ਵਿਦਿਆਰਥੀ ਆਗੂ ’ਤੇ ਹਮਲਾ: ਜਥੇਬੰਦੀਆਂ ਦਾ ਵਫ਼ਦ ਡੀਐੱਸਪੀ ਨੂੰ ਮਿਲਿਆ
ਸ਼ਗਨ ਕਟਾਰੀਆ
ਬਠਿੰਡਾ, 1 ਅਕਤੂਬਰ
ਇਥੋਂ ਦੇ ਸਰਕਾਰੀ ਰਾਜਿੰਦਰਾ ਕਾਲਜ ਵਿੱਚ ਬੀਤੇ ਦਿਨੀਂ ਆਗੂ ਪੰਜਾਬ ਸਟੂਡੈਂਟਸ ਯੂਨੀਅਨ ਦੇ ਆਗੂ ਰਜਿੰਦਰ ਸਿੰਘ ਢਿੱਲਵਾਂ ਉੱਤੇ ਜਾਨਲੇਵਾ ਹਮਲਾ ਕਰਨ ਵਾਲੇ ਮੁਲਜ਼ਮਾਂ ਦੀ ਗ੍ਰਿਫਤਾਰੀ ਅਤੇ ਐੱਫਆਈਆਰ ਵਿੱਚ ਐੱਸਸੀ/ਐਸਟੀ ਐਕਟ ਦਾ ਵਾਧਾ ਕਰਨ ਦੀ ਮੰਗ ਲੈ ਕੇ ਅੱਜ ਵੱਖ-ਵੱਖ ਜਥੇਬੰਦੀਆਂ ਦਾ ਵਫ਼ਦ ਡੀਐੱਸਪੀ ਬਠਿੰਡਾ ਸਿਟੀ-1 ਨੂੰ ਮਿਲਿਆ। ਵਫ਼ਦ ਦੇ ਮੈਂਬਰਾਂ ਨੇ ਦੱਸਿਆ ਕਿ ਜਥੇਬੰਦੀਆਂ ਦੇ ਦਬਾਅ ਸਦਕਾ ਭਾਵੇਂ ਪੁਲੀਸ ਨੇ ਘਟਨਾ ਤੋਂ ਅਗਲੇ ਹੀ ਦਿਨ 13 ਮੁਲਜ਼ਮਾਂ ’ਚੋਂ 5 ਉੱਤੇ ਪਛਾਣ ਆਧਾਰਿਤ ਪਰਚਾ ਦਰਜ ਕਰ ਲਿਆ ਸੀ, ਪ੍ਰੰਤੂ ਅਜੇ ਤੱਕ ਸਾਰੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਗਿਆ। ਉਨ੍ਹਾਂ ਆਖਿਆ ਕਿ ਵਿਦਿਆਰਥੀ ਆਗੂ ਨੂੰ ਦੁਬਾਰਾ ਕਾਲਜ ਭੇਜਣਾ ਸੁਰੱਖਿਅਤ ਨਹੀਂ ਹੈ। ਉਨ੍ਹਾਂ ਦਰਜ ਪਰਚੇ ’ਚ ਇਸ ਦਲੀਲ ਨਾਲ ਐੱਸਸੀ/ਐਸਟੀ ਐਕਟ ’ਚ ਇਜ਼ਾਫ਼ੇ ਦੀ ਮੰਗ ਕੀਤੀ ਕਿ ਮੁਲਜ਼ਮਾਂ ਵੱਲੋਂ ਦਲਿਤ ਜਾਤੀ ਨਾਲ ਸਬੰਧਤ ਰਜਿੰਦਰ ਢਿੱਲਵਾਂ ਦੀ ਕਾਲਜ ਅੰਦਰ ਸੈਂਕੜੇ ਵਿਦਿਆਰਥੀਆਂ ਸਾਹਮਣੇ ਕੁੱਟਮਾਰ ਕੀਤੀ ਅਤੇ ਜਾਤੀ ਸੂਚਕ ਗਾਲ੍ਹਾਂ ਕੱਢੀਆਂ ਅਤੇ ਰਾਜਿੰਦਰ ਨੂੰ ਦੁਬਾਰਾ ਕਾਲਜ ਵੜਨ ’ਤੇ ਜਾਨੋਂ ਮਾਰਨ ਦੀ ਧਮਕੀ ਦਿੱਤੀ। ਆਗੂਆਂ ਨੇ ਐਲਾਨ ਕੀਤਾ ਕਿ 8 ਅਕਤੂਬਰ ਨੂੰ ਰਜਿੰਦਰ ਢਿੱਲਵਾਂ ਨੂੰ ਸਮੂਹ ਜਨਤਕ ਜਥੇਬੰਦੀਆਂ ਵੱਲੋਂ ਵੱਡਾ ਇਕੱਠ ਕਰਕੇ ਰੈਲੀ ਕਰਕੇ ਕਾਲਜ ਅੰਦਰ ਲਿਜਾਇਆ ਜਾਵੇਗਾ ਅਤੇ ਕਾਲਜ ਪ੍ਰਿੰਸੀਪਲ ਨੂੰ ਵੀ ਵਫ਼ਦ ਮਿਲੇਗਾ। ਵਫ਼ਦ ਵਿੱਚ ਪੰਜਾਬ ਸਟੂਡੈਂਟਸ ਯੂਨੀਅਨ ਦੇ ਧੀਰਜ ਕੁਮਾਰ ਫਾਜ਼ਿਲਕਾ, ਪੀਐੱਸਯੂ (ਲਲਕਾਰ) ਦੇ ਪਰਮਿੰਦਰ ਕੌਰ, ਪੀਐਸਯੂ (ਸ਼ਹੀਦ ਰੰਧਾਵਾ) ਦੇ ਗੁਰਵਿੰਦਰ ਸਿੰਘ, ਆਲ ਇੰਡੀਆ ਸਟੂਡੈਂਟਸ ਐਸੋਸ਼ੀਏਸ਼ਨ ਦੇ ਸੁਖਜੀਤ ਰਾਮਾਨੰਦੀ, ਕਿਰਤੀ ਕਿਸਾਨ ਯੂਨੀਅਨ ਦੇ ਰਜਿੰਦਰ ਸਿੰਘ ਦੀਪ ਸਿੰਘ ਵਾਲਾ, ਭਾਰਤੀ ਕਿਸਾਨ ਯੂਨੀਅਨ ਤੇ ਹੋਰ ਆਗੂ ਹਾਜ਼ਰ ਸਨ।