ਜੂਆਰੀਆਂ ਨੂੰ ਫੜਨ ਪਹੁੰਚੀ ਪੁਲੀਸ ਪਾਰਟੀ ’ਤੇ ਹਮਲਾ
ਸ਼ਸ਼ੀਪਾਲ ਜੈਨ
ਖਰੜ, 11 ਜੂਨ
ਖਰੜ-ਮੁਹਾਲੀ ਸੜਕ ਉੱਤੇ ਪੈਂਦੇ ਪਿੰਡ ਮੁੰਡੀ ਖਰੜ ਵਿੱਚ ਲੰਘੀ ਰਾਤ ਉਸ ਸਮੇਂ ਹਾਲਾਤ ਤਣਾਅਪੂਰਨ ਬਣ ਗਏ ਜਦੋਂ ਬੰਗਾਲਾ ਬਸਤੀ ਵਿੱਚ ਜੂਆ ਖੇਡਦੇ ਕੁਝ ਲੋਕਾਂ ਨੂੰ ਫੜਨ ਗਈ ਪੁਲੀਸ ਪਾਰਟੀ ‘ਤੇ ਬਸਤੀ ਦੇ ਵਸਨੀਕਾਂ ਵੱਲੋਂ ਹਮਲਾ ਕਰ ਦਿੱਤਾ ਗਿਆ। ਇਸ ਹਮਲੇ ਵਿੱਚ ਖਰੜ ਦੇ ਥਾਣਾ ਸਿਟੀ ਦੇ ਐੱਸਐੱਚਓ ਹਰਜਿੰਦਰ ਸਿੰਘ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਇਲਾਜ ਲਈ ਸਿਵਲ ਹਸਪਤਾਲ ਖਰੜ ਲਿਜਾਇਆ ਗਿਆ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀਐੱਸਪੀ ਰੁਪਿੰਦਰ ਕੌਰ ਸੋਹੀ ਨੇ ਦੱਸਿਆ ਕਿ ਸੰਨੀ ਐਨਕਲੇਵ ਪੁਲੀਸ ਚੌਕੀ ਨੂੰ ਬੰਗਾਲਾ ਬਸਤੀ ਵਿੱਚ ਜੂਆ ਆਦਿ ਚੱਲਦਾ ਹੋਣ ਦੀ ਸੂਚਨ ਮਿਲੀ ਸੀ। ਪੁਲੀਸ ਪਾਰਟੀ ਨੇ ਇਸ ਸਬੰਧੀ ਕੇਸ ਦਰਜ ਕਰ ਕੇ ਮੁਲਜ਼ਮਾਂ ਨੂੰ ਫੜਨ ਲਈ ਮੌਕੇ ‘ਤੇ ਛਾਪਾ ਮਾਰਿਆ ਅਤੇ ਕੁਝ ਬੰਦਿਆਂ ਨੂੰ ਹਿਰਾਸਤ ਵਿੱਚ ਲੈ ਲਿਆ। ਇਸੇ ਦੌਰਾਨ ਬੰਗਾਲਾ ਬਸਤੀ ਦੇ ਲੋਕ ਉੱਥੇ ਇਕੱਠੇ ਹੋ ਗਏ ਅਤੇ ਉਨ੍ਹਾਂ ਨੇ ਇੱਕ ਬੰਦੇ ਨੂੰ ਜਬਰੀ ਪੁਲੀਸ ਕੋਲੋਂ ਛੁਡਵਾ ਲਿਆ। ਇਸ ਉਪਰੰਤ ਉਨ੍ਹਾਂ ਦੂਜੇ ਬੰਦੇ ਨੂੰ ਛੁਡਵਾਉਣ ਲਈ ਖਰੜ-ਮੁਹਾਲੀ ਮੁੱਖ ਮਾਰਗ ਉੱਤੇ ਜਾਮ ਲਗਾ ਦਿੱਤਾ ਅਤੇ ਪੁਲੀਸ ਪਾਰਟੀ ‘ਤੇ ਇੱਟਾਂ-ਰੋੜਿਆਂ ਨਾਲ ਹਮਲਾ ਕਰ ਦਿੱਤਾ। ਇਨ੍ਹਾਂ ਲੋਕਾਂ ਨੇ ਪੁਲੀਸ ਦੇ ਕੰਮ ਵਿੱਚ ਵਿਘਨ ਪਾਇਆ। ਇਸ ਦੌਰਾਨ ਇੱਟਾਂ-ਰੋੜੇ ਵੱਜਣ ਕਾਰਨ ਥਾਣਾ ਸਿਟੀ ਦਾ ਐੱਸਐੱਚਓ ਜ਼ਖ਼ਮੀ ਹੋ ਗਿਆ। ਮਿਲੀ ਜਾਣਕਾਰੀ ਅਨੁਸਾਰ ਇਨ੍ਹਾਂ ਲੋਕਾਂ ਵੱਲੋਂ ਸੰਨੀ ਐਨਕਲੇਵ ਪੁਲੀਸ ਚੌਕੀ ਦੀ ਇਕ ਗੱਡੀ ਵੀ ਭੰਨ੍ਹ ਦਿੱਤੀ ਗਈ ਅਤੇ ਇਨ੍ਹਾਂ ਦੇ ਇੱਟਾਂ-ਰੋੜੇ ਅਤੇ ਹੋਰ ਵੀ ਕਈ ਪ੍ਰਾਈਵੇਟ ਵਾਹਨਾਂ ‘ਤੇ ਲੱਗੇ। ਥਾਣੇ ਸਿਟੀ ਦੇ ਐੱਸਐੱਚਓ ਹਰਜਿੰਦਰ ਸਿੰਘ ਨੇ ਦੱਸਿਆ ਕਿ ਪੁਲੀਸ ਵੱਲੋਂ ਇਸ ਸਬੰਧੀ ਛੇ ਵਿਅਕਤੀਆਂ ਨੂੰ ਨਾਮਜ਼ਦ ਕੀਤਾ ਗਿਆ ਹੈ ਅਤੇ 40-50 ਅਣਪਛਾਤੇ ਵਿਅਕਤੀਆਂ ਵਿਰੁੱਧ ਧਾਰਾ 307 ਅਤੇ 427 ਆਈਪੀਸੀ ਅਤੇ ਕੌਮੀ ਮਾਰਗ ਐਕਟ ਅਧੀਨ ਕੇਸ ਦਰਜ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਪੰਜ-ਛੇ ਵਿਅਕਤੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਜਦਕਿ ਬਾਕੀਆਂ ਨੂੰ ਗ੍ਰਿਫਤਾਰ ਕਰਨ ਲਈ ਛਾਪੇ ਮਾਰੇ ਜਾ ਰਹੇ ਹਨ।