਲੋਂ ਨਿਯੁਕਤ ਕੀਤੇ ਗਏ ਇੱਕ ਅਧਿਕਾਰੀ ਨੂੰ ਬਰਖ਼ਾਸਤ ਕਰਨ ਦਾ ਪੱਤਰ ਜਾਰੀ ਕਰਨਾ ਵੀ ਸ਼ਾਮਲ ਹੈ। ਸ਼ੁੱਕਰਵਾਰ ਨੂੰ ਕਾਰਜਕਾਰੀ ਕੌਂਸਲ ਦੇ ਨੌਂ ਮੈਂਬਰਾਂ ਨੇ ‘ਅਣਅਧਿਕਾਰਤ ਵਿਅਕਤੀਆਂ’ ਦੀ ਦਫ਼ਤਰ ਵਿੱਚ ਆਉਣ ’ਤੇ ਰੋਕ ਸਬੰਧੀ ਨੋਟਿਸ ਜਾਰੀ ਕੀਤਾ ਸੀ। ਊਸ਼ਾ ਨੇ ਇਸ ਨੋਟਿਸ ਨੂੰ ‘ਮਨਮਾਨੀ’ ਕਰਾਰ ਦਿੱਤਾ ਅਤੇ ਕਿਹਾ ਕਿ ਇਹ ਨੋਟਿਸ ਉਨ੍ਹਾਂ ਵੱਲੋਂ ਨਿਯੁਕਤ ਕੀਤੇ ਗਏ ਅਧਿਕਾਰੀਆਂ ਲਈ ਜਾਰੀ ਕੀਤਾ ਗਿਆ ਸੀ। ਕਾਰਜਕਾਰੀ ਕੌਂਸਲ ਦੇ ਬਹੁਗਿਣਤੀ ਮੈਂਬਰਾਂ ਨੇ ਪਹਿਲਾਂ ਦਾਅਵਾ ਕੀਤਾ ਸੀ ਕਿ ਉਨ੍ਹਾਂ ਨੇ ਜਨਵਰੀ ਵਿੱਚ ਆਈਓਏ ਦੇ ਸੀਈਓ ਵਜੋਂ ਰਘੂਰਾਮ ਅਈਅਰ ਦੀ ਨਿਯੁਕਤੀ ਨੂੰ ਅਵੈਧ ਐਲਾਨਣ ਵਾਲੇ ਮੁਅੱਤਲੀ ਦੇ ਹੁਕਮਾਂ ’ਤੇ ਦਸਤਖਤ ਕੀਤੇ ਸਨ। ਕਾਰਜਕਾਰੀ ਕੌਂਸਲ ਦੇ ਮੈਂਬਰਾਂ ਨੇ ਇਹ ਵੀ ਦਾਅਵਾ ਕੀਤਾ ਕਿ ਉਨ੍ਹਾਂ ਨੇ ਅਜੈ ਨਾਰੰਗ ਨੂੰ ਆਈਓਏ ਪ੍ਰਧਾਨ ਦੇ ਕਾਰਜਕਾਰੀ ਸਹਾਇਕ ਦੇ ਅਹੁਦੇ ਤੋਂ ‘ਬਰਖ਼ਾਸਤ’ ਕਰ ਦਿੱਤਾ ਹੈ।
ਊਸ਼ਾ ਨੇ ਕਾਰਜਕਾਰੀ ਕੌਂਸਲ ਦੇ ਮੈਂਬਰਾਂ ਵੱਲੋਂ ਨਾਰੰਗ ਨੂੰ ਦਿੱਤਾ ਗਿਆ ਬਰਖ਼ਾਸਤਗੀ ਪੱਤਰ ਮਿਲਣ ਦੀ ਗੱਲ ਤਾਂ ਮੰਨੀ ਪਰ ਇਸ ਨੂੰ ‘ਪੂਰੀ ਤਰ੍ਹਾਂ ਅਰਥਹੀਣ’ ਕਰਾਰ ਦੇ ਕੇ ਖਾਰਜ ਕਰ ਦਿੱਤਾ। ਊਸ਼ਾ ਨੇ ਕਾਰਜਕਾਰੀ ਕੌਂਸਲ ਦੇ ਬਾਗੀ ਮੈਂਬਰਾਂ ਨੂੰ ਭੇਜੇ ਆਪਣੇ ਜਵਾਬ ਵਿੱਚ ਕਿਹਾ, ‘‘ਤੁਹਾਡੀ ਹਰ ਹਰਕਤ ਮੈਨੂੰ ਦਰਕਿਨਾਰ ਕਰਨ ਦੀ ਕੋਸ਼ਿਸ਼ ਹੈ।’’ ਉਨ੍ਹਾਂ ਕਿਹਾ, ‘‘ਕਰਮਚਾਰੀਆਂ ਦੀ ਨਿਯੁਕਤੀ ਤੇ ਬਰਖ਼ਾਸਤਗੀ ਸਮੇਤ ਰੋਜ਼ਾਨਾ ਦਾ ਪ੍ਰਸ਼ਾਸਕੀ ਕਾਰਜ ਕਾਰਜਕਾਰੀ ਕੌਂਸਲ ਦਾ ਕੰਮ ਨਹੀਂ ਹੈ।’’ ਉਨ੍ਹਾਂ ਕਿਹਾ, ‘‘ਆਈਓਏ ਸਟਾਫ ਨੂੰ ਨਿਰਦੇਸ਼ ਦਿੱਤਾ ਜਾਂਦਾ ਹੈ ਕਿ ਉਹ ਆਈਓਏ ਭਵਨ ਅੰਦਰ ਲਾਏ ਗਏ ਨੋਟਿਸ ਹਟਾ ਦੇਣ। ਇਸ ਤੋਂ ਇਲਾਵਾ ਆਈਓਏ ਸਟਾਫ ਨੂੰ ਮੇਰੇ ਕਾਰਜਕਾਰੀ ਸਹਾਇਕ ਜ਼ਰੀਏ ਮੇਰੇ ਦਫਤਰ ਦੇ ਨਿਰਦੇਸ਼ਾਂ ਦੀ ਪਾਲਣਾ ਕਰਨ ਦਾ ਹੁਕਮ ਦਿੱਤਾ ਜਾਂਦਾ ਹੈ।’’ -ਪੀਟੀਆਈ

Advertisement

Advertisement
Author Image

joginder kumar

View all posts

Advertisement
Advertisement
×