ਵਿਦਿਆਰਥੀ ਆਗੂ ਰਾਜਿੰਦਰ ਸਿੰਘ ’ਤੇ ਹਮਲਾ; ਹਸਪਤਾਲ ਦਾਖ਼ਲ
ਸ਼ਗਨ ਕਟਾਰੀਆ
ਬਠਿੰਡਾ, 18 ਸਤੰਬਰ
ਪੰਜਾਬ ਸਟੂਡੈਂਟਸ ਯੂਨੀਅਨ ਦੇ ਸੂਬਾਈ ਆਗੂ ਰਾਜਿੰਦਰ ਸਿੰਘ ’ਤੇ ਅੱਜ ਕਥਿਤ ਹਮਲਾ ਹੋਣ ਮਗਰੋਂ ਇੱਥੇ ਸਿਵਲ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਦੱਸਣਯੋਗ ਹੈ ਕਿ ਬਾਹਰੋਂ ਲੋਹੇ ਦੀਆਂ ਰਾਡਾਂ ਨਾਲ ਲੈਸ ਹੋ ਕੇ ਆਏ ਕਰੀਬ ਡੇਢ ਦਰਜਨ ਹਮਲਾਵਰਾਂ ਨੇ ਸਰਕਾਰੀ ਰਜਿੰਦਰਾ ਕਾਲਜ ਬਠਿੰਡਾ ਦੇ ਕੈਂਪਸ ਵਿੱਚ ਇਸ ਘਟਨਾ ਨੂੰ ਅੰਜ਼ਾਮ ਦਿੱਤਾ। ਰਜਿੰਦਰ ਸਿੰਘ ਦੇ ਸਿਰ ’ਤੇ ਸੱਟ ਦੱਸੀ ਜਾ ਰਹੀ ਹੈ।
ਯੂਨੀਅਨ ਦੇ ਸੂਬਾਈ ਆਗੂ ਧੀਰਜ ਕੁਮਾਰ ਨੇ ਕਿਹਾ ਕਿ ਸਬਜੈਕਟ ਕੰਬੀਨੇਸ਼ਨ ਦੇ ਮੁੱਦੇ ਨੂੰ ਲੈ ਕੇ ਪਿਛਲੇ ਕੁੱਝ ਅਰਸੇ ਤੋਂ ਕਾਲਜ ਯੂਨੀਅਨ ਦੇ ਸੰਘਰਸ਼ ਦਾ ਕੇਂਦਰ ਬਣਿਆ ਹੋਇਆ ਹੈ।
ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਦੇ ਤਿੱਖੇ ਰੋਹ ਦੇ ਮੱਦੇਨਜ਼ਰ ਕਾਲਜ ਪ੍ਰਸ਼ਾਸਨ ਨੇ ਭਾਵੇਂ ਮੁੱਖ ਮੰਗਾਂ ਪ੍ਰਵਾਨ ਕਰ ਲਈਆਂ ਸਨ ਪਰ ਯੂਨੀਅਨ ਪ੍ਰਤੀ ਕਥਿਤ ਰੰਜਿਸ਼ ਰੱਖੀ ਜਾ ਰਹੀ ਹੈ। ਉਨ੍ਹਾਂ ਦੋਸ਼ ਲਾਏ ਕਿ ਕਾਲਜ ਵਿੱਚ ਨਸ਼ਾ ਵੇਚਣ, ਲੜਕੀਆਂ ਨਾਲ ਛੇੜ-ਛਾੜ ਅਤੇ ਗੁੰਡਾਗਰਦੀ ਕਰਨ ਵਾਲੇ ਗਰੋਹ ਨੂੰ ਕਾਲਜ ਪ੍ਰਿੰਸੀਪਲ ਅਤੇ ਕਾਲਜ ਦੇ ਸੁਰੱਖਿਆ ਕਰਮੀ ਖੁਦ ‘ਸੁਰੱਖਿਆ’ ਦੇ ਰਹੇ ਹਨ ਅਤੇ ਪੁਲੀਸ ਵੀ ਇਨ੍ਹਾਂ ਗੁੰਡਾ ਅਨਸਰਾਂ ’ਤੇ ਕੋਈ ਕਾਰਵਾਈ ਨਹੀਂ ਕਰਦੀ।
