ਪਿਸ਼ਾਵਰ ’ਚ ਹਮਲੇ
ਪਾਕਿਸਤਾਨ ਵਿਚ ਅਫ਼ਗਾਨਿਸਤਾਨ ਦੀ ਸਰਹੱਦ ਨਾਲ ਲੱਗਦੇ ਸ਼ਹਿਰ ਪਿਸ਼ਾਵਰ ‘ਚ ਦਹਿਸ਼ਤਗਰਦਾਂ ਦੇ 23-24 ਜੂਨ ਨੂੰ ਕੀਤੇ ਹਮਲਿਆਂ ਵਿਚ ਸਿੱਖ ਭਾਈਚਾਰੇ ਦੇ ਇਕ ਵਿਅਕਤੀ ਦੀ ਮੌਤ ਤੇ ਇਕ ਦੇ ਜ਼ਖ਼ਮੀ ਹੋਣ ਕਾਰਨ ਸਿੱਖ ਭਾਈਚਾਰੇ ਵਿਚ ਭਾਰੀ ਰੋਸ ਹੈ। ਸਿੱਖ ਭਾਈਚਾਰੇ ਨੇ ਪਿਸ਼ਾਵਰ ਦੇ ਬਾਜ਼ਾਰਾਂ ਵਿਚ ਇਸ ਵਿਰੁੱਧ ਮੁਜ਼ਾਹਰਾ ਕੀਤਾ ਹੈ। 15 ਮਈ ਨੂੰ ਵੀ ਸਿੱਖ ਭਾਈਚਾਰੇ ਦੇ ਦੋ ਬੰਦਿਆਂ ਨੂੰ ਗੋਲੀ ਦਾ ਨਿਸ਼ਾਨਾ ਬਣਾਇਆ ਗਿਆ ਸੀ। ਇਸਲਾਮਿਕ ਸਟੇਟ ਖੁਰਾਸਨ ਨਾਮ ਦੀ ਦਹਿਸ਼ਤਗਰਦ ਜਥੇਬੰਦੀ ਨੇ ਇਨ੍ਹਾਂ ਕਤਲਾਂ ਦੀ ਜ਼ਿੰਮੇਵਾਰੀ ਲਈ ਹੈ। ਇਸ ਜਥੇਬੰਦੀ ਨੇ ਹਿੰਦੂਆਂ, ਈਸਾਈਆਂ ਅਤੇ ਸ਼ੀਆ ਤੇ ਅਹਿਮਦੀਆ ਭਾਈਚਾਰੇ ਦੇ ਲੋਕਾਂ ਨੂੰ ਵੀ ਨਿਸ਼ਾਨਾ ਬਣਾਇਆ ਹੈ। ਪਿਛਲੇ ਕੁਝ ਸਮੇਂ ਵਿਚ ਸਿੱਖ ਭਾਈਚਾਰੇ ਦੇ ਸੈਂਕੜੇ ਲੋਕ ਖ਼ੈਬਰ ਪਖ਼ਤੂਨਵਾ ਸੂਬੇ ਤੋਂ ਲਹਿੰਦੇ ਪੰਜਾਬ ਤੇ ਵਿਦੇਸ਼ਾਂ ਨੂੰ ਹਿਜਰਤ ਕਰ ਗਏ ਹਨ। ਇਸ ਸਮੇਂ ਪਿਸ਼ਾਵਰ ਵਿਚ 6000 ਤੋਂ ਵੱਧ ਸਿੱਖ ਵਸਦੇ ਹਨ।
1947 ਦੀ ਵੰਡ ਭਾਰਤ ਦੇ ਇਤਿਹਾਸ ਦਾ ਸਭ ਤੋਂ ਵੱਡਾ ਦੁਖਾਂਤ ਹੈ; ਲੱਖਾਂ ਲੋਕਾਂ ਨੂੰ ਉਹ ਭੋਇੰ ਛੱਡਣੀ ਪਈ ਜਿੱਥੇ ਉਹ ਸਦੀਆਂ ਤੋਂ ਰਹਿੰਦੇ ਆਏ ਸਨ। ਲਗਭਗ 10 ਲੱਖ ਪੰਜਾਬੀ ਮਾਰੇ ਗਏ। ਪਾਕਿਸਤਾਨ ‘ਚ ਆਪਣੀ ਭੋਇੰ ਨੂੰ ਪਿਆਰ ਕਰਨ ਵਾਲੇ ਹਜ਼ਾਰਾਂ ਲੋਕਾਂ ਨੇ ਫ਼ੈਸਲਾ ਕੀਤਾ ਕਿ ਉਹ ਆਪਣੇ ਵਡੇਰਿਆਂ ਦੇ ਘਰ ਛੱਡ ਕੇ ਨਹੀਂ ਜਾਣਗੇ। ਸਿੱਖ ਤੇ ਹਿੰਦੂ ਭਾਈਚਾਰੇ ਦੇ ਇਹ ਲੋਕ ਪਾਕਿਸਤਾਨ ਵਿਚ ਹੀ ਰਹੇ। ਸਿੱਖ ਭਾਈਚਾਰੇ ਦੀ ਵੱਡੀ ਗਿਣਤੀ ਪਖ਼ਤੂਨਖਵਾ ਸੂਬੇ ਵਿਚ ਰਹੀ ਕਿਉਂਕਿ ਉਸ ਸਮੇਂ ਇਸ ਸੂਬੇ ਵਿਚ ਅਬਦੁੱਲ ਗਫ਼ਾਰ ਖ਼ਾਨ ਜਿਨ੍ਹਾਂ ਨੂੰ ਸਰਹੱਦੀ ਗਾਂਧੀ ਤੇ ਬਾਦਸ਼ਾਹ ਖ਼ਾਨ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਸੀ, ਦੀ ਅਗਵਾਈ ਵਾਲੀ ਲੀਡਰਸ਼ਿਪ ਭਾਰਤ ਪੱਖੀ ਸੀ ਅਤੇ ਸਿੱਖਾਂ ਨੂੰ ਇਸ ਸੂਬੇ ਵਿਚ ਸੁਰੱਖਿਆ ਦਾ ਅਹਿਸਾਸ ਸੀ। ਸਭਿਆਚਾਰਕ ਪੱਖ ਤੋਂ ਇਸ ਭਾਈਚਾਰੇ ਨੇ ਹਿੰਦਕੋ ਦੇ ਨਾਲ ਨਾਲ ਪਸ਼ਤੋ ਨੂੰ ਅਪਣਾਇਆ; ਇਹ ਮੁੱਖ ਤੌਰ ‘ਤੇ ਵਪਾਰੀ ਤਬਕਾ ਹੈ। ਸਮੇਂ ਨਾਲ ਕੱਟੜਪੰਥੀ ਸਿਆਸਤ ਵਧੀ ਤੇ ਉਨ੍ਹਾਂ ਨੂੰ ਨਿਸ਼ਾਨਾ ਬਣਾਇਆ।
ਇਸਲਾਮਕ ਸਟੇਟ ਖੁਰਾਸਾਨ ਤਾਲਿਬਾਨ ਤੋਂ ਵੱਖ ਹੋਈ ਦਹਿਸ਼ਤਗਰਦ ਜਥੇਬੰਦੀ ਹੈ। ਹੁਣ ਇਨ੍ਹਾਂ ਤੇ ਤਾਲਿਬਾਨ ਵਿਚਕਾਰ ਮੁਕਾਬਲਾ ਹੈ ਕਿ ਕਿਹੜੀ ਜਥੇਬੰਦੀ ਜ਼ਿਆਦਾ ਕੱਟੜ ਹੈ। ਇਹ ਲੋਕ ਧਰਮ ਦੇ ਆਧਾਰ ‘ਤੇ ਬੇਗੁਨਾਹ ਲੋਕਾਂ ਨੂੰ ਨਿਸ਼ਾਨਾ ਬਣਾ ਕੇ ਨਫ਼ਰਤ ਦੀ ਸਿਆਸਤ ਕਰਦੇ ਹਨ। ਇਨ੍ਹਾਂ ਜਥੇਬੰਦੀਆਂ ਦੀਆਂ ਜੜ੍ਹਾਂ 1980ਵਿਆਂ ਵਿਚ ਅਮਰੀਕਾ ਦੁਆਰਾ ਬਣਾਈਆਂ ਜਹਾਦੀ ਜਥੇਬੰਦੀਆਂ ਵਿਚ ਹਨ ਜਿਨ੍ਹਾਂ ਨੂੰ ਅਫ਼ਗਾਨਿਸਤਾਨ ਵਿਚ ਆਈਆਂ ਸੋਵੀਅਤ ਯੂਨੀਅਨ ਦੀਆਂ ਫ਼ੌਜਾਂ ਵਿਰੁੱਧ ਵਰਤਿਆ ਗਿਆ। ਖ਼ੈਬਰ ਪਖ਼ਤੂਨਵਾ ਸੂਬੇ ਦੇ ਆਗੂ ਅਤੇ ਸਰਹੱਦੀ ਗਾਂਧੀ ਦੇ ਪੁੱਤਰ ਅਬਦੁੱਲ ਵਲੀ ਖ਼ਾਨ ਨੇ ਫ਼ੌਜੀ ਹਾਕਮਾਂ ਨੂੰ ਸਲਾਹ ਦਿੱਤੀ ਸੀ ਕਿ ਅਮਰੀਕਾ ਨੂੰ ਪਾਕਿਸਤਾਨ ਦੀ ਧਰਤੀ ਵਰਤਣ ਨਹੀਂ ਦਿੱਤੀ ਜਾਣੀ ਚਾਹੀਦੀ ਪਰ ਉਹ ਸਲਾਹ ਮੰਨੀ ਨਹੀਂ ਗਈ। ਉਸ ਸਮੇਂ ਪੈਦਾ ਹੋਈ ਫ਼ਿਰਕਾਪ੍ਰਸਤੀ ਨੇ ਪਾਕਿਸਤਾਨ ਦੇ ਲੋਕਾਂ ਦੀ ਜ਼ਿੰਦਗੀ ਵਿਚ ਜ਼ਹਿਰ ਘੋਲਿਆ। ਪਾਕਿਸਤਾਨੀ ਫ਼ੌਜ ਅਤੇ ਸਿਆਸਤਦਾਨਾਂ ਨੇ ਇਨ੍ਹਾਂ ਦਹਿਸ਼ਤਗਰਦਾਂ ਨੂੰ ਕਸ਼ਮੀਰ ਵਿਚ ਗੜਬੜ ਕਰਾਉਣ ਲਈ ਵੀ ਵਰਤਿਆ। ਬਾਅਦ ‘ਚ ਇਨ੍ਹਾਂ ਦਹਿਸ਼ਤਗਰਦਾਂ ਨੇ ਪਾਕਿਸਤਾਨ ਦੇ ਅੰਦਰ ਕਹਿਰ ਢਾਹਿਆ ਅਤੇ ਸਕੂਲਾਂ, ਬਾਜ਼ਾਰਾਂ, ਮਸਜਿਦਾਂ ਆਦਿ ਵਿਚ ਧਮਾਕੇ ਕੀਤੇ ਅਤੇ ਸੈਂਕੜੇ ਲੋਕਾਂ ਦੀ ਜਾਨ ਲਈ। ਘੱਟਗਿਣਤੀ ਫ਼ਿਰਕੇ ਦੇ ਲੋਕਾਂ ਨੂੰ ਨਿਸ਼ਾਨਾ ਬਣਾਉਣਾ ਆਸਾਨ ਹੁੰਦਾ ਹੈ। ਕੱਟੜਪੰਥੀ ਤੱਤ ਸੁੰਨੀ ਮੁਸਲਿਮ ਭਾਈਚਾਰੇ ਦੇ ਲੋਕਾਂ ਨੂੰ ਖ਼ੈਬਰ ਪਖ਼ਤੂਨਵਾ, ਸਿੰਧ ਤੇ ਪੰਜਾਬ ਵਿਚ ਹਿੰਦੂਆਂ, ਸਿੱਖਾਂ, ਈਸਾਈਆਂ ਅਤੇ ਅਹਿਮਦੀ ਤੇ ਸ਼ੀਆ ਭਾਈਚਾਰੇ ਦੇ ਲੋਕਾਂ ਨਾਲ ਵਿਤਕਰਾ ਕਰਨ ਨੂੰ ਉਤਸ਼ਾਹਿਤ ਕਰਦੇ ਹਨ। ਪਾਕਿਸਤਾਨ ਵਿਚ ਜਮਹੂਰੀ ਤਾਕਤਾਂ ਅਤੇ ਸਿਵਲ ਸੁਸਾਇਟੀ ਦੀ ਆਵਾਜ਼ ਬਹੁਤ ਕਮਜ਼ੋਰ ਹੈ। ਪਾਕਿਸਤਾਨ ਸਰਕਾਰ ਘੱਟਗਿਣਤੀ ਫ਼ਿਰਕਿਆਂ ਨੂੰ ਸੁਰੱਖਿਆ ਮੁਹੱਈਆ ਕਰਵਾਉਣ ਵਿਚ ਅਸਫ਼ਲ ਰਹੀ ਹੈ। ਸਰਕਾਰ ਦੁਆਰਾ ਦਹਿਸ਼ਤੀ ਜਥੇਬੰਦੀਆਂ ਨੂੰ ਦਿੱਤੀ ਜਾਂਦੀ ਰਹੀ ਪੁਸ਼ਤਪਨਾਹੀ ਕਾਰਨ ਪੁਲੀਸ ਤੇ ਫ਼ੌਜ ਦਹਿਸ਼ਤਗਰਦਾਂ ਵਿਰੁੱਧ ਪ੍ਰਭਾਵਸ਼ਾਲੀ ਕਾਰਵਾਈ ਕਰਨ ਤੋਂ ਅਸਮਰੱਥ ਹਨ। ਖ਼ੈਬਰ ਪਖ਼ਤੂਨਵਾ ਤੇ ਬਲੋਚਿਸਤਾਨ ਸੂਬਿਆਂ ਦੇ ਕੁਝ ਹਿੱਸਿਆਂ ‘ਚ ਦਹਿਸ਼ਤੀ ਜਥੇਬੰਦੀਆਂ ਦਾ ਬੋਲਬਾਲਾ ਹੈ। ਭਾਰਤ ਸਰਕਾਰ ਤੇ ਕੌਮਾਂਤਰੀ ਭਾਈਚਾਰੇ ਨੂੰ ਪਾਕਿਸਤਾਨ ‘ਚ ਘੱਟਗਿਣਤੀ ਫ਼ਿਰਕਿਆਂ ਦੇ ਲੋਕਾਂ ਦੀ ਸੁਰੱਖਿਆ ਲਈ ਆਵਾਜ਼ ਉਠਾਉਣੀ ਚਾਹੀਦੀ ਹੈ।