ਪਾਕਿਸਤਾਨ ਵਿੱਚ ਪੋਲੀਓ ਰੋਕੂ ਟੀਮ ’ਤੇ ਹਮਲਾ, ਦੋ ਜ਼ਖ਼ਮੀ
ਪਿਸ਼ਾਵਰ, 4 ਮਾਰਚ
ਪਾਕਿਸਤਾਨ ਦੇ ਗੜਬੜ ਵਾਲੇ ਸੂਬੇ ਖ਼ੈਬਰ ਪਖਤੂਨਖ਼ਵਾ ਵਿੱਚ ਅਣਪਛਾਤੇ ਹਥਿਆਰਬੰਦ ਹਮਲਾਵਰਾਂ ਨੇ ਅੱਜ ਪੋਲੀਓ ਰੋਕੂ ਟੀਮ ’ਤੇ ਗੋਲੀਆਂ ਚਲਾ ਦਿੱਤੀਆਂ ਜਿਸ ਵਿੱਚ ਇੱਕ ਪੋਲੀਓ ਵਰਕਰ ਅਤੇ ਇੱਕ ਪੁਲੀਸ ਮੁਲਾਜ਼ਮ ਜ਼ਖ਼ਮੀ ਹੋ ਗਏ। ਪੁਲੀਸ ਨੇ ਦੱਸਿਆ ਕਿ ਇਹ ਘਟਨਾ ਅਫਗਾਨਸਿਤਾਨ ਦੀ ਸਰਹੱਦ ਨਾਲ ਲੱਗਦੇ ਖ਼ੈਬਰ ਜ਼ਿਲ੍ਹੇ ਦੇ ਬਾਰ ਕਾਂਬਰ ਖੇਲ ਇਲਾਕੇ ਵਿੱਚ ਵਾਪਰੀ। ਮੋਟਰਸਾਈਕਲ ਸਵਾਰ ਹਥਿਆਰਬੰਦ ਵਿਅਕਤੀਆਂ ਨੇ ਪੋਲੀਓ ਰੋਕੂ ਟੀਮ ’ਤੇ ਗੋਲੀਆਂ ਚਲਾ ਦਿੱਤੀਆਂ। ਇਸ ਵਿੱਚ ਪੋਲੀਓ ਵਰਕਰ ਅਤੇ ਟੀਮ ਦੀ ਸੁਰੱਖਿਆ ਵਿੱਚ ਤਾਇਨਾਤ ਪੁਲੀਸ ਮੁਲਾਜ਼ਮ ਜ਼ਖ਼ਮੀ ਹੋ ਗਿਆ। ਦੋਵਾਂ ਨੂੰ ਪਿਸ਼ਾਵਰ ਦੇ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਫਾਇਰਿੰਗ ਕਰਨ ਮਗਰੋਂ ਹਮਲਾਵਰ ਮੌਕੇ ਤੋਂ ਫਰਾਰ ਹੋ ਗਏ। ਸੂਚਨਾ ਮਿਲਣ ਮਗਰੋਂ ਪੁਲੀਸ ਘਟਨਾ ਸਥਾਨ ’ਤੇ ਪਹੁੰਚ ਗਈ ਅਤੇ ਹਮਲਾਵਰਾਂ ਨੂੰ ਫੜਨ ਲਈ ਆਲੇ-ਦੁਆਲੇ ਦੇ ਇਲਾਕੇ ਨੂੰ ਸੀਲ ਕਰ ਦਿੱਤਾ ਗਿਆ ਹੈ। ਖੈਬਰ ਪਖਤੂਨਖ਼ਵਾ ਦੇ ਮੁੱਖ ਮੰਤਰੀ ਅਲੀ ਆਮੀਨ ਗੰਡਾਪੁਰ ਨੇ ਇਸ ਘਟਨਾ ਦੀ ਨਿਖੇਧੀ ਕਰਦਿਆਂ ਪੁਲੀਸ ਨੂੰ ਦੋਸ਼ੀਆਂ ਦੀ ਛੇਤੀ ਤੋਂ ਛੇਤੀ ਗ੍ਰਿਫ਼ਤਾਰੀ ਦੇ ਨਿਰਦੇਸ਼ ਦਿੱਤੇ ਹਨ। ਗੰਢਾਪੁਰ ਵੱਲੋਂ ਸੂਬੇ ਵਿੱਚ ਪੋਲੀਓ ਟੀਮ ਦੀ ਪੁਖ਼ਤਾ ਸੁਰੱਖਿਆ ਪ੍ਰਬੰਧ ਦੇ ਵੀ ਨਿਰਦੇਸ਼ ਦਿੱਤੇ ਗਏ ਹਨ। -ਪੀਟੀਆਈ