ਵਿਅਕਤੀ ’ਤੇ ਹਮਲਾ, ਹਸਪਤਾਲ ’ਚ ਇਲਾਜ ਲਈ ਦਾਖ਼ਲ
ਪੱਤਰ ਪ੍ਰੇਰਕ
ਜਲੰਧਰ, 21 ਸਤੰਬਰ
ਸ਼ਹਿਰ ਦੇ ਟੋਬਰੀ ਮੁਹੱਲੇ ਵਿੱਚ ਇੱਕ ਵਿਅਕਤੀ ’ਤੇ ਕੁਝ ਵਿਅਕਤੀਆਂ ਵੱਲੋਂ ਬੇਰਹਿਮੀ ਨਾਲ ਹਮਲਾ ਕੀਤਾ ਗਿਆ। ਇਹ ਘਟਨਾ ਬੀਤੀ ਦੇਰ ਰਾਤ ਵਾਪਰੀ ਅਤੇ ਪੀੜਤ ਸਮੇਤ ਦੋ ਹੋਰ ਜਣਿਆਂ ਨੂੰ ਇਲਾਜ ਲਈ ਸਿਵਲ ਹਸਪਤਾਲ ਪਹੁੰਚਾਇਆ ਗਿਆ। ਪੀੜਤ ਸੁਰਿੰਦਰ ਸਿੰਘ ਨੇ ਦੋਸ਼ ਲਾਇਆ ਕਿ ਇਲਾਕੇ ਵਿੱਚ ਨਸ਼ਾ ਤਸਕਰ ਸ਼ਰ੍ਹੇਆਮ ਨਸ਼ਾ ਵੇਚ ਰਹੇ ਹਨ। ਉਸ ਨੇ ਕਿਹਾ ਕਿ ਉਹ ਇਸ ਮੁੱਦੇ ਬਾਰੇ ਕਈ ਵਾਰ ਸੀਨੀਅਰ ਅਧਿਕਾਰੀਆਂ ਨੂੰ ਲਿਖ ਚੁੱਕੇ ਹਨ, ਪਰ ਕੋਈ ਕਾਰਵਾਈ ਨਹੀਂ ਹੋਈ। ਉਸ ਨੇ ਦੱਸਿਆ ਕਿ ਬੀਤੀ ਦੇਰ ਰਾਤ ਜਦੋਂ ਉਸਨੇ ਇੱਕ ਨਸ਼ਾ ਵੇਚਣ ਵਾਲੇ ਨੂੰ ਨਸ਼ਾ ਵੇਚਦੇ ਦੇਖਿਆ ਤਾਂ ਉਸਨੇ ਉਸਨੂੰ ਆਪਣੇ ਘਰ ਦੇ ਨੇੜੇ ਵੇਚਣ ਤੋਂ ਰੋਕਿਆ। ਉਸ ਨੇ ਦਾਅਵਾ ਕੀਤਾ ਕਿ ਉਸਦੇ ਘਰ ਦੇ ਨੇੜੇ ਰਹਿੰਦੇ ਇੱਕ ਪਰਿਵਾਰ ਦੇ ਮੈਂਬਰਾਂ ਅਤੇ ਕਈ ਅਣਪਛਾਤੇ ਨੌਜਵਾਨਾਂ ਸਮੇਤ ਇੱਕ ਸਮੂਹ ਵੱਲੋਂ ਉਸ ’ਤੇ ਹਮਲਾ ਕੀਤਾ ਗਿਆ ਸੀ। ਉਸ ਨੇ ਦੱਸਿਆ ਕਿ ਹਮਲੇ ਦੌਰਾਨ ਉਸ ਦੀ ਮਾਂ ਅਤੇ ਭਰਜਾਈ ਵੀ ਜ਼ਖਮੀ ਹੋ ਗਏ।
ਫਿਲਹਾਲ ਜ਼ਖਮੀਆਂ ਦਾ ਇਲਾਜ ਚੱਲ ਰਿਹਾ ਹੈ। ਜਦੋਂ ਇਸ ਸਬੰਧੀ ਥਾਣਾ ਡਿਵੀਜ਼ਨ ਨੰਬਰ 2 ਅਤੇ 8 ਦੇ ਪੁਲੀਸ ਅਧਿਕਾਰੀਆਂ ਨੇ ਦਾਅਵਾ ਕੀਤਾ ਕਿ ਉਨ੍ਹਾਂ ਨੂੰ ਇਸ ਸਬੰਧੀ ਕੋਈ ਸੂਚਨਾ ਨਹੀਂ ਮਿਲੀ ਜਦਕਿ ਪੀੜਤਾਂ ਵੱਲੋਂ ਕੋਈ ਸ਼ਿਕਾਇਤ ਦਰਜ ਨਹੀਂ ਕਰਵਾਈ ਗਈ ਹੈ। ਉਨ੍ਹਾਂ ਦੱਸਿਆ ਕਿ ਘਟਨਾ ਨਸ਼ਾ ਵੇਚਣ ਨਾਲ ਸਬੰਧਤ ਹੈ, ਇਸ ਲਈ ਉਹ ਇਲਾਕੇ ਦਾ ਦੌਰਾ ਕਰ ਕੇ ਜਾਣਕਾਰੀ ਹਾਸਲ ਕਰਨਗੇ ਅਤੇ ਪੀੜਤਾਂ ਨੂੰ ਮਿਲ ਕੇ ਲੋੜੀਂਦੀ ਕਾਰਵਾਈ ਕਰਨਗੇ।