ਟਰੰਪ ’ਤੇ ਹਮਲਾ
ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਦੁਨੀਆ ਭਰ ਦੇ ਉਨ੍ਹਾਂ ਰਾਜਨੀਤਕ ਆਗੂਆਂ ’ਚ ਸ਼ੁਮਾਰ ਹਨ ਜਿਨ੍ਹਾਂ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਲਡ ਟਰੰਪ ’ਤੇ ਕਾਤਲਾਨਾ ਹਮਲੇ ਦੀ ਕਰੜੀ ਆਲੋਚਨਾ ਕੀਤੀ ਹੈ। ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੇ ਪ੍ਰਤੀਕਿਰਿਆ ਦਿੱਤੀ ਕਿ ਇਹ ਬਿਮਾਰ ਮਾਨਸਿਕਤਾ ਦੀ ਨਿਸ਼ਾਨੀ ਹੈ, ਇਸ ਤਰ੍ਹਾਂ ਦੀ ਹਿੰਸਾ ਲਈ ਕੋਈ ਥਾਂ ਨਹੀਂ ਹੈ। ਟਰੰਪ ਦੇ ਵਿਰੋਧੀਆਂ ਨੇ ਫੌਰੀ ਹਮਲੇ ਨੂੰ ਨਿੰਦਿਆ ਅਤੇ ਰਾਸ਼ਟਰ ਨੂੰ ਇਕਜੁੱਟਤਾ ਦਾ ਸੱਦਾ ਦਿੱਤਾ। ਇਕ ਚੋਣ ਰੈਲੀ ਵਿੱਚ ਵਾਪਰੀ ਗੋਲੀਬਾਰੀ ਦੀ ਇਹ ਘਟਨਾ ਪਹਿਲਾਂ ਤੋਂ ਹੀ ਤਿੱਖੇ, ਅਮਰੀਕੀ ਰਾਸ਼ਟਰਪਤੀ ਚੋਣਾਂ (2024) ਦੇ ਪ੍ਰਚਾਰ ਨੂੰ ਹੋਰ ਹਨੇਰੀ ਦਿਸ਼ਾ ਵੱਲ ਲੈ ਗਈ ਹੈ। ਰਿਪਬਲਿਕਨ ਉਮੀਦਵਾਰ ਟਰੰਪ ਇਸ ਘਟਨਾ ਵਿੱਚ ਵਾਲ-ਵਾਲ ਬਚੇ ਹਨ। ਮੰਚ ’ਤੇ ਭਾਸ਼ਣ ਦੌਰਾਨ ਉਨ੍ਹਾਂ ਦੇ ਸੱਜੇ ਕੰਨ ਨੂੰ ਗੋਲੀ ਲੱਗੀ ਹੈ। ਗੋਲੀਬਾਰੀ ਤੋਂ ਬਾਅਦ ਟਰੰਪ ਵੱਲੋਂ ਮੁੱਠੀ ਬੰਦ ਕਰ ਕੇ ਹਵਾ ’ਚ ਚੁੱਕੀ ਬਾਂਹ ਦੀ ਤਸਵੀਰ ਇਸ ਪ੍ਰਚਾਰ ਮੁਹਿੰਮ ਦਾ ਫ਼ੈਸਲਾਕੁਨ ਮੋੜ ਸਾਬਿਤ ਹੋ ਸਕਦੀ ਹੈ। ਟਰੰਪ ਲੋਕਾਂ ’ਚ ਜਿਵੇਂ ਦਿਸਣਾ ਚਾਹੁੰਦੇ ਹਨ, ਇਹ ਉਸ ਮੁਤਾਬਿਕ ਬਿਲਕੁਲ ਸਟੀਕ ਹੈ- ਦਿੜਤਾ ਤੇ ਦਲੇਰੀ ਦੀ ਮਿਸਾਲ। ਇਸ ਘਟਨਾ ਤੋਂ ਬਾਅਦ ਹੁਣ ਪ੍ਰਚਾਰ ਵਿਚਲਾ ਸੁਨੇਹਾ ਤੇ ਤਰਜ਼ ਬਦਲਣ ਦੀ ਸੰਭਾਵਨਾ ਹੈ।
