ਇਜ਼ਰਾਈਲ ਵੱਲੋਂ ਇਰਾਨ ਦੇ ਫੌਜੀ ਟਿਕਾਣਿਆਂ ’ਤੇ ਹਮਲੇ, 4 ਹਲਾਕ
ਦੁਬਈ, 26 ਅਕਤੂਬਰ
ਇਜ਼ਰਾਈਲ ਨੇ ਅੱਜ ਸਵੇਰੇ ਇਰਾਨ ਦੇ ਫੌਜੀ ਟਿਕਾਣਿਆਂ ’ਤੇ ਹਵਾਈ ਹਮਲੇ ਕੀਤੇ ਅਤੇ ਕਿਹਾ ਕਿ ਇਹ ਮਹੀਨੇ ਦੇ ਸ਼ੁਰੂ ਵਿੱਚ ਦਾਗੀਆਂ ਬੈਲਿਸਟਿਕ ਮਿਜ਼ਾਈਲਾਂ ਦੀ ਜਵਾਬੀ ਕਾਰਵਾਈ ਹੈ। ਹਮਲੇ ਵਿੱਚ ਚਾਰ ਵਿਅਕਤੀ ਮਾਰੇ ਗਏ ਹਨ ਜੋ ਇਰਾਨੀ ਫੌਜੀ ਟਿਕਾਣਿਆਂ ’ਤੇ ਮੌਜੂਦ ਸਨ। ਇਜ਼ਰਾਈਲੀ ਫੌਜ ਨੇ ਕਿਹਾ ਕਿ ਉਸ ਦੇ ਜਹਾਜ਼ਾਂ ਨੇ ਉਨ੍ਹਾਂ ਫੌਜੀ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ, ਜਿਸ ਦੀ ਵਰਤੋਂ ਇਜ਼ਰਾਈਲ ’ਤੇ ਦਾਗ਼ੀ ਮਿਜ਼ਾਈਲ ਬਣਾਉਣ ਲਈ ਕੀਤੀ ਗਈ ਸੀ। ਉਸ ਨੇ ਧਰਤੀ ਤੋਂ ਹਵਾ ਵਿੱਚ ਮਾਰ ਕਰਨ ਵਾਲੀਆਂ ਮਿਜ਼ਾਈਲਾਂ ’ਤੇ ਵੀ ਨਿਸ਼ਾਨਾ ਸੇਧਿਆ। ਇਸ ਗੱਲ ਦਾ ਫੌਰੀ ਕੋਈ ਸੰਕੇਤ ਨਹੀਂ ਮਿਲਿਆ ਕਿ ਤੇਲ ਜਾਂ ਮਿਜ਼ਾਈਲ ਵਾਲੇ ਟਿਕਾਣਿਆਂ ਨੂੰ ਵੀ ਨਿਸ਼ਾਨਾ ਬਣਾਇਆ ਗਿਆ ਸੀ।
ਧਮਾਕਿਆਂ ਦੀ ਅਵਾਜ਼ ਇਰਾਨ ਦੀ ਰਾਜਧਾਨੀ ਤਹਿਰਾਨ ਵਿੱਚ ਸੁਣੀ ਗਈ। ਇਰਾਨ ਦੀ ਫੌਜ ਨੇ ਕਿਹਾ ਕਿ ਇਜ਼ਰਾਈਲ ਨੇ ਉਸਦੇ ਇਲਾਮ, ਖੁਜਸਤਾਨ ਅਤੇ ਤਹਿਰਾਨ ਸੂਬੇ ਵਿਚ ਫੌਜੀ ਟਿਕਾਣਿਆਂ ਨੂੰ ਨਿਸ਼ਾਨਾ ਬਣਾ ਕੇ ਹਮਲੇ ਕੀਤੇ ਹਨ, ਜਿਸ ਵਿਚ ਸੀਮਤ ਨੁਕਸਾਨ ਹੋਇਆ ਹੈ। ਇਰਾਨੀ ਫੌਜ ਨੇ ਦਾਅਵਾ ਕੀਤਾ ਕਿ ਉਸ ਦੀ ਹਵਾਈ ਸੁਰੱਖਿਆ ਪ੍ਰਣਾਲੀ ਨੇ ਹਮਲਿਆਂ ਨਾਲ ਹੋਣ ਵਾਲੇ ਨੁਕਸਾਨ ਨੂੰ ਸੀਮਤ ਕਰ ਦਿੱਤਾ, ਹਾਲਾਂਕਿ ਉਸਨੇ ਇਸ ਸਬੰਧੀ ਕੋਈ ਸਬੂਤ ਨਹੀਂ ਦਿੱਤਾ।
