ਨੇਤਨਯਾਹੂ ਦੀ ਰਿਹਾਇਸ਼ ’ਤੇ ਹਮਲਾ; ਤਿੰਨ ਸ਼ੱਕੀ ਗ੍ਰਿਫ਼ਤਾਰ
ਤਲ ਅਵੀਵ, 17 ਨਵੰਬਰ
ਤੱਟੀ ਸ਼ਹਿਰ ਕੈਸਰੀਆ ਵਿੱਚ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂੁ ਦੀ ਨਿੱਜੀ ਰਿਹਾਇਸ਼ ਵੱਲ ਦੋ ਗੋਲੇ (ਫਲੇਅਰਸ) ਦਾਗੇ ਜਾਣ ਮਗਰੋਂ ਇਜ਼ਰਾਇਲੀ ਪੁਲੀਸ ਨੇ ਤਿੰਨ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਰਾਤ ਨੂੰ ਜਦੋਂ ਗੋਲੇ ਦਾਗੇ ਗਏ ਤਾਂ ਉਸ ਸਮੇਂ ਨੇਤਨਯਾਹੂ ਤੇ ਉਨ੍ਹਾਂ ਦਾ ਪਰਿਵਾਰ ਘਰ ਵਿੱਚ ਨਹੀਂ ਸੀ। ਘਟਨਾ ’ਚ ਕੋਈ ਵੀ ਜ਼ਖਮੀ ਨਹੀਂ ਹੋਇਆ। ਉਨ੍ਹਾਂ ਮੁਤਾਬਕ ਹਿਜ਼ਬੁੱਲ੍ਹਾ ਵੱਲੋਂ ਲੰਘੇ ਮਹੀਨੇ ਵੀ ਇਸ ਰਿਹਾਇਸ਼ ਵੱਲ ਡਰੋਨ ਛੱਡਿਆ ਗਿਆ ਸੀ ਤਾਂ ਉਦੋਂ ਵੀ ਨੇਤਨਯਾਹੂ ਤੇ ਉਨ੍ਹਾਂ ਦਾ ਪਰਿਵਾਰ ਘਰ ਤੋਂ ਬਾਹਰ ਸੀ। ਪੁਲੀਸ ਨੇ ਗੋਲੇ ਦਾਗੇ ਜਾਣ ਸਬੰਧੀ ਫੜੇ ਗਏ ਸ਼ੱਕੀਆਂ ਬਾਰੇ ਤਫ਼ਸੀਲ ਨਹੀਂ ਦਿੱਤੀ ਪਰ ਨੇਤਨਯਾਹੂ ਦੇ ਸਥਾਨਕ ਰਾਜਨੀਤਕ ਆਲੋਚਕਾਂ ਵੱਲ ਇਸ਼ਾਰਾ ਕੀਤਾ ਹੈ। ਇਜ਼ਰਾਈਲ ਦੇ ਰਾਸ਼ਟਰਪਤੀ ਇਸਾਕ ਹਰਜ਼ੋਗ ਨੇ ਘਟਨਾ ਦੀ ਨਿਖੇਧੀ ਕੀਤੀ ਅਤੇ ਜਨਤਾ ਵਿੱਚ ਹਿੰਸਾ ’ਚ ਵਾਧੇ ਖ਼ਿਲਾਫ਼ ਚਿਤਾਵਨੀ ਦਿੱਤੀ। ਦੱਸਣਯੋਗ ਹੈ ਕਿ ਨੇਤਨਯਾਹੂ ਨੂੰ ਹਮਾਸ ਵੱਲੋਂ ਲੰਘੇ ਸਾਲ 7 ਅਕਤੂਬਰ ਨੂੰ ਅਗਵਾ ਕੀਤੇ ਲੋਕਾਂ ਦੇ ਮਾਮਲੇ ਜਿਸ ਮਗਰੋਂ ਗਾਜ਼ਾ ’ਚ ਜੰਗ ਛਿੜੀ ਹੋਈ ਹੈ, ਨਾਲ ਨਜਿੱਠਣ ਨੂੰ ਲੈ ਕੇ ਵੱਡੇ ਪੱਧਰ ’ਤੇ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ। -ਏਪੀ
ਗਾਜ਼ਾ ਪੱਟੀ ’ਤੇ ਇਜ਼ਰਾਇਲੀ ਹਮਲੇ ’ਚ 12 ਹਲਾਕ
ਇਜ਼ਰਾਈਲ ਵੱਲੋਂ ਗਾਜ਼ਾ ਪੱਟੀ ’ਤੇ ਰਾਤ ਭਰ ਕੀਤੇ ਹਮਲਿਆਂ ’ਚ 12 ਵਿਅਕਤੀ ਮਾਰੇ ਗਏ। ਫਲਸਤੀਨੀ ਸਿਹਤ ਅਧਿਕਾਰੀਆਂ ਨੇ ਅੱਜ ਇਹ ਜਾਣਕਾਰੀ ਦਿੱਤੀ। ਇਸ ਦੌਰਾਨ ਲਿਬਨਾਨ ’ਚ ਫੌਜ ਵੱਲੋਂ ਲੋਕਾਂ ਨੂੰ ਕਈ ਇਮਾਰਤਾਂ ਖਾਲੀ ਕਰਨ ਦੀ ਚਿਤਾਵਨੀ ਦਿੱਤੇ ਜਾਣ ਮਗਰੋਂ ਇਜ਼ਰਾਈਲ ਦੇ ਜੰਗੀ ਜਹਾਜ਼ਾਂ ਨੇ ਬੈਰੂਤ ਦੇ ਦੱਖਣੀ ਇਲਾਕਿਆਂ ’ਚ ਵੀ ਹਮਲੇ ਕੀਤੇ। ਇੱਕ ਹਮਲਾ ਬੈਰੂਤ ਦੇ ਕੇਂਦਰੀ ਹਿੱਸੇ ’ਚ ਅਰਬ ਸਮਾਜਵਾਦੀ ਬਾਠ ਪਾਰਟੀ ਨਾਲ ਸਬੰਧਤ ਇਮਾਰਤ ’ਤੇ ਵੀ ਹੋਇਆ। ਖਬਰ ਏਜੰਸੀ ਦੇ ਪੱਤਰਕਾਰ ਨੂੰ ਉੱਥੇ ਚਾਰ ਲਾਸ਼ਾਂ ਤੇ ਚਾਰ ਜ਼ਖਮੀ ਵਿਅਕਤੀ ਦਿਖਾਈ ਦਿੱਤੇੇ।