ਸਾਬਕਾ ਫ਼ੌਜੀ ਦੇ ਘਰ ’ਤੇ ਹਮਲਾ
ਸ਼ਗਨ ਕਟਾਰੀਆ
ਬਠਿੰਡਾ, 13 ਨਵੰਬਰ
ਸ਼ਹਿਰ ਦੀ ਢਿੱਲੋਂ ਬਸਤੀ ਦੀ ਗਲੀ ਨੰਬਰ 2 ਵਿੱਚ ਇੱਕ ਸਾਬਕਾ ਫ਼ੌਜੀ ਦੇ ਪਰਿਵਾਰ ਉੱਪਰ ਦੀਵਾਲੀ ਵਾਲੀ ਰਾਤ ਇੱਕ ਦਰਜਨ ਤੋਂ ਵੱਧ ਹਮਲਾਵਰਾਂ ਨੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਇਹ ਸਾਰੀ ਘਟਨਾ ਸੀਸੀਟੀਵੀ ਵਿੱਚ ਕੈਦ ਹੋ ਗਈ ਹੈ। ਗੰਭੀਰ ਜ਼ਖ਼ਮੀ ਸਾਬਕਾ ਫ਼ੌਜੀ ਨੂੰ ਸਰਕਾਰੀ ਤੋਂ ਪ੍ਰਾਈਵੇਟ ਹਸਪਤਾਲ ਵਿੱਚ ਰੈਫ਼ਰ ਕਰ ਦਿੱਤਾ ਗਿਆ ਹੈ। ਹਮਲੇ ਦੇ ਕਾਰਨ ਨੂੰ ਲੈ ਕੇ ਪੁਲੀਸ ਤਫਤੀਸ਼ ਕਰ ਰਹੀ ਹੈ। ਹਮਲਾਵਰ ਜਾਂਦੇ-ਜਾਂਦੇ ਸੀਸੀਟੀਵੀ ਕੈਮਰੇ ਵੀ ਤੋੜ ਗਏ। ਇਸ ਖੌਫ਼ਨਾਕ ਮੰਜ਼ਰ ਬਾਰੇ ਸੀਸੀਟੀਵੀ ਤਸਵੀਰਾਂ ਬਿਆਨ ਕਰਦੀਆਂ ਹਨ ਕਿ ਕਿਸ ਤਰੀਕੇ ਨਾਲ ਹਮਲਾਵਰਾਂ ਵੱਲੋਂ ਘਰ ਦੇ ਮੁੱਖ ਦਰਵਾਜ਼ੇ ਦੇ ਉਪਰੋਂ ਲੰਘ ਕੇ ਦਰਵਾਜ਼ਾ ਖੋਲ੍ਹਣ ਮਗਰੋਂ ਘਰ ਦੇ ਬੈੱਡ ਰੂਮਾਂ ਤੱਕ ਇੱਟਾਂ, ਰੋੜੇ ਅਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕੀਤਾ ਗਿਆ। ਘਟਨਾ ਦੀਵਾਲੀ ਵਾਲੀ ਰਾਤ ਕਰੀਬ 10 ਵਜੇ ਵਾਪਰੀ ਜਦੋਂ ਸਾਬਕਾ ਫ਼ੌਜੀ ਆਪਣੇ ਪਰਿਵਾਰ ਨਾਲ ਦੀਵਾਲੀ ਮੌਕੇ ਪਟਾਕੇ ਚਲਾ ਰਿਹਾ ਸੀ। ਇਸ ਦੌਰਾਨ ਸਾਬਕਾ ਫ਼ੌਜੀ ਵੱਲੋਂ ਆਪਣੀ ਲਾਇਸੈਂਸੀ ਰਾਈਫ਼ਲ ਨਾਲ ਹਮਲਾਵਰਾਂ ਨੂੰ ਡਰਾਉਣ ਦੀ ਕੋਸ਼ਿਸ਼ ਵੀ ਕੀਤੀ ਗਈ ਪਰ ਹਮਲਾਵਰਾਂ ਵੱਲੋਂ ਸਾਬਕਾ ਫ਼ੌਜੀ ਦੀ ਪਤਨੀ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਗਿਆ ਅਤੇ ਗੰਨ ਉਨ੍ਹਾਂ ਨੂੰ ਸੌਂਪਣ ਦੀ ਗੱਲ ਆਖੀ। ਇਸ ਮਗਰੋਂ ਹਮਲਾਵਰ ਸਾਬਕਾ ਫ਼ੌਜੀ ਦੀ ਰਾਈਫ਼ਲ ਉੱਥੇ ਸੁੱਟ ਕੇ ਮੌਕੇ ਤੋਂ ਫ਼ਰਾਰ ਹੋ ਗਏ। ਪੁਲੀਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।