ਬੰਧੂਆ ਮਜ਼ਦੂਰ ਛੁਡਾਉਣ ਆਏ ਡਿਊਟੀ ਮੈਜਿਸਟ੍ਰੇਟ ਤੇ ਸਰਕਾਰੀ ਟੀਮ ’ਤੇ ਹਮਲਾ
ਪੱਤਰ ਪ੍ਰੇਰਕ
ਸਮਰਾਲਾ, 17 ਨਵੰਬਰ
ਪਿੰਡ ਹੇਡੋਂ ਵਿੱਚ ਇੱਟਾਂ ਦੇ ਭੱਠੇ ’ਤੇ ਕਥਿਤ ਬੰਧੂਆ ਮਜ਼ਦੂਰ ਬਣਾ ਕੇ ਰੱਖੇ ਕੁਝ ਵਿਅਕਤੀਆਂ ਨੂੰ ਛੁਡਾਉਣ ਲਈ ਡੀਸੀ ਲੁਧਿਆਣਾ ਦੇ ਹੁਕਮਾਂ ’ਤੇ ਪਹੁੰਚੇ ਡਿਊਟੀ ਮੈਜਿਸਟ੍ਰੇਟ ਨਾਇਬ ਤਹਿਸੀਲਦਾਰ ਹਰਮਿੰਦਰ ਸਿੰਘ ਚੀਮਾ ਸਣੇ ਲੇਬਰ ਇੰਸਪੈਕਟਰ ’ਤੇ ਹਮਲਾ ਕਰਨ ਦੀ ਕੋਸ਼ਿਸ਼ ਦਾ ਮਾਮਲਾ ਸਾਹਮਣੇ ਆਇਆ ਹੈ।
ਘਟਨਾ ਤੋਂ ਬਾਅਦ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਮੁਲਜ਼ਮ ਭੱਠਾ ਮਾਲਕ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਗਈ। ਪੁਲੀਸ ਵੱਲੋਂ ਉਸ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਹੈ। ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਭੱਠਾ ਮਾਲਕ ਦੀ ਕੁੱਟਮਾਰ ਦਾ ਸ਼ਿਕਾਰ ਹੋਏ ਅਤੇ ਉੱਥੇ ਬੰਧਕ ਬਣਾਏ ਕਈ ਮਜ਼ਦੂਰਾਂ ਨੂੰ ਇਲਾਜ ਲਈ ਸਮਰਾਲਾ ਦੇ ਸਰਕਾਰੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਇਨ੍ਹਾਂ ਵਿੱਚ ਕਈ ਔਰਤਾਂ ਵੀ ਸ਼ਾਮਲ ਹਨ। ਨਾਇਬ ਤਹਿਸੀਲਦਾਰ ਨੇ ਦੱਸਿਆ ਕਿ ਉਹ ਬਤੌਰ ਡਿਊਟੀ ਮੈਜਿਸਟ੍ਰੇਟ ਇਲਾਕੇ ਦੇ ਲੇਬਰ ਇੰਸਪੈਕਟਰ ਅਤੇ ਹੋਰ ਕਰਮਚਾਰੀਆਂ ਸਣੇ ਪਿੰਡ ਹੇਡੋਂ ਵਿਖੇ ਭੱਠੇ ਉੱਤੇ ਪਹੁੰਚੇ, ਜਿੱਥੇ ਕਿ 15-20 ਮਜ਼ਦੂਰਾਂ ਨੂੰ ਕਥਿਤ ਜਬਰੀ ਰੱਖਿਆ ਹੋਇਆ ਸੀ।
ਜਦੋਂ ਉੱਥੇ ਮੌਜੂਦ ਭੱਠਾ ਮਾਲਕ ਨਾਲ ਗੱਲਬਾਤ ਕੀਤੀ ਤਾਂ ਉਹ ਬਦਸਲੂਕੀ ’ਤੇ ਉੱਤਰ ਆਇਆ। ਉਸ ਨੇ ਸਰਕਾਰੀ ਕੰਮ ’ਚ ਵਿਘਨ ਪਾਇਆ। ਭੱਠਾ ਮਾਲਕ ਨੇ ਬੰਧਕ ਬਣਾਏ ਮਜ਼ਦੂਰਾਂ ਦੇ ਬਿਆਨ ਦਰਜ ਕਰ ਰਹੇ ਲੇਬਰ ਇੰਸਪੈਕਟਰ ਕੋਲੋਂ ਸਰਕਾਰੀ ਕਾਗਜ਼ ਵੀ ਖੋਹ ਲਏ ਅਤੇ ਮਜ਼ਦੂਰਾਂ ਨੂੰ ਕੁੱਟਣਾ ਸ਼ੁਰੂ ਕਰ ਦਿੱਤਾ। ਨਾਇਬ ਤਹਿਸੀਲਦਾਰ ਨੇ ਦੱਸਿਆ ਕਿ ਉੱਥੇ ਇੱਕ ਔਰਤ ਵੀ ਮਿਲੀ, ਜਿਸ ਨੂੰ ਇਲਾਜ ਦੀ ਫੌਰੀ ਲੋੜ ਸੀ ਪਰ ਭੱਠਾ ਮਾਲਕ ਨੇ ਨਾ ਹੀ ਉਸ ਦਾ ਇਲਾਜ ਕਰਵਾਇਆ ਅਤੇ ਨਾ ਹੀ ਵਾਰ-ਵਾਰ ਮੰਗ ਕਰਨ ’ਤੇ ਇਲਾਜ ਲਈ ਉਸ ਨੂੰ ਬਕਾਇਆ ਰਹਿੰਦੀ ਉਸ ਦੀ ਮਜ਼ਦੂਰੀ ਦਿੱਤੀ। ਇਸ ਦੌਰਾਨ ਸਰਕਾਰੀ ਟੀਮ ਦੇ ਸਾਹਮਣੇ ਹੀ ਭੱਠਾ ਮਾਲਕ ਮਜ਼ਦੂਰਾਂ ਨੂੰ ਕੁੱਟਣ ਲੱਗਿਆ ਅਤੇ ਕਾਰਵਾਈ ਕਰਨ ਤੋਂ ਅਧਿਕਾਰੀਆਂ ਨੂੰ ਰੋਕਣ ਲੱਗਿਆ। ਉਨ੍ਹਾਂ ਇਹ ਸਾਰਾ ਮਾਮਲਾ ਉੱਚ ਅਧਿਕਾਰੀਆਂ ਨੂੰ ਦੱਸਿਆ। ਮਗਰੋਂ ਪੁਲੀਸ ਨੇ ਉੱਥੋਂ ਮਜ਼ਦੂਰਾਂ ਨੂੰ ਕੱਢ ਕੇ ਹਸਪਤਾਲ ਪਹੁੰਚਾਇਆ। ਇਹ ਸਾਰੇ ਮਜ਼ਦੂਰ ਫਿਲਹਾਲ ਸਰਕਾਰੀ ਹਸਪਤਾਲ ਵਿੱਚ ਇਲਾਜ ਅਧੀਨ ਹਨ ਅਤੇ ਮਜ਼ਦੂਰਾਂ ਵੱਲੋਂ ਭੱਠਾ ਮਾਲਕ ’ਤੇ ਉਨ੍ਹਾਂ ਦੀ ਮਜ਼ਦੂਰੀ ਨਾ ਦੇਣ ਸਣੇ ਕਈ ਗੰਭੀਰ ਦੋਸ਼ ਲਗਾਏ ਜਾ ਰਹੇ ਹਨ। ਪੁਲੀਸ ਵੱਲੋਂ ਕੇਸ ਦਰਜ ਕਰ ਕੇ ਭੱਠਾ ਮਾਲਕ ਨੂੰ ਹਿਰਾਸਤ ਵਿੱਚ ਲੈ ਕੇ ਕਾਰਵਾਈ ਕੀਤੀ ਜਾ ਰਹੀ ਹੈ