ਬੰਗਲਾਦੇਸ਼ ਵਿੱਚ ਹਿੰਦੂਆਂ ’ਤੇ ਹਮਲਾ ਯੋਜਨਾਬੱਧ ਸਾਜ਼ਿਸ਼ ਦਾ ਹਿੱਸਾ: ਭਾਰਤ
ਨਵੀਂ ਦਿੱਲੀ, 12 ਅਕਤੂਬਰ
ਭਾਰਤ ਨੇ ਅੱਜ ਬੰਗਲਾਦੇਸ਼ ਵਿੱਚ ਦੁਰਗਾ ਪੂਜਾ ਪੰਡਾਲ ’ਤੇ ਹਮਲੇ ਅਤੇ ਕਾਲੀ ਮੰਦਰ ਵਿੱਚ ਚੋਰੀ ਦੀਆਂ ਰਿਪੋਰਟਾਂ ਬਾਰੇ ‘ਗੰਭੀਰ ਚਿੰਤਾ’ ਪ੍ਰਗਟ ਕਰਦਿਆਂ ਕਿਹਾ ਕਿ ਇਹ ਘਟਨਾਵਾਂ ਹਿੰਦੂਆਂ ’ਤੇ ਹਮਲੇ ਦੀ ਯੋਜਨਾਬੱਧ ਸਾਜ਼ਿਸ਼ ਦਾ ਹਿੱਸਾ ਹਨ। ਵਿਦੇਸ਼ ਮੰਤਰਾਲੇ ਨੇ ਬੰਗਲਾਦੇਸ਼ ਸਰਕਾਰ ਨੂੰ ਹਿੰਦੂਆਂ, ਹੋਰ ਘੱਟਗਿਣਤੀਆਂ ਤੇ ਉਨ੍ਹਾਂ ਦੇ ਪੂਜਾ ਸਥਾਨਾਂ ਦੀ ਸੁਰੱਖਿਆ ਯਕੀਨੀ ਬਣਾਉਣ ਦੀ ਅਪੀਲ ਕੀਤੀ ਹੈ। ਵਿਦੇਸ਼ ਮਤਰਾਲੇ ਨੇ ਬਿਆਨ ਵਿੱਚ ਇਨ੍ਹਾਂ ਘਟਨਾਵਾਂ ਨੂੰ ‘ਨਿੰਦਣਯੋਗ’ ਕਰਾਰ ਦਿੱਤਾ। ਮੰਤਰਾਲੇ ਨੇ ਕਿਹਾ ਕਿ ਇਹ ਘਟਨਾਵਾਂ ਬੰਗਲਾਦੇਸ਼ ਵਿੱਚ ਮੰਦਰਾਂ ਤੇ ਦੇਵਤਿਆਂ ਨੂੰ ‘ਅਪਵਿੱਤਰ ਕਰਨ ਦੀ ਯੋਜਨਾਬੱਧ ਸਾਜ਼ਿਸ਼’ ਦਾ ਹਿੱਸਾ ਹਨ। ਮੰਤਰਾਲੇ ਨੇ ਕਿਹਾ, ‘ਅਸੀਂ ਢਾਕਾ ਦੇ ਤੰਤੀਬਾਜ਼ਾਰ ਵਿੱਚ ਪੂਜਾ ਪੰਡਾਲ ’ਤੇ ਹਮਲੇ ਅਤੇ ਸਤਖੀਰਾ ਵਿੱਚ ਪ੍ਰਸਿੱਧ ਜੇਸ਼ੋਰੇਸ਼ਵਰੀ ਕਾਲੀ ਮੰਦਰ ਵਿੱਚ ਚੋਰੀ ਦੀ ਘਟਨਾ ’ਤੇ ਗੰਭੀਰ ਚਿੰਤਾ ਪ੍ਰਗਟ ਕੀਤੀ ਹੈ।’ ਬੰਗਾਲਦੇਸ਼ ਦੇ ਰੋਜ਼ਾਨਾ ਅਖ਼ਬਾਰ ‘ਪ੍ਰਥਮ ਆਲੋ’ ਨੇ ਪੁਰਾਣੇ ਢਾਕਾ ਦੇ ਤੰਤੀਬਾਜ਼ਾਰ ਇਲਾਕੇ ਵਿੱਚ ਦੁਰਗਾ ਪੂਜਾ ਪੰਡਾਲ ’ਤੇ ਕਥਿਤ ਦੇਸੀ ਬੰਬ ਸੁੱਟੇ ਜਾਣ ਦੀ ਘਟਨਾ ਦੀ ਖ਼ਬਰ ਦਿੱਤੀ ਹੈ। ਇਸ ਤੋਂ ਪਹਿਲਾਂ ਹਿੰਦੂ ਭਾਈਚਾਰੇ ਨੇ ਚਿੱਟਾਗੌਂਗ ਵਿੱਚ ਦੁਰਗਾ ਪੂਜਾ ਦੌਰਾਨ ਇਸਲਾਮਿਕ ਗੀਤ ਚਲਾਏ ਜਾਣ ਸਬੰਧੀ ਸ਼ਿਕਾਇਤ ਕੀਤੀ ਸੀ। ਵਿਦੇਸ਼ ਮੰਤਰਾਲੇ ਨੇ ਬੰਗਲਾਦੇਸ਼ ਵਿੱਚ ਵਾਪਰੀਆਂ ਦੋਵਾਂ ਘਟਨਾਵਾਂ ’ਤੇ ਸਖ਼ਤ ਇਤਰਾਜ਼ ਜਤਾਇਆ ਹੈ। ਮੰਤਰਾਲੇ ਨੇ ਕਿਹਾ, ‘ਅਸੀਂ ਬੰਗਲਾਦੇਸ਼ ਸਰਕਾਰ ਨੂੰ ਹਿੰਦੂਆਂ ਤੇ ਸਾਰੇ ਘੱਟਗਿਣਤੀਆਂ ਅਤੇ ਉਨ੍ਹਾਂ ਦੇ ਪੂਜਾ ਸਥਾਨਾਂ ਦੀ ਸੁਰੱਖਿਆ ਯਕੀਨੀ ਬਣਾਉਣ ਦੀ ਅਪੀਲ ਕਰਦੇ ਹਾਂ।’’ -ਪੀਟੀਆਈ