Punjab News ਐੱਨਐੱਚਏਆਈ ਦੇ ਉਸਾਰੀ ਮਜ਼ਦੂਰਾਂ ’ਤੇ ਹਮਲਿਆਂ ਦੀ ਮੁੜ ਗੂੰਜ
ਚਰਨਜੀਤ ਭੁੱਲਰ
ਚੰਡੀਗੜ੍ਹ, 1 ਦਸੰਬਰ
ਨੈਸ਼ਨਲ ਹਾਈਵੇਅ ਅਥਾਰਿਟੀ ਆਫ ਇੰਡੀਆ (ਐੱਨਐੱਚਏਆਈ) ਨੇ ਪੰਜਾਬ ’ਚ ਕੌਮੀ ਸੜਕ ਮਾਰਗਾਂ ਦੀ ਉਸਾਰੀ ’ਚ ਲੱਗੇ ਮਜ਼ਦੂਰਾਂ ’ਤੇ ਹਮਲਿਆਂ ਦਾ ਮੁੱਦਾ ਮੁੜ ਚੁੱਕਿਆ ਹੈ। ਅਥਾਰਿਟੀ ਨੂੰ ਕੌਮੀ ਮਾਰਗਾਂ ਦੀ ਉਸਾਰੀ ਦਾ ਕੰਮ ਪ੍ਰਭਾਵਿਤ ਹੋਣ ਦਾ ਖ਼ਦਸ਼ਾ ਬਣ ਗਿਆ ਹੈ। ਅਥਾਰਿਟੀ ਨੇ ਮੌਜੂਦਾ ਹਮਲਿਆਂ ਨੂੰ ਪੰਜਾਬ ਵਿਚਲੇ ਕੌਮੀ ਮਾਰਗਾਂ ਦੀ ਉਸਾਰੀ ਲਈ ਖ਼ਤਰਾ ਦੱਸਿਆ ਹੈ। ਐੱਨਐੱਚਏਆਈ ਨੇ ਅੰਮ੍ਰਿਤਸਰ ਦੇ ਫ਼ਤਿਹਪੁਰ ਰਾਜਪੂਤਾਂ ਬਾਈਪਾਸ ਨੇੜੇ ਅੰਮ੍ਰਿਤਸਰ-ਊਨਾ ਹਾਈਵੇਅ ਨੂੰ ਚਹੁੰ-ਮਾਰਗੀ ਬਣਾਉਣ ਲਈ ਰੱਖੇ ਮਜ਼ਦੂਰਾਂ ’ਤੇ ਹੋਏ ਹਮਲੇ ਦੇ ਮੱਦੇਨਜ਼ਰ ਪੰਜਾਬ ਦੇ ਡੀਜੀਪੀ ਤੋਂ ਮਦਦ ਮੰਗੀ ਹੈ। ਇਹ ਹਮਲਾ ਲੰਘੇ ਹਫ਼ਤੇ ਹੋਇਆ ਹੈ ਜਿਸ ਲਈ ਜ਼ਿੰਮੇਵਾਰ ਲੋਕਾਂ ਖ਼ਿਲਾਫ਼ ਕਾਰਵਾਈ ਕੀਤੇ ਜਾਣ ਦੀ ਗੱਲ ਕਹੀ ਗਈ ਹੈ।
ਐੱਨਐੱਚਏਆਈ ਨੇ ਇਸ ਬਾਰੇ ਡੀਜੀਪੀ ਅਤੇ ਮੁੱਖ ਸਕੱਤਰ ਨੂੰ ਪੱਤਰ ਲਿਖਿਆ ਹੈ ਜਿਸ ਵਿਚ ਕਿਹਾ ਗਿਆ ਹੈ ਕਿ ਚੋਰਾਂ ਦੇ ਗਰੋਹ ਨੇ ਤਲਵਾਰਾਂ, ਪਿਸਤੌਲ ਅਤੇ ਰਾਡਾਂ ਨਾਲ ਮਜ਼ਦੂਰਾਂ ਦੀ ਬੇਰਹਿਮੀ ਨਾਲ 27 ਨਵੰਬਰ ਦੀ ਰਾਤ ਨੂੰ ਕੁੱਟਮਾਰ ਕੀਤੀ ਸੀ। ਇਸ ਵੇਲੇ ਇਹ ਮਜ਼ਦੂਰ ਅੰਮ੍ਰਿਤਸਰ ਦੇ ਗੁਰੂ ਰਾਮਦਾਸ ਹਸਪਤਾਲ ਵਿੱਚ ਇਲਾਜ ਅਧੀਨ ਹਨ। ਕੌਮੀ ਅਥਾਰਿਟੀ ਦਾ ਕਹਿਣਾ ਹੈ ਕਿ ਠੇਕੇਦਾਰਾਂ ਵੱਲੋਂ ਕੌਮੀ ਮਾਰਗਾਂ ਦੀ ਉਸਾਰੀ ਲਈ ਰੱਖੇ ਮਜ਼ਦੂਰਾਂ ’ਤੇ ਪਹਿਲਾਂ ਵੀ ਹਮਲੇ ਹੋ ਚੁੱਕੇ ਹਨ। ਅਥਾਰਿਟੀ ਨੇ ਇਸ ਤਰ੍ਹਾਂ ਦੀਆਂ ਘਟਨਾਵਾਂ ਮਾਰਚ ਅਤੇ ਅਪਰੈਲ ਵਿਚ ਹੋਣ ਦਾ ਹਵਾਲਾ ਦਿੱਤਾ ਹੈ।
ਦੱਸਣਯੋਗ ਹੈ ਕਿ ਪਹਿਲਾਂ ਜਦੋਂ ਮਜ਼ਦੂਰਾਂ ’ਤੇ ਹਮਲੇ ਹੋਏ ਸਨ ਤਾਂ ਕੇਂਦਰ ਸਰਕਾਰ ਨੇ ਉਸ ਵਕਤ ਪੰਜਾਬ ਦੀ ਅਮਨ ਕਾਨੂੰਨ ਦੀ ਵਿਵਸਥਾ ਦੇ ਮੁੱਦੇ ਨੂੰ ਉਭਾਰਿਆ ਸੀ। ਇਸ ਵੇਲੇ ਆਮ ਆਦਮੀ ਪਾਰਟੀ ਵੱਲੋਂ ਚੋਣਾਂ ਦੇ ਮੱਦੇਨਜ਼ਰ ਦਿੱਲੀ ਵਿਚ ਲਾਅ ਐਂਡ ਆਰਡਰ ਨੂੰ ਮੁੱਖ ਮੁੱਦੇ ਵਜੋਂ ਉਭਾਰਿਆ ਜਾ ਰਿਹਾ ਹੈ। ਐੱਨਐੱਚਏਆਈ ਦੇ ਖੇਤਰੀ ਅਧਿਕਾਰੀ ਵਿਪਨੇਸ਼ ਸ਼ਰਮਾ ਨੇ ਇਹ ਦੋਸ਼ ਵੀ ਲਾਏ ਹਨ ਕਿ ਉਨ੍ਹਾਂ ਵੱਲੋਂ ਅੰਮ੍ਰਿਤਸਰ ਦੇ ਅਧਿਕਾਰੀਆਂ ਤੱਕ ਪਹੁੰਚ ਬਣਾਏ ਜਾਣ ਦੇ ਬਾਵਜੂਦ ਕੋਈ ਕਾਰਵਾਈ ਨਹੀਂ ਹੋਈ ਹੈ। ਖੇਤਰੀ ਅਧਿਕਾਰੀ ਨੇ ਦੋਸ਼ ਲਾਇਆ ਹੈ ਕਿ ਅੰਮ੍ਰਿਤਸਰ ਵਿਚਲੇ ਪ੍ਰੋਜੈਕਟ ਡਾਇਰੈਕਟਰ ਨੇ 9 ਮਾਰਚ ਅਤੇ 17 ਅਪਰੈਲ ਨੂੰ ਐੱਸ.ਐੱਸ.ਪੀ, ਅੰਮ੍ਰਿਤਸਰ ਦਿਹਾਤੀ ਕੋਲ ਇਹ ਮੁੱਦੇ ਉਠਾਏ ਸਨ। ਸਬੰਧਤ ਠੇਕੇਦਾਰ ਦੇ ਪੀੜਤ ਕਰਮਚਾਰੀਆਂ ਨੇ ਲਿਖਤੀ ਸ਼ਿਕਾਇਤਾਂ ਵੀ ਪੁਲੀਸ ਨੂੰ ਦਿੱਤੀਆਂ ਸਨ। ਇਸ ਦੇ ਬਾਵਜੂਦ ਪੁਲੀਸ ਨੇ ਕੋਈ ਕਾਰਵਾਈ ਨਹੀਂ ਕੀਤੀ। ਇਨ੍ਹਾਂ ਹਮਲਿਆਂ ਕਰਕੇ ਮਜ਼ਦੂਰ ਕੰਮ ਛੱਡ ਸਕਦੇ ਹਨ ਕਿਉਂਕਿ ਠੇਕੇਦਾਰ ਵੀ ਆਪਣੇ ਆਪ ਨੂੰ ਅਸੁਰੱਖਿਅਤ ਮਹਿਸੂਸ ਕਰ ਰਹੇ ਹਨ। ਖੇਤਰੀ ਅਧਿਕਾਰੀ ਨੇ ਮੰਗ ਕੀਤੀ ਕਿ ਦੋਸ਼ੀਆਂ ਖ਼ਿਲਾਫ਼ ਕਾਰਵਾਈ ਲਈ ਅੰਮ੍ਰਿਤਸਰ ਪੁਲੀਸ ਨੂੰ ਹਦਾਇਤਾਂ ਜਾਰੀ ਕੀਤੀਆਂ ਜਾਣ।
ਉਨ੍ਹਾਂ ਕਿਹਾ ਕਿ ਐੱਨਐੱਚਏਆਈ ਅਧਿਕਾਰੀਆਂ ਅਤੇ ਠੇਕੇਦਾਰਾਂ ਦੇ ਸਟਾਫ਼ ਵਿਚ ਭਰੋਸਾ ਬਹਾਲ ਕੀਤੇ ਜਾਣ ਦੀ ਲੋੜ ਹੈ ਤਾਂ ਜੋ ਕੌਮੀ ਸੜਕ ਮਾਰਗਾਂ ਦਾ ਕੰਮ ਸਮੇਂ ਸਿਰ ਸੁਰੱਖਿਅਤ ਮਾਹੌਲ ਵਿਚ ਮੁਕੰਮਲ ਕੀਤਾ ਜਾ ਸਕੇ।
ਉਧਰ ਅੰਮ੍ਰਿਤਸਰ ਦੇ ਪ੍ਰਾਜੈਕਟ ਡਾਇਰੈਕਟਰ ਨੇ ਵੀ ਡਿਪਟੀ ਕਮਿਸ਼ਨਰ ਨੂੰ ਇਸ ਬਾਰੇ ਪੱਤਰ ਲਿਖਿਆ ਹੈ ਜਿਸ ਵਿਚ ਪਹਿਲਾਂ ਲੁਧਿਆਣਾ ਵਿੱਚ ਵਾਪਰੀ ਅਜਿਹੀ ਹੀ ਇੱਕ ਘਟਨਾ ਦਾ ਵੇਰਵਾ ਦਿੱਤਾ ਗਿਆ ਹੈ। ਲੁਧਿਆਣਾ ਵਿਚ ਵਾਪਰੀ ਇਸ ਘਟਨਾ ਮਗਰੋਂ ਹੀ ਕੇਂਦਰ ਸਰਕਾਰ ਤੱਕ ਇਸ ਦੀ ਗੂੰਜ ਪਈ ਸੀ।
ਨਵੇਂ ਪ੍ਰਾਜੈਕਟ ਲਈ ਫ਼ੰਡਾਂ ਨੂੰ ਮਨਜ਼ੂਰੀ
ਕੇਂਦਰੀ ਸੜਕੀ ਆਵਾਜਾਈ ਅਤੇ ਰਾਜ ਮਾਰਗ ਮੰਤਰੀ ਨਿਤਿਨ ਗਡਕਰੀ ਨੇ ਅੱਜ ‘ਐਕਸ’ ’ਤੇ ਜਾਣਕਾਰੀ ਸਾਂਝੀ ਕਰਦਿਆਂ ਪੰਜਾਬ ਵਿਚਲੇ ਚਾਰ-ਛੇ ਮਾਰਗੀ ਗ੍ਰੀਨਫੀਲਡ ਪਠਾਨਕੋਟ ਲਿੰਕ ਮਾਰਗ ਦੀ ਉਸਾਰੀ ਲਈ 666.81 ਕਰੋੜ ਰੁਪਏ ਮਨਜ਼ੂਰ ਕੀਤੇ ਜਾਣ ਦੀ ਗੱਲ ਕਹੀ ਹੈ। ਇਹ 12.34 ਕਿਲੋਮੀਟਰ ਲੰਬਾ ਮਾਰਗ ਐੱਨਐੱਚ-44 ’ਤੇ ਸਥਿਤ ਤਲਵਾੜਾ ਜੱਟਾਂ ਪਿੰਡ ਨੂੰ ਦਿੱਲੀ-ਅੰਮ੍ਰਿਤਸਰ-ਕਟੜਾ ਐਕਸਪ੍ਰੈੱਸਵੇਅ ’ਤੇ ਗੋਬਿੰਦਸਰ ਪਿੰਡ ਨਾਲ ਜੋੜੇਗਾ। ਇਹ ਪ੍ਰਾਜੈਕਟ ਪਠਾਨਕੋਟ ਸ਼ਹਿਰ ਵਿੱਚ ਟਰੈਫ਼ਿਕ ਦੇ ਮਸਲੇ ਨੂੰ ਵੀ ਹੱਲ ਕਰੇਗਾ।