Attack on Sukhbir Badal: ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸੁਖਬੀਰ 'ਤੇ ਹੋਏ ਹਮਲੇ ਦੀ ਜਾਂਚ ਦੇ ਹੁਕਮ
12:49 PM Dec 04, 2024 IST
ਆਤਿਸ਼ ਗੁਪਤਾ
ਚੰਡੀਗੜ੍ਹ, 4 ਦਸੰਬਰ
Advertisement
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਬੁੱਧਵਾਰ ਨੂੰ ਸੁਖਬੀਰ ਸਿੰਘ ਬਾਦਲ 'ਤੇ ਹੋਏ ਹਮਲੇ ਦੀ ਨਿੰਦਾ ਕੀਤੀ ਹੈ। ਇਸ ਦੇ ਨਾਲ ਹੀ ਉਨ੍ਹਾਂ ਸੁਖਬੀਰ ਬਾਦਲ ’ਤੇ ਹੋਏ ਹਮਲੇ ਦੀ ਜਾਂਚ ਕਰਨ ਦੇ ਹੁਕਮ ਦਿੱਤੇ ਹਨ। ਇਸ ਗੱਲ ਦਾ ਪ੍ਰਗਟਾਵਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਆਪਣੇ ਐਕਸ ਅਕਾਉਂਟ 'ਤੇ ਪਾਈ ਇਕ ਪੋਸਟ ਰਾਹੀਂ ਕੀਤਾ ਹੈ।
ਇਸ ਦੇ ਨਾਲ ਹੀ ਮੁੱਖ ਮੰਤਰੀ ਨੇ ਹਮਲਾਵਰ ਨੂੰ ਕਾਬੂ ਕੀਤੇ ਜਾਣ 'ਤੇ ਪੰਜਾਬ ਪੁਲੀਸ ਦੀ ਪਿੱਠ ਵੀ ਥਾਪੜੀ ਹੈ। ਸ੍ਰੀ ਮਾਨ ਨੇ ਪੰਜਾਬੀ ਅਤੇ ਹਿੰਦੀ ਵਿਚ ਕੀਤੀ ਆਪਣੀ ਟਵੀਟ ਵਿਚ ਲਿਖਿਆ ਹੈ, ‘‘ਪੰਜਾਬ ਪੁਲੀਸ ਨੇ ਅੱਜ ਇੱਕ ਵੱਡੀ ਵਾਰਦਾਤ ਹੋਣ ਤੋਂ ਰੋਕਿਆ। ਪੰਜਾਬ ਪੁਲਿਸ ਦੀ ਮੁਸਤੈਦੀ ਦਾ ਨਤੀਜਾ ਹੈ ਜੋ ਪੰਜਾਬ ਅਤੇ ਪੰਜਾਬੀਆਂ ਨੂੰ ਬਦਨਾਮ ਕਰਨ ਦੀ ਸਾਜ਼ਿਸ਼ ਨਾਕਾਮ ਹੋਈ ਹੈ। ਪੁਲੀਸ ਨੇ ਆਪਣੀ ਮੁਸਤੈਦੀ ਨਾਲ ਮੌਕੇ 'ਤੇ ਹੀ ਹਮਲਾਵਰ ਨੂੰ ਗ੍ਰਿਫ਼ਤਾਰ ਕਰਕੇ ਵੱਡੀ ਕਾਮਯਾਬੀ ਹਾਸਲ ਕੀਤੀ।’’
ਇਹ ਵੀ ਪੜ੍ਹੋ:
ਉਨ੍ਹਾਂ ਹੋਰ ਲਿਖਿਆ, ‘‘ਮੈਂ ਪੁਲੀਸ ਦੀ ਮੁਸਤੈਦੀ ਦੀ ਸ਼ਲਾਘਾ ਕਰਦਾ ਹਾਂ, ਸੁਖਬੀਰ ਬਾਦਲ ਜੀ 'ਤੇ ਹੋਏ ਹਮਲੇ ਦੀ ਮੈਂ ਸਖ਼ਤ ਨਿੰਦਾ ਕਰਦਾ ਹਾਂ। ਮੈਂ ਪੁਲੀਸ ਨੂੰ ਸਖ਼ਤ ਨਿਰਦੇਸ਼ ਜਾਰੀ ਕਰ ਦਿੱਤੇ ਨੇ ਕਿ ਇਸ ਘਟਨਾ ਦੀ ਤੁਰੰਤ ਜਾਂਚ ਕਰਕੇ ਰਿਪੋਰਟ ਸੌਂਪਣ।’’ ਗ਼ੌਰਤਲਬ ਹੈ ਕਿ ਅੰਮ੍ਰਿਤਸਰ ਵਿਖੇ ਸ੍ਰੀ ਹਰਿਮੰਦਰ ਸਾਹਿਬ ਦੇ ਬਾਹਰ ਸੇਵਾਦਾਰ ਵਜੋਂ ਸੇਵਾ ਨਿਭਾ ਰਹੇ ਸ੍ਰੀ ਬਾਦਲ ਉਤੇ ਹੋਏ ਹਮਲੇ ਤੋਂ ਬਾਅਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਤੇ ਅਕਾਲੀ ਆਗੂ ਡਾ. ਦਲਜੀਤ ਸਿੰਘ ਚੀਮਾ ਆਦਿ ਨੇ ਪੁਲੀਸ ਤੇ ਪ੍ਰਸ਼ਾਸਨ ਦੀ ਕਾਰਗੁਜ਼ਾਰੀ ’ਤੇ ਸਵਾਲ ਉਠਾਏ ਸਨ। ਸ੍ਰੀ ਮਾਨ ਨੇ ਆਪਣੀ ਟਵੀਟ ਵਿਚ ਹਮਲਾ ਰੋਕਣ ਲਈ ਪੁਲੀਸ ਦੀ ਪਿੱਠ ਥਾਪੜ ਕੇ ਉਨ੍ਹਾਂ ਦੀਆਂ ਿਟੱਪਣੀਆਂ ਦੇ ਜਵਾਬ ਦੇਣ ਦੀ ਕੋਸ਼ਿਸ਼ ਵੀ ਕੀਤੀ ਹੈ।
Advertisement
Advertisement