ਰਿਸ਼ੀਕੇਸ਼ ਵਿੱਚ ਸਿੱਖ ਕਾਰੋਬਾਰੀ ’ਤੇ ਹਮਲੇ ਦੀ ਨਿੰਦਾ
ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 4 ਮਾਰਚ
ਉੱਤਰਾਖੰਡ ਦੇ ਰਿਸ਼ੀਕੇਸ਼ ਵਿੱਚ ਭੀੜ ਵੱਲੋਂ ਸਿੱਖ ਕਾਰੋਬਾਰੀ ’ਤੇ ਕੀਤੇ ਗਏ ਹਮਲੇ ਅਤੇ ਉਸ ਦੇ ਸ਼ੋਅ ਰੂਮ ਦੀ ਭੰਨ ਤੋੜ ਦੀ ਸਿੱਖ ਸੰਸਥਾਵਾਂ ਦੇ ਸਾਂਝੇ ਮੰਚ ਪੰਥਕ ਤਾਲਮੇਲ ਸੰਗਠਨ ਨੇ ਸਖ਼ਤ ਨਿੰਦਾ ਕਰਦਿਆਂ ਦੋਸ਼ੀਆਂ ਵਿਰੁੱਧ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ। ਹੋਰ ਸਿੱਖ ਜਥੇਬੰਦੀਆ ਨੇ ਵੀ ਇਸ ਘਟਨਾ ਦੀ ਨਿਖੇਧੀ ਕਰਦਿਆਂ ਇਸ ਮਾਮਲੇ ਦੀ ਜਾਂਚ ਕਰਵਾਉਣ ਅਤੇ ਦੋਸ਼ੀਆਂ ਨੂੰ ਸਜ਼ਾਵਾਂ ਦੇਣ ਮੰਗ ਕੀਤੀ ਹੈ।
ਸੰਗਠਨ ਕਨਵੀਨਰ ਗਿਆਨੀ ਕੇਵਲ ਸਿੰਘ ਸਾਬਕਾ ਜਥੇਦਾਰ ਅਤੇ ਕੋ-ਕਨਵੀਨਰ ਜਸਵਿੰਦਰ ਸਿੰਘ ਨੇ ਕਿਹਾ ਕਿ ਵੀਡੀਓ ਵਿੱਚ ਸਾਫ਼ ਦਿਖਾਈ ਦਿੰਦਾ ਹੈ ਕਿ ਭੀੜ ਸਿੱਖ ਵਪਾਰੀਆਂ ’ਤੇ ਜਾਨਲੇਵਾ ਹਮਲਾ ਕਰ ਰਹੀ ਹੈ ਅਤੇ ਸ਼ੋਅ ਰੂਮਾਂ ਦੀ ਭੰਨ ਤੋੜ ਕਰ ਰਹੀ ਹੈ। ਇਸ ਕਰਕੇ ਦੋਸ਼ੀਆਂ ਵਿਰੁੱਧ ਕਾਨੂੰਨੀ ਕਾਰਵਾਈ ਕਰਦਿਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੀਆਂ ਧਾਰਵਾਂ ਵੀ ਜੋੜੀਆਂ ਜਾਣ।
ਚੀਫ਼ ਖ਼ਾਲਸਾ ਦੀਵਾਨ ਦੇ ਪ੍ਰਧਾਨ ਡਾ. ਇੰਦਰਬੀਰ ਸਿੰਘ ਨਿੱਜਰ ਅਤੇ ਆਨਰੇਰੀ ਸਕੱਤਰ ਸਵਿੰਦਰ ਸਿੰਘ ਕਥੂਨੰਗਲ ਨੇ ਸਾਂਝੇ ਤੌਰ ਤੇ ਰਿਸ਼ੀਕੇਸ਼ ਵਿੱਚ ਹਮਲਾਵਰ ਭੀੜ ਵੱਲੋਂ ਦੋ ਸਿੱਖ ਵਪਾਰੀ ਭਰਾਵਾਂ ਦੀ ਕੀਤੀ ਗਈ ਕੁੱਟਮਾਰ, ਦਸਤਾਰ ਤੇ ਕੇਸਾਂ ਦੀ ਬੇਅਦਬੀ ਕਰਨ ਅਤੇ ਉਨ੍ਹਾਂ ਦੇ ਸ਼ੋਅਰੂਮ ’ਤੇ ਕੀਤੀ ਗਈ ਪੱਥਰਬਾਜ਼ੀ ਤੇ ਭੰਨਤੋੜ ਦੀ ਨਿਖੇਧੀ ਕੀਤੀ ਹੈ।
ਨਿਹੰਗ ਸੰਸਥਾ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ ਮੁਖੀ ਬਾਬਾ ਬਲਬੀਰ ਸਿੰਘ ਨੇ ਰਿਸ਼ੀਕੇਸ ਵਿੱਚ ਇਸ ਘਟਨਾ ਨੂੰ ਘੱਟ ਗਿਣਤੀ ਲੋਕਾਂ ਦੇ ਅਧਿਕਾਰਾਂ ’ਤੇ ਸਿੱਧਾ ਹਮਲਾ ਕਰਾਰ ਦਿੱਤਾ ਹੈ। ਅਕਾਲੀ ਦਲ 1920 ਦੇ ਪ੍ਰਧਾਨ ਰਵੀਇੰਦਰ ਸਿੰਘ ਨੇ ਵੀ ਦੋਸ਼ੀਆਂ ਵਿਰੁੱਧ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ। ਸਾਬਕਾ ਸਪੀਕਰ ਨੇ ਮੁੱਖ ਮੰਤਰੀ ਉੱਤਰਾਖੰਡ ਨੂੰ ਅਪੀਲ ਕੀਤੀ ਹੈ ਕਿ ਇਸ ਦੀ ਨਿਰਪੱਖ ਜਾਂਚ ਯਕੀਨੀ ਬਣਾਉਣ ਅਤੇ ਇਸ ਘਟਨਾ ਦੇ ਪਿੱਛੇ ਦੋਸ਼ੀਆਂ ਦੀ ਵੀ ਪਛਾਣ ਕਰਵਾ ਕੇ ਤੁਰੰਤ ਕਾਨੂੰਨੀ ਸਜ਼ਾਵਾਂ ਦਿਵਾਉਣ।