ਇਸ ਹਿੰਸਾ ਨੇ ਬਾਇਡਨ ਧੜੇ ਦੇ ਸਮੀਕਰਨਾਂ ਨੂੰ ਗੁੰਝਲਦਾਰ ਬਣਾ ਦਿੱਤਾ ਹੈ। ਹਾਲ ਹੀ ਵਿੱਚ ਰਾਸ਼ਟਰਪਤੀ ਬਾਇਡਨ ਵੱਲੋਂ ਟਰੰਪ ਨਾਲ ਕੀਤੀ ਬਹਿਸ ’ਚ ਦਿਖਾਈ ਮਾੜੀ ਕਾਰਗੁਜ਼ਾਰੀ ਤੇ ਮਗਰੋਂ ਲੜੀਵਾਰ ਕੀਤੀਆਂ ਇੱਕ ਤੋਂ ਬਾਅਦ ਇੱਕ ਗ਼ਲਤੀਆਂ ਨੇ ਡੈਮੋਕਰੈਟਿਕ ਪਾਰਟੀ ਨੂੰ ਸੋਚਾਂ ’ਚ ਪਾ ਦਿੱਤਾ ਹੈ। ਬਾਇਡਨ ਵੱਲੋਂ ਘੱਟ ਉਮਰ ਦੇ ਕਿਸੇ ਉਮੀਦਵਾਰ ਲਈ ਰਾਹ ਛੱਡਣ ਤੋਂ ਇਨਕਾਰੀ ਹੋਣ ਨੇ ਅਸਹਿਮਤੀ ਨੂੰ ਜਨਮ ਦਿੱਤਾ ਹੈ ਤੇ ਮਖੌਲ ਉਡਾਇਆ ਜਾ ਰਿਹਾ ਹੈ। ਅਗਾਂਹ ਜਾ ਕੇ ਟਰੰਪ ਨੂੰ ਮਹਿਜ਼ ਉਸ ਦੇ ਪਿਛਲੇ ਰਿਕਾਰਡ ਤੇ ਵਿਹਾਰ ਲਈ ਨਿਸ਼ਾਨਾ ਬਣਾ ਕੇ ਵੋਟਾਂ ਮੰਗਣਾ ਜੋਖ਼ਮ ਭਰਿਆ ਸਾਬਿਤ ਹੋ ਸਕਦਾ ਹੈ। ਹੁਣੇ-ਹੁਣੇ ਕਾਤਲਾਨਾ ਹਮਲੇ ’ਚੋਂ ਬਚ ਕੇ ਨਿਕਲੇ ਸਾਬਕਾ ਰਾਸ਼ਟਰਪਤੀ ਲਈ ਲੋਕਾਂ ਦੀ ਹਮਦਰਦੀ ਨੂੰ ਬਿਲਕੁਲ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ।
ਬ੍ਰਾਜ਼ੀਲੀ ਰਾਸ਼ਟਰਪਤੀ ਲੂਲਾ ਡਾ ਸਿਲਵਾ ਜੋ ਟਰੰਪ ਦੇ ਪ੍ਰਸ਼ੰਸਕ ਵੀ ਨਹੀਂ ਹਨ, ਨੇ ਕਿਹਾ ਹੈ ਕਿ ਸਿਆਸਤ ਵਿੱਚ ਸੰਵਾਦ ਅਤੇ ਜਮਹੂਰੀਅਤ ਦਾ ਪੱਖ ਪੂਰਨ ਵਾਲੇ ਸਾਰਿਆਂ ਨੂੰ ਇਸ ਹਮਲੇ ਦਾ ਜ਼ੋਰਦਾਰ ਖੰਡਨ ਕਰਨਾ ਚਾਹੀਦਾ ਹੈ। ਅਜਿਹਾ ਹੋਣਾ ਵੀ ਚਾਹੀਦਾ ਹੈ। ਕੀ ਇਸ ਘਟਨਾ ਮਗਰੋਂ ਟਰੰਪ ਅਤੇ ਬਾਇਡਨ ਦੇ ਪ੍ਰਚਾਰ ਦੀ ਭਾਸ਼ਾ ਨਰਮ ਹੋਵੇਗੀ, ਕੀ ਭਾਸ਼ਣਾਂ ਦੀ ਸ਼ਬਦਾਵਲੀ ਵਿੱਚੋਂ ਹਿੰਸਾ ਤੇ ਨਫ਼ਰਤ ਮਨਫ਼ੀ ਹੋਵੇਗੀ? ਇਸ ਦੀ ਸੰਭਾਵਨਾ ਘੱਟ ਹੀ ਹੈ। ਲੋਕਤੰਤਰ ਦੇ ਇਨ੍ਹਾਂ ਆਪੇ ਬਣੇ ਰਖਵਾਲਿਆਂ ਦੀ ਇਹੀ ਪ੍ਰੇਸ਼ਾਨ ਕਰਨ ਵਾਲੀ ਅਸਲੀਅਤ ਹੈ।