ਪੁਲੀਸ ਮੁਲਾਜ਼ਮ ’ਤੇ ਹਮਲਾ ਕਰ ਕੇ ਸਰਕਾਰੀ ਪਿਸਤੌਲ ਖੋਹਿਆ
ਮਹਿੰਦਰ ਸਿੰਘ ਰੱਤੀਆਂ
ਮੋਗਾ, 23 ਦਸੰਬਰ
ਇੱਥੇ ਲੰਘੀ ਰਾਤ ਪੁਲੀਸ ਮੁਲਾਜ਼ਮ ’ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਨ ਮਗਰੋਂ ਹਮਲਾਵਰ ਉਸ ਦਾ ਸਰਕਾਰੀ ਪਿਸਤੌਲ ਲੈ ਕੇ ਫ਼ਰਾਰ ਹੋ ਗਏ। ਐੱਸਐੱਸਪੀ ਵਿਵੇਕਸ਼ੀਲ ਸੋਨੀ ਤੇ ਹੋਰ ਸੀਨੀਅਰ ਪੁਲੀਸ ਅਧਿਕਾਰੀਆਂ ਨੇ ਮੌਕੇ ’ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ। ਥਾਣਾ ਸਿਟੀ ਦੇ ਮੁਖੀ ਜਸਬੀਰ ਸਿੰਘ ਨੇ ਦੱਸਿਆ ਕਿ ਜ਼ਖ਼ਮੀ ਪੁਲੀਸ ਮੁਲਾਜ਼ਮ ਸਤਨਾਮ ਸਿੰਘ ਥਾਣਾ ਧਰਮਕੋਟ ਅਧੀਨ ਪੈਂਦੀ ਪੁਲੀਸ ਚੌਕੀ ਕਮਾਲਕੇ ਵਿੱਚ ਤਾਇਨਾਤ ਹੈ। ਉਸ ਦੇ ਬਿਆਨ ’ਤੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰਨ ਦੀ ਕਾਰਵਾਈ ਜਾਰੀ ਹੈ।
ਮਿਲੀ ਜਾਣਕਾਰੀ ਅਨੁਸਾਰ ਜ਼ਖ਼ਮੀ ਸਿਪਾਹੀ ਸਥਾਨਕ ਨਗਰ ਨਿਗਮ ਦੇ ਸਾਬਕਾ ਡਿਪਟੀ ਮੇਅਰ ਜਰਨੈਲ ਸਿੰਘ ਦਾ ਲੜਕਾ ਹੈ। ਪ੍ਰਾਪਤ ਵੇਰਵਿਆਂ ਮੁਤਾਬਕ ਸਿਪਾਹੀ ਸਤਨਾਮ ਸਿੰਘ ਲੰਘੀ ਰਾਤ ਕਰੀਬ 9 ਵਜੇ ਆਪਣੀ ਬਰੇਜ਼ਾ ਗੱਡੀ ਵਿੱਚ ਪਿੰਡ ਦੁਨੇਕੇ ਤੋਂ ਮੋਗਾ ਸ਼ਹਿਰ ਦੀ ਹੱਦ ਤੋਂ ਲੰਘਦੀ ਨਹਿਰ ਦੇ ਬਾਈਪਾਸ ਰਾਹੀਂ ਡਿਊਟੀ ’ਤੇ ਪੁਲੀਸ ਚੌਕੀ ਕਮਾਲਕੇ ਵੱਲ ਜਾ ਰਿਹਾ ਸੀ। ਉਸ ਦੀ ਗੱਡੀ ਲੁਹਾਰਾ ਚੌਕ ਨੇੜੇ ਪੰਕਚਰ ਹੋ ਗਈ ਅਤੇ ਉਹ ਟਾਇਰ ਬਦਲ ਰਿਹਾ ਸੀ। ਇਸ ਦੌਰਾਨ ਕੁਝ ਵਿਅਕਤੀਆਂ ਨੇ ਉਸ ’ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਹਮਲੇ ਮਗਰੋਂ ਉਸ ਨੂੰ ਕੋਟ ਈਸੇ ਖਾਂ ਦੇ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਉਸ ਦੇ ਸਿਰ ’ਚ ਕਈ ਟਾਂਕੇ ਲੱਗੇ ਹਨ ਪਰ ਡਾਕਟਰਾਂ ਮੁਤਾਬਕ ਉਸ ਦੀ ਹਾਲਤ ਖ਼ਤਰੇ ਤੋਂ ਬਾਹਰ ਹੈ।
ਦੂਜੇ ਪਾਸੇ ਪੁਲੀਸ ਇਸ ਗੱਲ ਦਾ ਪਤਾ ਕਰ ਰਹੀ ਹੈ ਕਿ ਇਹ ਹਮਲਾ ਨਸ਼ਾ ਤਸਕਰਾਂ ਨੇ ਕੀਤਾ ਹੈ ਜਾਂ ਗੈਂਗਸਟਰਾਂ ਦੀ ਕਾਰਵਾਈ ਹੈ। ਐੱਸਐੱਸਪੀ ਵਿਵੇਕਸ਼ੀਲ ਸੋਨੀ ਨੇ ਸੀਨੀਅਰ ਪੁਲੀਸ ਅਧਿਕਾਰੀਆਂ ਅਤੇ ਥਾਣਾ ਮੁਖੀਆਂ ਨਾਲ ਜ਼ਿਲ੍ਹਾ ਪੱਧਰੀ ਅਪਰਾਧ ਸਮੀਖਿਆ ਮੀਟਿੰਗ ਵਿੱਚ ਅਪਰਾਧੀਆਂ ਨਾਲ ਸਖ਼ਤੀ ਨਾਲ ਨਜਿੱਠਣ ਦੇ ਹੁਕਮ ਦਿੱਤੇ ਹਨ। ਜ਼ਿਕਰਯੋਗ ਹੈ ਕਿ ਇੱਥੇ ਸਾਲ 2007 ਵਿੱਚ ਸਥਾਨਕ ਇੱਕ ਸਿਆਸੀ ਆਗੂ ਦੇ ਸੁਰੱਖਿਆ ਗਾਰਡ ਕੋਲੋਂ ਭੇਤਭਰੀ ਹਾਲਤ ਵਿੱਚ ਏਕੇ-47 ਕਾਰਬਾਈਨ ਖੋਹ ਲਈ ਗਈ ਸੀ ਜਿਸ ਦਾ ਅੱਜ ਤੱਕ ਸੁਰਾਗ ਨਹੀਂ ਲੱਗਾ ਹੈ।