ਤਰਨ ਤਾਰਨ ਨੇੜੇ ਪਹਿਲਵਾਨ ਕਰਤਾਰ ਸਿੰਘ ਤੇ ਸਾਥੀਆਂ ’ਤੇ ਹਮਲਾ
ਗੁਰਬਖਸ਼ਪੁਰੀ
ਤਰਨ ਤਾਰਨ, 31 ਮਾਰਚ
ਜ਼ਮੀਨੀ ਵਿਵਾਦ ਕਾਰਨ ਵਿਰੋਧੀ ਧਿਰ ਨੇ ਅੱਜ ਕੌਮਾਂਤਰੀ ਪਹਿਲਵਾਨ ਤੇ ‘ਆਪ’ ਆਗੂ ਕਰਤਾਰ ਸਿੰਘ ਸੁਰਸਿੰਘ ਅਤੇ ਉਸ ਦੇ ਸਾਥੀਆਂ ’ਤੇ ਹਮਲਾ ਕਰ ਦਿੱਤਾ ਜਿਸ ਤੋਂ ਬਾਅਦ ਜ਼ਖ਼ਮੀਆਂ ਨੂੰ ਤਰਨ ਤਾਰਨ ਦੇ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ ਹੈ| ਇਸ ਹਮਲੇ ਵਿਚ ਦੋਵੇਂ ਧਿਰਾਂ ਦੇ ਦਸ ਜਣੇ ਜ਼ਖ਼ਮੀ ਹੋਏ ਹਨ। ਜਾਣਕਾਰੀ ਅਨੁਸਾਰ ਪਹਿਲਵਾਨ ਕਰਤਾਰ ਸਿੰਘ ਵਾਸੀ ਪਿੰਡ ਸੁਰਸਿੰਘ ਦਾ ਖੇਮਕਰਨ ਵਿਧਾਇਕ ਸਰਵਣ ਸਿੰਘ ਧੁੰਨ ਦੇ ਸਮਰਥਕ ਕਾਰਜ ਸਿੰਘ ਡਲੀਰੀ ਨਾਲ ਇੱਕ ਜ਼ਮੀਨ ਦੇ ਮਾਮਲੇ ਨੂੰ ਲੈ ਕੇ ਰੇੜਕਾ ਚੱਲ ਰਿਹਾ ਹੈ। ਅੱਜ ਕਰਤਾਰ ਸਿੰਘ ਇਸੇ ਮਾਮਲੇ ਸਬੰਧੀ ਕਸਬਾ ਭਿੱਖੀਵਿੰਡ ਗਿਆ ਸੀ, ਜਿੱਥੇ ਦੋਵਾਂ ਧਿਰਾਂ ਦਰਮਿਆਨ ਤਕਰਾਰ ਹੋ ਗਈ। ਇਸ ਮੌਕੇ ਦੂਜੀ ਧਿਰ ਨੇ ਪਹਿਲਵਾਨ ਤੇ ਉਸ ਦੇ ਸਾਥੀਆਂ ’ਤੇ ਹਮਲਾ ਕਰ ਦਿੱਤਾ,ਜਿਸ ਵਿੱਚ ਉਹ ਜ਼ਖ਼ਮੀ ਹੋ ਗਏ। ਇਸ ਮਾਮਲੇ ਬਾਰੇ ਐੱਸਪੀ (ਇਨਵੈਸਟੀਗੇਸ਼ਨ) ਅਜੇਰਾਜ ਸਿੰਘ ਨੇ ਕਿਸੇ ਕਿਸਮ ਦੀ ਜਾਣਕਾਰੀ ਹੋਣ ਤੋਂ ਇਨਕਾਰ ਕੀਤਾ ਹੈ| ਇਸ ਮੌਕੇ ਹੋਏ ਝਗੜੇ ਵਿਚ ਦੋਵਾਂ ਧਿਰਾਂ ਦੇ ਕਰੀਬ 10 ਜਣਿਆਂ ਦੇ ਜ਼ਖ਼ਮੀ ਹੋਣ ਦੀ ਸੂਚਨਾ ਮਿਲੀ ਹੈ| ਜਾਣਕਾਰੀ ਅਨੁਸਾਰ ਕਰਤਾਰ ਪਹਿਲਵਾਨ ਨੇ 2017 ਵਿੱਚ ‘ਆਪ’ ਵੱਲੋਂ ਤਰਨ ਤਾਰਨ ਤੋਂ ਵਿਧਾਨ ਸਭਾ ਦੀ ਚੋਣ ਲੜੀ ਸੀ ਜਿਸ ਵਿੱਚ ਉਹ ਹਾਰ ਗਿਆ ਸੀ। ਕਰਤਾਰ ਸਿੰਘ ਕੌਮਾਂਤਰੀ ਪੱਧਰ ’ਤੇ ਤਿੰਨ ਵਾਰ ਜਿੱਤਾਂ ਦਰਜ ਕਰ ਚੁੱਕਾ ਹੈ|