ਪਿੰਡ ਭੁੱਲਰ ਵਿੱਚ ਪੁਲੀਸ ਪਾਰਟੀ ’ਤੇ ਹਮਲਾ
ਪੱਤਰ ਪ੍ਰੇਰਕ
ਤਰਨ ਤਾਰਨ, 14 ਜਨਵਰੀ
ਸਥਾਨਕ ਥਾਣਾ ਸਦਰ ਦੀ ਪੁਲੀਸ ਵੱਲੋਂ ਇਲਾਕੇ ਦੇ ਪਿੰਡ ਭੁੱਲਰ ਵਿੱਚ ਬੀਤੀ ਰਾਤ ਚੋਰੀ ਦੇ ਮਾਮਲੇ ਵਿੱਚ ਪੜਤਾਲ ਕਰਨ ਗਈ ਪੁਲੀਸ ਪਾਰਟੀ ’ਤੇ ਪਰਿਵਾਰ ਨੇ ਹਮਲਾ ਕਰ ਦਿੱਤਾ ਜਿਸ ਵਿੱਚ ਪੰਜਾਬ ਹੋਮ ਗਾਰਡ ਦੇ ਜਵਾਨ ਪਰਗਟ ਸਿੰਘ ਦੇ ਮਾਮੂਲੀ ਸੱਟਾਂ ਲੱਗੀਆਂ ਅਤੇ ਉਸ ਦੀ ਵਰਦੀ ਵੀ ਪਾੜ ਦਿੱਤੀ ਗਈ। ਪੁਲੀਸ ਪਾਰਟੀ ਦੀ ਅਗਵਾਈ ਕਰਦੇ ਸਬ ਇੰਸਪੈਕਟਰ ਰਵੀ ਸ਼ੰਕਰ ਨੇ ਦੱਸਿਆ ਕਿ ਪੁਲੀਸ ਪਾਰਟੀ ਪਿੰਡ ਵਿੱਚ ਚੋਰੀ ਦੇ ਸਬੰਧ ਵਿੱਚ ਤੇਜਪ੍ਰੀਤ ਸਿੰਘ ਤੇਜੀ ਤੋਂ ਪੁੱਛ ਪੜਤਾਲ ਕਰਨ ਲਈ ਗਈ ਸੀ ਪਰ ਤੇਜਪ੍ਰੀਤ ਸਿੰਘ ਨੇ ਆਪਣੇ ਪਿਤਾ ਕੁਲਦੀਪ ਸਿੰਘ, ਪਤਨੀ ਕਿਰਨਜੀਤ ਕੌਰ ਅਤੇ ਮਾਤਾ ਤੋਂ ਇਲਾਵਾ ਆਪਣੇ ਘਰ ਬੁਲਾਏ ਅਣਪਛਾਤੇ ਅੱਠ ਹੋਰ ਜਣਿਆਂ ਨੂੰ ਨਾਲ ਲੈ ਕੇ ਘਰ ਦੀਆਂ ਲਾਈਟਾਂ ਬੰਦ ਕਰਕੇ ਪੁਲੀਸ ਪਾਰਟੀ ’ਤੇ ਇੱਟਾਂ-ਵੱਟੇ ਚਲਾਏ ਅਤੇ ਹੋਮ ਗਾਰਡ ਦੇ ਜਵਾਨ ਪਰਗਟ ਸਿੰਘ ਦੀ ਵਰਦੀ ਪਾੜ ਦਿੱਤੀ| ਉਨ੍ਹਾਂ ਕਿਹਾ ਕਿ ਮੁਲਜ਼ਮ ਹਨੇਰੇ ਦਾ ਲਾਹਾ ਲੈਂਦਿਆਂ ਮੌਕੇ ਤੋਂ ਫਰਾਰ ਹੋ ਗਏ| ਇਸ ਸਬੰਧੀ ਪੁਲੀਸ ਨੇ ਮੁਲਜ਼ਮਾਂ ਖ਼ਿਲਾਫ਼ ਬੀਐੱਨਐੱਸ ਦੀ ਦਫ਼ਾ 221 ਤੇ 132 ਅਧੀਨ ਕੇਸ ਦਰਜ ਕੀਤਾ ਹੈ| ਸਬ ਇੰਸਪੈਕਟਰ ਰਵੀ ਸ਼ੰਕਰ ਨੇ ਦੱਸਿਆ ਕਿ ਮੁਲਜ਼ਮ ਆਪਣੇ ਘਰ ਨੂੰ ਤਾਲੇ ਲਗਾ ਕੇ ਕਿਧਰੇ ਚਲੇ ਗਏ ਹਨ|