ਥਾਣੇ ’ਤੇ ਹਮਲਾ: ਧਮਾਕੇ ਤੋਂ ਦੋ ਦਿਨਾਂ ਬਾਅਦ ਪੁਲੀਸ ਨੇ ਦਰਜ ਕੀਤਾ ਕੇਸ
ਹਰਜੀਤ ਸਿੰਘ ਪਰਮਾਰ
ਬਟਾਲਾ, 14 ਦਸੰਬਰ
ਇੱਥੋਂ ਨੇੜੇ ਸਥਿਤ ਅੱਡਾ ਅਲੀਵਾਲ ਵਿੱਚ ਸਥਿਤ ਥਾਣਾ ਘਣੀਏ ਕੇ ਬਾਂਗਰ ’ਤੇ 12 ਦਸੰਬਰ ਦੀ ਰਾਤ ਨੂੰ ਹੱਥਗੋਲੇ ਨਾਲ ਹੋਏ ਹਮਲੇ ਦੀ ਘਟਨਾ ਤੋਂ ਦੋ ਦਿਨ ਬਾਅਦ ਬਟਾਲਾ ਪੁਲੀਸ ਨੇ ਹੁਣ ਅਣਪਛਾਤਿਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਦੂਜੇ ਪਾਸੇ, ਇਸ ਧਮਾਕੇ ਦੀ ਜ਼ਿੰਮੇਵਾਰੀ ਬੱਬਰ ਖਾਲਸਾ ਇੰਟਰਨੈਸ਼ਨਲ ਨਾਮ ਦੇ ਫੇਸਬੁੱਕ ਪੇਜ ’ਤੇ ਹੈਪੀ ਪਸ਼ੀਆਂ ਅਤੇ ਗੋਪੀ ਨਵਾਂ ਸ਼ਹਿਰੀਆ ਨੇ ਲੈਂਦਿਆਂ ਪੁਲੀਸ ਨੂੰ ਅਗਲੇ ਐਕਸ਼ਨ ਦੀ ਧਮਕੀ ਵੀ ਦਿੱਤੀ ਹੈ। ਇਹ ਕੇਸ ਥਾਣਾ ਘਣੀਏ ਕੇ ਬਾਂਗਰ ਦੇ ਮੁਖੀ ਗੁਰਮਿੰਦਰ ਸਿੰਘ ਦੇ ਬਿਆਨਾਂ ’ਤੇ ਦਰਜ ਕੀਤਾ ਗਿਆ ਹੈ। ਥਾਣਾ ਮੁਖੀ ਨੇ ਦੱਸਿਆ ਕਿ 12 ਦਸੰਬਰ ਦੀ ਰਾਤ ਨੂੰ ਉਹ ਗਸ਼ਤ ’ਤੇ ਸਨ ਤਾਂ ਕਰੀਬ 10.15 ਵਜੇ ਮੁਨਸ਼ੀ ਨੇ ਫੋਨ ਕਰ ਕੇ ਦੱਸਿਆ ਕਿ ਕੁੱਝ ਅਣਪਛਾਤਿਆਂ ਨੇ ਥਾਣੇ ’ਤੇ ਧਮਾਕਾਖੇਜ਼ ਸਮੱਗਰੀ ਸੁੱਟ ਕੇ ਧਮਾਕਾ ਕੀਤਾ ਹੈ। ਉਨ੍ਹਾਂ ਦੱਸਿਆ ਕਿ ਜਦੋਂ ਉਹ ਘਟਨਾ ਸਥਾਨ ’ਤੇ ਪੁੱਜੇ ਤਾਂ ਦੇਖਿਆ ਕਿ ਥਾਣੇ ਦੇ ਵਿਹੜੇ ਵਿੱਚ ਧਮਾਕਾ ਹੋਣ ਕਾਰਨ ਇਮਾਰਤ ਦੇ ਸ਼ੀਸ਼ੇ ਟੁੱਟੇ ਹੋਏ ਸਨ ਪਰ ਜਾਨੀ ਨੁਕਸਾਨ ਤੋਂ ਬਚਾਅ ਰਿਹਾ। ਥਾਣਾ ਘਣੀਏ ਕੇ ਬਾਂਗਰ ਦੀ ਪੁਲੀਸ ਵੱਲੋਂ ਐਕਸਪਲੋਸਿਵ ਐਕਟ ਸਣੇ ਹੋਰ ਕਈ ਹੋਰਧਾਰਾਵਾਂ ਤਹਿਤ ਅਣਪਛਾਤਿਆਂ ਖ਼ਿਲਾਫ਼ ਕੇਸ ਦਰਜ ਕਰ ਕੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਦੂਜੇ ਪਾਸੇ, ਬੱਬਰ ਖਾਲਸਾ ਇੰਟਰਨੈਸ਼ਨਲ ਨਾਮ ਦੇ ਇੱਕ ਫੇਸਬੁੱਕ ਪੇਜ ’ਤੇ ਇਸ ਧਮਾਕੇ ਦੀ ਜ਼ਿੰਮੇਵਾਰੀ ਹੈਪੀ ਪਸ਼ੀਆਂ ਅਤੇ ਗੋਪੀ ਨਵਾਂ ਸ਼ਹਿਰੀਆ ਨੇ ਲਈ ਹੈ। ਉਨ੍ਹਾਂ ਧਮਕੀ ਦਿੰਦਿਆਂ ਲਿਖਿਆ ਕਿ ਜੇ 6 ਵਜੇ ਤੋਂ ਬਾਅਦ ਨਾਕਾ ਲੱਗਿਆ ਦੇਖਿਆ ਗਿਆ ਤਾਂ ਉੱਥੇ ਹੀ ਧਮਾਕੇ ਕੀਤੇ ਜਾਣਗੇ। ਫ਼ਿਲਹਾਲ ਕੋਈ ਵੀ ਪੁਲੀਸ ਅਧਿਕਾਰੀ ਇਸ ਬਾਰੇ ਆਪਣਾ ਮੂੰਹ ਖੋਲ੍ਹਣ ਨੂੰ ਤਿਆਰ ਨਹੀਂ ਹੈ। ਸੂਤਰਾਂ ਅਨੁਸਾਰ ਕੁੱਝ ਦਿਨ ਪਹਿਲਾਂ ਇਸ ਖੇਤਰ ਵਿੱਚ ਅਜਿਹੀ ਘਟਨਾ ਹੋਣ ਬਾਰੇ ਜਾਣਕਾਰੀ ਮਿਲੀ ਸੀ ਤੇ ਫ਼ਤਹਿਗੜ੍ਹ ਚੂੜੀਆਂ ਦੀ ਪੁਲੀਸ ਨੂੰ ਚੌਕਸ ਰਹਿਣ ਦੀਆਂ ਹਦਾਇਤਾਂ ਮਿਲੀਆਂ ਸਨ।