ਜਗਤਾਰ ਸਿੰਘ ਲਾਂਬਾਅੰਮ੍ਰਿਤਸਰ, 17 ਮਈਅਫਗਾਨਿਸਤਾਨ ਤੋਂ ਆਏ ਹੋਏ ਸੁੱਕੇ ਮੇਵੇ ਤੇ ਹੋਰ ਮਾਲ ਦੇ ਨਾਲ ਲੱਦੇ ਲਗਭਗ 14 ਟਰੱਕ ਅੱਜ ਦੂਜੇ ਦਿਨ ਵੀ ਪਾਕਿਸਤਾਨ ਰਸਤੇ ਭਾਰਤੀ ਸਰਹੱਦ ਵਿੱਚ ਅਟਾਰੀ ਆਈ ਸੀਪੀ ਵਿਖੇ ਪੁੱਜੇ ਹਨ। ਬੀਤੇ ਦਿਨ ਵੀ ਲਗਭਗ ਦਰਜਨ ਭਰ ਅਫਗਾਨਿਸਤਾਨੀ ਟਰੱਕ ਅਟਾਰੀ ਆਈਸੀਪੀ ਪੁੱਜੇ ਸਨ।ਪਹਿਲਗਾਮ ਵਿੱਚ ਅਤਿਵਾਦੀ ਹਮਲੇ ਤੋਂ ਬਾਅਦ ਰੋਸ ਵਜੋਂ ਭਾਰਤ ਸਰਕਾਰ ਵੱਲੋਂ ਪਾਕਿਸਤਾਨ ਨਾਲ ਸਬੰਧ ਤੋੜ ਲਏ ਗਏ ਸਨ ਅਤੇ ਇਸੇ ਤਹਿਤ ਹੀ ਅਟਾਰੀ ਸਰਹੱਦ ਨੂੰ ਵਪਾਰ ਅਤੇ ਆਵਾਜਾਈ ਵਾਸਤੇ ਬੰਦ ਕਰ ਦਿੱਤਾ ਗਿਆ ਸੀ। ਇਸ ਕਾਰਨ ਅਫਗਾਨਿਸਤਾਨ ਤੋਂ ਭਾਰਤੀ ਵਪਾਰੀਆਂ ਦੇ ਆਏ ਹੋਏ ਟਰੱਕ ਵੀ ਅਟਾਰੀ ਆਈਸੀਪੀ ਵਿਖੇ ਨਹੀਂ ਦਾਖਲ ਹੋ ਸਕੇ ਸਨ।ਮਿਲੀ ਜਾਣਕਾਰੀ ਦੇ ਮੁਤਾਬਕ ਅਜਿਹੇ ਲਗਭਗ 150 ਤੋਂ ਵੱਧ ਟਰੱਕ ਪਾਕਿਸਤਾਨ ਵਾਲੇ ਪਾਸੇ ਵੱਖ-ਵੱਖ ਥਾਵਾਂ ’ਤੇ ਰੁਕੇ ਹੋਏ ਸਨ। ਭਾਰਤ ਅਤੇ ਪਾਕਿਸਤਾਨ ਵਿਚਾਲੇ ਜੰਗਬੰਦੀ ਹੋਣ ਤੋਂ ਬਾਅਦ ਇਹ ਟਰੱਕ ਭਾਰਤ ਵਿੱਚ ਦਾਖਲ ਹੋਏ ਹਨ। ਬੀਤੇ ਦਿਨ ਵੀ ਲਗਭਗ 12 ਤੋਂ ਵੱਧ ਟਰੱਕ ਆਈਸੀਪੀ ਅਟਾਰੀ ਪੁੱਜੇ ਸਨ ਅਤੇ ਅੱਜ ਵੀ ਸ਼ਾਮ ਤੱਕ ਲਗਭਗ 14 ਟਰੱਕ ਆਈਸੀਪੀ ਅਟਾਰੀ ਪੁੱਜੇ ਹਨ। ਇਨ੍ਹਾਂ ਵਿੱਚ ਸੁੱਕੇ ਮੇਵੇ, ਮਸਾਲੇ, ਜੜੀ ਬੂਟੀਆਂ ਤੇ ਹੋਰ ਮਾਲ ਸ਼ਾਮਲ ਹੈ।ਆਈਸੀਪੀ ’ਚ ਲੈਂਡ ਪੋਰਟ ਅਥਾਰਟੀ ਆਫ ਇੰਡੀਆ ਦੇ ਉੱਚ ਅਧਿਕਾਰੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਭਾਰਤ ਸਰਕਾਰ ਵੱਲੋਂ ਵਪਾਰ ਬਹਾਲੀ ਵਾਸਤੇ ਪ੍ਰਵਾਨਗੀ ਨਹੀਂ ਦਿੱਤੀ ਗਈ ਹੈ। ਇਹ ਸਿਰਫ ਉਹੀ ਟਰੱਕ ਹਨ ਜੋ ਅਫ਼ਗਾਨਿਸਤਾਨ ਤੋਂ ਚੱਲੇ ਸਨ ਪਰ ਜੰਗਬੰਦੀ ਵਾਲੇ ਮਾਹੌਲ ਕਾਰਨ ਭਾਰਤ ਵਿੱਚ ਦਾਖ਼ਲ ਨਹੀਂ ਹੋ ਸਕੇ ਸਨ। ਇਹ ਟਰੱਕ ਹੁਣ ਜੰਗਬੰਦੀ ਤੋਂ ਬਾਅਦ ਭਾਰਤ ਵਿੱਚ ਦਾਖ਼ਲ ਹੋ ਰਹੇ ਹਨ।