ਹਾਲਾਂਕਿ ਪੀਐੱਸਯੂ ਕਾਲਜ ਅੰਦਰ ਅਕਾਦਮਿਕ ਅਤੇ ਜਮਹੂਰੀ ਮਾਹੌਲ ਦੀ ਹਾਮੀ ਹੈ। ਧੀਰਜ ਕੁਮਾਰ ਨੇ ਕਾਲਜ ਪ੍ਰਿੰਸੀਪਲ ’ਤੇ ਦੋਸ਼ ਲਾਇਆ ਕਿ ਉਨ੍ਹਾਂ ਨੇ ਸੰਘਰਸ਼ਾਂ ਨੂੰ ਦਬਾਉਣ ਦੇ ਉਦੇਸ਼ ਨਾਲ ਰਾਜਿੰਦਰ ਸਿੰਘ ’ਤੇ ਕਥਿਤ ਗੁੰਡਿਆਂ ਨੂੰ ਸ਼ਹਿ ਦੇ ਕੇ ਹਮਲਾ ਕਰਵਾਇਆ ਹੈ।
ਆਗੂ ਨੇ ਚਿਤਾਵਨੀ ਦਿੱਤੀ ਕਿ ਜੇਕਰ ਅੱਜ ਦੇ ਮਾਮਲੇ ’ਚ ਨਿਆਂ ਲਈ ਕੋਈ ਸਖ਼ਤ ਕਾਰਵਾਈ ਅਮਲ ਵਿੱਚ ਨਾ ਲਿਆਂਦੀ ਗਈ ਤਾਂ ਯੂਨੀਅਨ ਸੰਘਰਸ਼ ਦੇ ਰਾਹ ਪਵੇਗੀ।
ਪ੍ਰਿੰਸੀਪਲ ਨੇ ਦੋਸ਼ ਨਕਾਰੇ
ਕਾਲਜ ਪ੍ਰਿੰਸੀਪਲ ਜਯੋਤਸਨਾ ਨੇ ਇਨ੍ਹਾਂ ਦੋਸ਼ਾਂ ਨੂੰ ਮਨਘੜਤ ਕਰਾਰ ਦਿੰਦਿਆਂ ਕਿਹਾ ਕਿ ਉਹ ਡੇਂਗੂ ਹੋਣ ਕਾਰਨ ਛੁੱਟੀ ’ਤੇ ਹਨ। ਉਨ੍ਹਾਂ ਦੱਸਿਆ ਕਿ ਕੁੱਝ ਦਿਨ ਪਹਿਲਾਂ ਬਾਹਰਲੇ ਨੌਜਵਾਨ ਕਾਲਜ ’ਚ ਪੋਸਟਰ ਲਾਉਣ ਆਏ ਤਾਂ ਪੀਐੱਸਯੂ ਦੇ ਆਗੂਆਂ ਦੀ ਉਨ੍ਹਾਂ ਨਾਲ ਬਹਿਸ ਹੋ ਗਈ। ਉਨ੍ਹਾਂ ਕਿਹਾ ਕਿ ਪਤਾ ਲੱਗਣ ’ਤੇ ਸੁਰੱਖਿਆ ਕਰਮਚਾਰੀਆਂ ਨੂੰ ਨਾਲ ਲੈ ਕੇ ਉਨ੍ਹਾਂ ਖੁਦ ਬਾਹਰੀ ਲੜਕਿਆਂ ਨੂੰ ਫੜ੍ਹ ਕੇ ਪੁਲੀਸ ਹਵਾਲੇ ਕੀਤਾ ਸੀ। ਪ੍ਰਿੰਸੀਪਲ ਨੇ ਕਾਲਜ ਦੇ ਵਿਦਿਆਰਥੀ ਨੂੰ ਆਪਣੇ ਬੱਚੇ ਦੱਸਦਿਆਂ ਸਵਾਲ ਕੀਤਾ ਕਿ ‘ਕੌਣ ਹੈ, ਜੋ ਆਪਣੇ ਬੱਚਿਆਂ ਦਾ ਨੁਕਸਾਨ ਕਰੇਗਾ?’ ਉਨ੍ਹਾਂ ਕਿਹਾ ਕਿ ਅੱਜ ਦੀ ਘਟਨਾ ਦਾ ਪਤਾ ਲੱਗਦਿਆਂ ਹੀ ਵਿਦਿਆਰਥੀ ਆਗੂ ਦਾ ਪਤਾ ਕਰਨ ਲਈ ਕਾਲਜ ਦੇ ਇੱਕ ਪ੍ਰਤੀਨਿਧ ਨੂੰ ਹਸਪਤਾਲ ’ਚ ਭੇਜਿਆ ਅਤੇ ਜ਼ਖ਼ਮੀ ਰਾਜਿੰਦਰ ਸਿੰਘ ਨੂੰ ਹਰ ਸੰਭਵ ਮਦਦ ਦੇਣ ਦੀ ਪੇਸ਼ਕਸ਼ ਕੀਤੀ। ਪ੍ਰਿੰਸੀਪਲ ਨੇ ਵਿਦਿਆਰਥੀ ਆਗੂਆਂ ਨੂੰ ਅਪੀਲ ਕੀਤੀ ਕਿ ਉਹ ਹਰ ਮੁੱਦੇ ’ਤੇ ਉਨ੍ਹਾਂ ਦੇ ਨਾਲ ਖੜ੍ਹੇ ਹਨ ਪਰ ਉਹ ‘ਹਲਕੀ ਕਿਸਮ ਦੀ ਸਿਆਸਤ’ ਅਤੇ ‘ਕਿਰਦਾਰਕੁਸ਼ੀ’ ਕਰਨ ਦੀ ਬਜਾਏ ਵਿਸ਼ਾਲ ਹਿਰਦੇ ਵਾਲੀ ਪਹੁੰਚ ਅਪਨਾਉਣ।