ਦੁਸ਼ਿਅੰਤ ਚੌਟਾਲਾ ਤੋਂ ਸਵਾਲ ਪੁੱਛਣ ਵਾਲੇ ਦੋ ਨੌਜਵਾਨਾਂ ’ਤੇ ਹਮਲਾ
ਰਾਮ ਕੁਮਾਰ ਮਿੱਤਲ
ਗੂਹਲਾ ਚੀਕਾ, 19 ਸਤੰਬਰ
ਗੂਹਲਾ ਵਿੱਚ ਚੋਣ ਪ੍ਰਚਾਰ ਕਰਨ ਆਏ ਸਾਬਕਾ ਉਪ ਮੁੱਖ ਮੰਤਰੀ ਦੁਸ਼ਿਅੰਤ ਚੌਟਾਲਾ ਨਾਲ ਪਿੰਡ ਦੇ ਹੀ ਕੌਮਾਂਤਰੀ ਕਬੱਡੀ ਖਿਡਾਰੀ ਨੂੰ ਸਵਾਲ-ਜਵਾਬ ਕਰਨ ਤੋਂ ਅਗਲੇ ਦਿਨ ਨੌਜਵਾਨ ਅਤੇ ਉਸ ਦੇ ਭਤੀਜੇ ’ਤੇ ਜਾਨਲੇਵਾ ਹਮਲਾ ਹੋ ਗਿਆ। ਹਮਲੇ ਵਿੱਚ ਜ਼ਖ਼ਮੀ ਹੋਏ ਦੋਵੇਂ ਨੌਜਵਾਨਾਂ ਨੂੰ ਤੁਰੰਤ ਗੂਹਲਾ ਦੇ ਸਰਕਾਰੀ ਹਸਪਤਾਲ ’ਚ ਲਿਜਾਇਆ ਗਿਆ, ਜਿੱਥੋਂ ਡਾਕਟਰਾਂ ਨੇ ਉਨ੍ਹਾਂ ਨੂੰ ਕੈਥਲ ਰੈਫਰ ਕਰ ਦਿੱਤਾ।
ਜਾਣਕਾਰੀ ਅਨੁਸਾਰ ਮੰਗਲਵਾਰ ਨੂੰ ਪਿੰਡ ਹਰੀਗੜ੍ਹ ਕਿੰਗਣ ਵਿੱਚ ਸਾਬਕਾ ਉਪ ਮੁੱਖ ਮੰਤਰੀ ਦੁਸ਼ਿਅੰਤ ਚੌਟਾਲਾ ਗੂਹਲਾ ਤੋਂ ਉਮੀਦਵਾਰ ਕ੍ਰਿਸ਼ਨ ਬਾਜ਼ੀਗਰ ਦੇ ਹੱਕ ਵਿੱਚ ਚੋਣ ਪ੍ਰਚਾਰ ਕਰਨ ਆਏ ਸਨ। ਇਸ ਦੌਰਾਨ ਦੁਸ਼ਿਅੰਤ ਚੌਟਾਲਾ ਜਦੋਂ ਸਭਾ ਨੂੰ ਸੰਬੋਧਨ ਕਰਨ ਲੱਗੇ ਤਾਂ ਪਿੰਡ ਦੇ ਹੀ ਕਬੱਡੀ ਖਿਡਾਰੀ ਕਾਲਾ ਹਰੀਗੜ੍ਹ ਅਤੇ ਉਸ ਦੇ ਸਾਥੀ ਉਨ੍ਹਾਂ ਨਾਲ ਬਹਿਸ ਕਰਨ ਲੱਗੇ। ਕਾਲਾ ਹਰੀਗੜ੍ਹ ਨੇ ਦੋਸ਼ ਲਾਇਆ ਕਿ ਦੁਸ਼ਿਅੰਤ ਚੌਟਾਲਾ ਨੇ ਸਰਕਾਰ ’ਚ ਰਹਿੰਦੇ ਹੋਏ ਕਬੱਡੀ ਖਿਡਾਰੀਆਂ ਲਈ ਕੁਝ ਨਹੀਂ ਕੀਤਾ। ਉਸ ਨੇ ਕਿਹਾ ਕਿ ਉਹ ਦੁਸ਼ਿਅੰਤ ਚੌਟਾਲਾ ਤੋਂ ਮਦਦ ਲਈ ਚੰਡੀਗੜ੍ਹ ’ਚ ਉਨ੍ਹਾਂ ਨੂੰ ਮਿਲਣ ਗਏ ਸਨ ਪਰ ਉਥੇ ਖਿਡਾਰਿਆਂ ਨਾਲ ਸਹੀ ਢੰਗ ਨਾਲ ਗੱਲ ਨਾ ਕਰ ਕੇ ਉਪ ਮੁੱਖ ਮੰਤਰੀ ਨੇ ਖੇਡ ਬਦਲਣ ਦੀ ਸਲਾਹ ਦੇ ਦਿੱਤੀ। ਕਬੱਡੀ ਖਿਡਾਰੀ ਨੇ ਚੌਟਾਲਾ ਨਾਲ ਬਹਿਸ ਦਾ ਵੀਡੀਓ ਸੋਸ਼ਲ ਮੀਡਿਆ ’ਤੇ ਵੀ ਵਾਇਰਲ ਕੀਤਾ ਸੀ। ਬਹਿਸ ਤੋਂ ਅਗਲੇ ਦਿਨ ਬੁੱਧਵਾਰ ਦੀ ਰਾਤ ਨੂੰ ਹੀ ਅੱਧੀ ਦਰਜਨ ਵਿਅਕਤੀਆਂ ਨੇ ਕਬੱਡੀ ਖਿਡਾਰੀ ਤੇ ਉਸ ਦੇ ਭਤੀਜੇ ਸੁਖਚੈਨ ’ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਕੈਥਲ ਵਿੱਚ ਜ਼ੇਰੇ ਇਲਾਜ ਕਬੱਡੀ ਖਿਡਾਰੀ ਨੇ ਹਮਲੇ ਲਈ ਪਿੰਡ ਦੇ ਰਘਬੀਰ, ਭਰਤ ਅਤੇ ਗੁਰਮੁੱਖ ਸਣੇ ਚਾਰ ਜਣਿਆਂ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਉਸ ਨੇ ਦੋਸ਼ ਲਾਇਆ ਕਿ ਹਮਲਾ ਕਰਨ ਵਾਲੇ ਵਿਅਕਤੀ ਜਜਪਾ ਨਾਲ ਜੁੜੇ ਹੋਏ ਹਨ। ਝਗੜੇ ’ਚ ਜ਼ਖ਼ਮੀ ਹੋਏ ਦੂਜੀ ਧਿਰ ਦੇ ਭਰਤ ਨੇ ਦੱਸਿਆ ਕਿ ਕਾਲਾ ਹਰੀਗੜ੍ਹ ਨੇ ਆਪਣੇ ਸਾਥੀਆਂ ਨਾਲ ਉਨ੍ਹਾਂ ਦੇ ਘਰ ਆ ਕੇ ਹਮਲਾ ਕੀਤਾ ਸੀ। ਇਸ ਸਬੰਧ ’ਚ ਥਾਣਾ ਚੀਕਾ ਦੇ ਸਬ-ਇੰਸਪੈਕਟਰ ਤੇ ਮਾਮਲੇ ਦੇ ਜਾਂਚ ਅਧਿਕਾਰੀ ਰਾਮਪਾਲ ਨੇ ਦੱਸਿਆ ਕਿ ਦੇਰ ਰਾਤ ਪਿੰਡ ਹਰੀਗੜ੍ਹ ਵਿੱਚ ਹੋਏ ਝਗੜੇ ’ਚ ਇੱਕ ਪਾਸੇ ਜਿੱਥੇ ਕਾਲਾ ਅਤੇ ਸੁਖਚੈਨ ਦੇ ਸੱਟਾਂ ਲੱਗੀਆਂ ਹਨ, ਉਥੇ ਹੀ ਦੂਜੀ ਧਿਰ ਦੇ ਰਘਬੀਰ, ਭਰਤ ਅਤੇ ਗੁਰਮੁੱਖ ਵੀ ਜ਼ਖ਼ਮੀ ਹੋ ਗਿਆ। ਉਨ੍ਹਾਂ ਦੱਸਿਆ ਕਿ ਕੈਥਲ ਦੇ ਹਸਪਤਾਲ ਵਿੱਚ ਦਾਖ਼ਲ ਕਾਲਾ ਅਤੇ ਸੁਖਚੈਨ ਨੇ ਬਿਆਨ ਦਰਜ ਕਰਵਾਉਣ ਤੋਂ ਅਸਮਰੱਥਾ ਜਤਾਈ ਹੈ। ਉਨ੍ਹਾਂ ਦੱਸਿਆ ਕਿ ਹਾਲੇ ਤੱਕ ਪੁਲੀਸ ਨੂੰ ਲਿਖਤੀ ਸ਼ਿਕਾਇਤ ਨਹੀਂ ਮਿਲੀ। ਸ਼ਿਕਾਇਤ ਮਿਲਣ ’ਤੇ ਕਾਰਵਾਈ ਕੀਤੀ ਜਾਵੇਗੀ। ਕਬੱਡੀ ਖਿਡਾਰੀ ਕਾਲਾ ਹਰੀਗੜ੍ਹ ’ਤੇ ਹੋਏ ਹਮਲੇ ਬਾਰੇ ਜਜਪਾ ਦੇ ਕੌਮੀ ਜਨਰਲ ਸਕੱਤਰ ਦਿਗਵਿਜੈ ਚੌਟਾਲਾ ਨੇ ਕਿਹਾ ਕਿ ਦੁਸ਼ਿਅੰਤ ਚੌਟਾਲਾ ਨਾਲ ਬਹਿਸ ਦਾ ਹਮਲੇ ਨਾਲ ਕੋਈ ਲੈਣਾ ਦੇਣਾ ਨਹੀਂ ਹੈ।