ਜ਼ਿਕਰਯੋਗ ਹੈ ਕਿ ਭਾਰਤ ਅਤੇ ਅਫਗਾਨਿਸਤਾਨ ਵਿਚਾਲੇ ਇੱਕ ਪਾਸੜ ਵਪਾਰ ਚੱਲ ਰਿਹਾ ਹੈ। ਭਾਰਤੀ ਵਪਾਰੀ ਅਫਗਾਨਿਸਤਾਨ ਤੋਂ ਸੁੱਕੇ ਮੇਵੇ, ਮਸਾਲਾ, ਜੜੀ ਬੂਟੀਆਂ ਤੇ ਹੋਰ ਸਮਾਨ ਮੰਗਵਾਉਂਦੇ ਹਨ। ਇਹ ਸਿਲਸਿਲਾ ਲੰਮੇ ਸਮੇਂ ਤੋਂ ਜਾਰੀ ਹੈ।ਪੁਲਵਾਮਾ ਵਿੱਚ ਹੋਏ ਅਤਿਵਾਦੀ ਹਮਲੇ ਤੋਂ ਪਹਿਲਾਂ ਭਾਰਤ ਅਤੇ ਪਾਕਿਸਤਾਨ ਵਿਚਾਲੇ ਵੀ ਅਟਾਰੀ ਵਾਹਗਾ ਸਾਂਝੀ ਚੈੱਕ ਪੋਸਟ ਰਸਤੇ ਦੁਵੱਲਾ ਵਪਾਰ ਹੁੰਦਾ ਸੀ ਪਰ ਇਸ ਹਮਲੇ ਤੋਂ ਬਾਅਦ ਇਹ ਵਪਾਰ ਬੰਦ ਹੈ।ਅਫਗਾਨਿਸਤਾਨ ਤੋਂ ਆਏ ਸੁੱਕੇ ਮੇਵੇ, ਮਸਾਲੇ ਅਤੇ ਹੋਰ ਸਾਮਾਨ ਨਾਲ ਲੱਦੇ ਹੋਏ ਇਹ ਟਰੱਕ ਅਟਾਰੀ ਆਈਸੀਪੀ ਪੁੱਜਣ ਮਗਰੋਂ ਅਨਲੋਡ ਕੀਤੇ ਗਏ ਹਨ ਅਤੇ ਇਹ ਮਾਲ ਭਾਰਤੀ ਟਰੱਕਾਂ ਵਿੱਚ ਲੱਦ ਕੇ ਅੱਗੇ ਆਪਣੀ ਮੰਜ਼ਿਲ ਵੱਲ ਭੇਜਿਆ ਗਿਆ ਹੈ।ਦੱਸਣਯੋਗ ਹੈ ਕਿ ਭਾਰਤ ਪਾਕਿਸਤਾਨ ਵਿਚਾਲੇ ਹੋਏ ਜੰਗ ਤੋਂ ਪਹਿਲਾ ਅਟਾਰੀ ਆਈਸੀਪੀ ਨੂੰ ਆਵਾਜਾਈ ਵਾਸਤੇ ਮੁਕੰਮਲ ਬੰਦ ਕਰ ਦਿੱਤਾ ਗਿਆ ਸੀ। ਦੋਵਾਂ ਮੁਲਕਾਂ ਵਿੱਚ ਰਹਿ ਰਹੇ ਪਾਕਿਸਤਾਨੀ ਅਤੇ ਭਾਰਤੀ ਨਾਗਰਿਕਾਂ ਨੂੰ ਆਪੋ-ਆਪਣੇ ਮੁਲਕ ਵਾਪਸ ਪਰਤਨ ਲਈ ਆਖਿਆ ਗਿਆ ਸੀ। ਇਸ ਤਹਿਤ ਲਗਭਗ 2000 ਤੋਂ ਵੱਧ ਭਾਰਤੀ ਅਤੇ ਪਾਕਿਸਤਾਨੀ ਨਾਗਰਿਕ ਇਨ੍ਹਾਂ ਦਿਨਾਂ ਦੌਰਾਨ ਆਪਣੇ ਮੁਲਕ ਵਿੱਚ ਵਾਪਸ ਪਰਤ ਗਏ ਸਨ। ਅਟਾਰੀ ਸਰਹੱਦ ਆਵਾਜਾਈ ਵਾਸਤੇ ਫਿਲਹਾਲ ਹੁਣ ਵੀ ਬੰਦ ਹੈ।