ਇਸੇ ਦੌਰਾਨ ਅਮਰੀਕਾ ਨੇ ਬਿਆਨ ਵਿੱਚ ਕਿਹਾ ਕਿ ਦੋਵਾਂ ਦੇਸ਼ਾਂ ਦਰਮਿਆਨ ਹਮਲਿਆਂ ਦਾ ਹਿਸਾਬ ਬਰਾਬਰ ਹੋ ਚੁੱਕਿਆ ਹੈ, ਹੁਣ ਫੌਜੀ ਹਮਲੇ ਬੰਦ ਹੋਣੇ ਚਾਹੀਦੇ ਹਨ। ਅਮਰੀਕਾ ਨੇ ਇਰਾਨ ਨੂੰ ਇਜ਼ਰਾਈਲ ’ਤੇ ਜਵਾਬੀ ਹਮਲਾ ਕਰਨ ’ਤੇ ਅੰਜਾਮ ਭੁਗਤਣ ਦੀ ਚਿਤਾਵਨੀ ਦਿੱਤੀ ਹੈ। ਵਾਈਟ ਹਾਊਸ ਦੇ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਉਸਦੇ ਪ੍ਰਸ਼ਾਸਨ ਨੂੰ ਲੱਗਦਾ ਹੈ ਕਿ ਇਜ਼ਰਾਇਲੀ ਮੁਹਿੰਮ ਮਗਰੋਂ ਹੁਣ ਦੋਵਾਂ ਦੇਸ਼ਾਂ ਵਿਚ ਸਿੱਧੇ ਫੌਜੀ ਹਮਲੇ ਬੰਦ ਹੋਣੇ ਚਾਹੀਦੇ ਹਨ। ਇਸ ਨਾਲ ਹੋਰ ਸਹਿਯੋਗੀ ਦੇਸ਼ ਵੀ ਸਹਿਮਤ ਹਨ। -ਏਪੀ
ਹਮਲੇ ਵਿੱਚ ਇਰਾਨ ਦੇ ਦਸ ਪੁਲੀਸ ਅਧਿਕਾਰੀ ਹਲਾਕ
ਦੁਬਈ: ਇਰਾਨ ਦੇ ਅਸ਼ਾਂਤ ਦੱਖਣ-ਪੂਰਬ ਵਿੱਚ ਅੱਜ ਹਮਲੇ ਵਿੱਚ ਦਸ ਪੁਲੀਸ ਅਧਿਕਾਰੀਆਂ ਦੀ ਮੌਤ ਹੋ ਗਈ। ਇਹ ਹਮਲਾ ਇਰਾਨ ਦੀ ਰਾਜਧਾਨੀ ਤਹਿਰਾਨ ਤੋਂ ਲਗਪਗ 1,200 ਕਿਲੋਮੀਟਰ ਦੱਖਣ-ਪੂਰਬ ਵਿਚ ਗੋਹਰ ਕੁਹ ਵਿਚ ਹੋਇਆ। ਅਧਿਕਾਰੀਆਂ ਨੇ ਹਮਲੇ ਲਈ ਕਿਸੇ ਤਤਕਾਲੀ ਸ਼ੱਕੀ ਦੀ ਪਛਾਣ ਨਹੀਂ ਕੀਤੀ ਅਤੇ ਨਾ ਹੀ ਕਿਸੇ ਜਥੇਬੰਦੀ ਨੇ ਜ਼ਿੰਮੇਵਾਰੀ ਲਈ ਹੈ। -ਏਪੀ